Nabaz-e-punjab.com

ਡਾ. ਦਲੀਪ ਕੌਰ ਟਿਵਾਣਾ ਦੇ ਇਲਾਜ ਦਾ ਸਾਰਾ ਖਰਚਾ ਸਰਕਾਰ ਚੁੱਕੇਗੀ: ਬਾਜਵਾ

ਬਾਜਵਾ ਨੇ ਡੀਸੀ ਨਾਲ ਮੈਕਸ ਹਸਪਤਾਲ ਪਹੁੰਚ ਕੇ ਡਾ. ਟਿਵਾਣਾ ਦਾ ਹਾਲ-ਚਾਲ ਜਾਣਿਆ

ਆਖ਼ਰਕਾਰ ਮੀਡੀਆ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਅਤੇ ਬੀਰਦਵਿੰਦਰ ਦੀ ਫੇਰੀ ਤੋਂ ਬਾਅਦ ਜਾਗੀ ਸਰਕਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜਨਵਰੀ:
ਇੱਥੋਂ ਦੇ ਫੇਜ਼-6 ਸਥਿਤ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਜੇਰੇ ਇਲਾਜ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੀ ਉੱਘੀ ਸਾਹਿਤਕਾਰ ਤੇ ਲੇਖਿਕਾ ਡਾ. ਦਲੀਪ ਕੌਰ ਟਿਵਾਣਾ (85) ਦੀ ਖ਼ਬਰ ਲੈਣ ਲਈ ਵੀਰਵਾਰ ਨੂੰ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹਸਪਤਾਲ ਵਿੱਚ ਪਹੁੰਚੇ। ਉਨ੍ਹਾਂ ਨਾਲ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਐਸਡੀਐਮ ਜਗਦੀਪ ਸਹਿਗਲ, ਉਨ੍ਹਾਂ ਦੇ ਪਤੀ ਡਾ. ਭੁਪਿੰਦਰ ਸਿੰਘ, ਪੁੱਤਰ ਡਾ. ਸਿਮਰਨਜੀਤ ਸਿੰਘ ਅਤੇ ਮੰਤਰੀ ਦੇ ਓਐੱਸਡੀ ਗੁਰਦਰਸ਼ਨ ਸਿੰਘ ਬਾਹੀਆ ਵੀ ਸਨ। ਜਦੋਂਕਿ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਡਾ. ਦਲੀਪ ਕੌਰ ਟਿਵਾਣਾ ਪਿਛਲੀ ਕਈ ਦਿਨਾਂ ਤੋਂ ਬਿਮਾਰ ਚਲ ਰਹੇ ਹਨ। ਪਹਿਲਾਂ ਉਹ ਪਟਿਆਲਾ ਵਿੱਚ ਦਾਖ਼ਲ ਸਨ ਅਤੇ ਪਿਛਲੀ ਦਿਨੀਂ ਉਨ੍ਹਾਂ ਨੂੰ ਮੈਕਸ ਹਸਪਤਾਲ ਮੁਹਾਲੀ ਵਿੱਚ ਰੈਫਰ ਕੀਤਾ ਗਿਆ ਪ੍ਰੰਤੂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਸੇ ਨੁਮਾਇੰਦੇ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ। ਬੀਤੇ ਕੱਲ੍ਹ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਹਸਪਤਾਲ ਵਿੱਚ ਪਹੁੰਚ ਕੇ ਡਾ. ਟਿਵਾਣਾ ਦਾ ਹਾਲ ਜਾਣਿਆ ਸੀ। ਇਸ ਮਗਰੋਂ ਉਨ੍ਹਾਂ ਨੇ ਕੈਬਨਿਟ ਮੰਤਰੀ ਸ੍ਰੀ ਬਾਜਵਾ ਅਤੇ ਡੀਸੀ ਗਿਰੀਸ਼ ਦਿਆਲਨ ਨਾਲ ਫੋਨ ’ਤੇ ਗੱਲ ਕਰਕੇ ਡਾ. ਟਿਵਾਣਾ ਦੀ ਪੰਜਾਬ ਮਾਂ ਬੋਲੀ ਅਤੇ ਸਾਹਿਤ ਨੂੰ ਵੱਡੀ ਦੇਣ ਬਾਰੇ ਦੱਸਦਿਆਂ ਉਨ੍ਹਾਂ ਦਾ ਮੁਫ਼ਤ ਇਲਾਜ ਕਰਵਾਉਣ ਦੀ ਗੁਹਾਰ ਲਗਾਈ ਗਈ ਸੀ। ਅੱਜ ਮੀਡੀਆ ਵਿੱਚ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਮੰਤਰੀ ਅਤੇ ਅਧਿਕਾਰੀ ਹਸਪਤਾਲ ਵਿੱਚ ਪਹੁੰਚ ਗਏ।
ਸ੍ਰੀ ਬਾਜਵਾ ਕਾਫੀ ਦੇਰ ਤੱਕ ਹਸਪਤਾਲ ਵਿੱਚ ਰੁਕੇ ਅਤੇ ਉਨ੍ਹਾਂ ਨੇ ਡਾ. ਟਿਵਾਣਾ ਦੀ ਦੇਖਭਾਲ ਕਰ ਰਹੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦਾ ਇਲਾਜ ਕਰ ਰਹੀ ਮੈਡੀਕਲ ਟੀਮ ਵਿੱਚ ਸ਼ਾਮਲ ਡਾਕਟਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ (ਡਾ. ਟਿਵਾਣਾ) ਦੇ ਇਲਾਜ ਅਤੇ ਬਿਮਾਰੀ ਬਾਰੇ ਜਾਣਕਾਰੀ ਹਾਸਲ ਕੀਤੀ। ਸ੍ਰੀ ਬਾਜਵਾ ਨੇ ਡਾਕਟਰਾਂ ਨੂੰ ਵਧੀਆ ਤਰੀਕੇ ਨਾਲ ਇਲਾਜ ਕਰਨ ਲਈ ਪ੍ਰੇਰਦਿਆਂ ਐਲਾਨ ਕੀਤਾ ਕਿ ਡਾ. ਦਲੀਪ ਕੌਰ ਟਿਵਾਣਾ ਦੇ ਇਲਾਜ ’ਤੇ ਜਿਨ੍ਹਾਂ ਵੀ ਖਰਚਾ ਆਏਗਾ, ਉਹ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਚੁੱਕਿਆ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਬਾਜਵਾ ਨੇ ਕਿਹਾ ਕਿ ਡਾ. ਟਿਵਾਣਾ ਦੀ ਹਾਲਤ ਗੰਭੀਰ ਹੋਣ ਬਾਰੇ ਪਤਾ ਚਲਦੇ ਹੀ ਮੁੱਖ ਮੰਤਰੀ ਨੇ ਉਨ੍ਹਾਂ ਦੀ ਡਿਊਟੀ ਲਗਾਈ ਗਈ ਕਿ ਉਹ (ਬਾਜਵਾ) ਹਸਪਤਾਲ ਵਿੱਚ ਜਾ ਕੇ ਉਨ੍ਹਾਂ ਦੀ ਖ਼ਬਰ-ਸਾਰ ਲੈਣ ਅਤੇ ਡਾਕਟਰਾਂ ਨੂੰ ਇਲਾਜ ’ਤੇ ਤਵੱਜੋ ਦੇਣ ਲਈ ਕਹਿਣ।
ਸ੍ਰੀ ਬਾਜਵਾ ਨੇ ਕਿਹਾ ਕਿ ਭਾਵੇਂ ਹਸਪਤਾਲ ਵਿੱਚ ਡਾ. ਟਿਵਾਣਾ ਦਾ ਵਧੀਆ ਤਰੀਕੇ ਨਾਲ ਇਲਾਜ ਹੋ ਰਿਹਾ ਹੈ ਪ੍ਰੰਤੂ ਫਿਰ ਵੀ ਡਾਕਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਲੇਖਿਕਾ ਦੇ ਇਲਾਜ ਪ੍ਰਤੀ ਕੋਈ ਲਾਪਰਵਾਹੀ ਨਾ ਵਰਤੀ ਜਾਵੇ। ਉੱਘੀ ਸਾਹਿਤਕਾਰ ਡਾ. ਦਲੀਪ ਕੌਰ ਟਿਵਾਣਾ ਨੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਪੰਜਾਬ ਦਾ ਨਾਂ ਰੌਸਨ ਕੀਤਾ ਹੈ ਅਤੇ ਉਨ੍ਹਾਂ ਦੀਆਂ ਲਿਖਤਾਂ ਹਮੇਸ਼ਾ ਸਮਾਜਿਕ ਸਾਰੋਕਾਰਾਂ ਨੂੰ ਉਜਾਗਰ ਕਰਦੀਆਂ ਰਹੀਆਂ ਹਨ।

Load More Related Articles
Load More By Nabaz-e-Punjab
Load More In General News

Check Also

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ ਵੇਰਕਾ ਮਿਲਕ ਪਲਾਂਟ ਮੁਹਾਲ…