Share on Facebook Share on Twitter Share on Google+ Share on Pinterest Share on Linkedin ਕਰੋਨਾਵਾਇਰਸ ਦੀ ਰੋਕਥਾਮ ਲਈ ਤੰਬਾਕੂ ਉਤਪਾਦਾਂ ਦੀ ਵਰਤੋਂ ’ਤੇ ਫੌਰੀ ਰੋਕ ਲਾਵੇ ਸਰਕਾਰ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਨੇ ਕੇਂਦਰੀ ਸਿਹਤ ਮੰਤਰਾਲਾ ਭਾਰਤ ਸਰਕਾਰ ਨੂੰ ਲਿਖਿਆ ਪੱਤਰ ਇਕ ਤੋਂ ਵੱਧ ਵਿਅਕਤੀਆਂ ਦੇ ਸਮੂਹ ਵੱਲੋਂ ਹੁੱਕੇ ਦੀ ਵਰਤੋਂ ਵੀ ਹੋ ਸਕਦੀ ਹੈ ਜਾਨਲੇਵਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਪਰੈਲ: ਤੰਬਾਕੂ ਵਿਰੱੁਧ ਸੰਘਰਸ਼ਸ਼ੀਲ ਸੰਸਥਾ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਡਾਇਰੈਕਟਰ ਓਪਿੰਦਰਪ੍ਰੀਤ ਕੌਰ ਗਿੱਲ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਤੰਬਾਕੂ ਉਤਪਾਦਾਂ ਦੀ ਵਿਕਰੀ ਦੀ ਫੌਰੀ ਰੋਕ ਲਗਾਉਣ ਦੀ ਗੁਹਾਰ ਲਗਾਈ ਹੈ। ਉਨ੍ਹਾਂ ਪੱਤਰ ਵਿੱਚ ਲਿਖਿਆ ਹੈ ਕਿ ਕਰੋਨਾਵਾਇਰਸ ਦੀ ਰੋਕਥਾਮ ਲਈ ਦੇਸ਼ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤੰਬਾਕੂ ਉਤਪਾਦਨ, ਵੰਡ, ਵਿਕਰੀ ਅਤੇ ਵਰਤੋਂ ਦੇ ਨਾਲ-ਨਾਲ ਪਾਨ ਮਸਾਲਾ, ਚਬਾਉਣ ਵਾਲਾ ਤੰਬਾਕੂ, ਹੁੱਕਾ ਅਤੇ ਈ-ਸਿਗਰੇਟ ਦੀ ਵਰਤੋਂ ’ਤੇ ਰੋਕ ਲਗਾਉਣ ਲਈ ਠੋਸ ਕਦਮ ਚੁੱਕੇ ਜਾਣ ਤਾਂ ਜੋ ਕਰੋਨਾਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਸੰਸਥਾ ਦੀ ਮੁਖੀ ਨੇ ਕਿਹਾ ਕਿ ਤਾਜ਼ਾ ਅਧਿਐਨ ਤੋਂ ਇਹ ਸਾਬਤ ਹੋਇਆ ਹੈ ਕਿ ਤੰਬਾਕੂ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਵਿੱਚ ਕਰੋਨਾਵਾਇਰਸ ਨਾਲ ਸੰਕਰਮਿਤ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ ਕਿਉਂਕਿ ਉਨ੍ਹਾਂ ਨੂੰ ਆਮ ਤੌਰ ’ਤੇ ਸਾਹ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਅਤੇ ਉਨ੍ਹਾਂ ਵਿੱਚ ਘੱਟ ਇਮਿਊਨਟੀ ਹੁੰਦੀ ਹੈ। ਹੁੱਕਾ ਦਾ ਸੇਵਨ ਤੋਂ ਵੀ ਵਾਇਰਸ ਫੈਲਣ ਅਤੇ ਲਾਗ ਲੱਗਣ ਦਾ ਵੱਡਾ ਜ਼ੋਖ਼ਮ ਹੈ ਕਿਉਂਕਿ ਹੁੱਕਾ ਬਾਰ ਵਿੱਚ ਆਮ ਤੌਰ ਤੇ ਹੁੱਕਾ ਸਮੂਹ ਵਿੱਚ ਵਰਤਿਆ ਜਾਂਦਾ ਹੈ ਅਤੇ ਹੁੱਕੇ ਦਾ ਸੇਵਨ ਕਰਨ ਲਈ ਹਰੇਕ ਵਿਅਕਤੀ ਨੂੰ ਪਾਈਪ ਨੂੰ ਮੂੰਹ ਲਗਾਉਣਾ ਪੈਂਦਾ ਹੈ। ਇਸ ਲਈ ਹੁੱਕਾ ਅਤੇ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਨੂੰ ਸੂਖਮ ਜੀਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਜਾਨਲੇਵਾ ਸਾਬਿਤ ਹੋ ਸਕਦਾ ਹੈ। ਇਸ ਤੋਂ ਇਲਾਵਾ ਨੌਜਵਾਨ ਆਮ ਤੌਰ ’ਤੇ ਇੱਕੋ ਹੀ ਸਿਗਰੇਟ ਦੀ ਵਰਤੋਂ ਕਰਦੇ ਹਨ ਅਤੇ ਉਹ ਆਪਣੇ ਆਪ ਨੂੰ ਕਰੋਨਾ ਦੇ ਜ਼ੋਖ਼ਮ ਵਿੱਚ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਥੁੱਕਣਾ ਕਰੋਨਾਵਾਇਰਸ ਦੀਆਂ ਤਬਦੀਲੀਆਂ ਨੂੰ ਵਧਾਉਂਦਾ ਹੈ। ਅਕਸਰ ਵੇਖਿਆ ਜਾਂਦਾ ਹੈ ਕਿ ਤੰਬਾਕੂ ਅਤੇ ਪਾਨ ਮਸਾਲਾ ਪਦਾਰਥਾਂ ਦਾ ਸੇਵਨ ਕਰਨ ਵਾਲੇ ਜਨਤਕ ਥਾਵਾਂ ’ਤੇ ਥੁੱਕਦੇ ਹਨ ਤੇ ਇਸ ਨਾਲ ਵਾਇਰਸ ਫੈਲਣ ਦੀ ਸੰਭਾਵਨਾ ਜ਼ਿਆਦਾ ਹੈ। ਓਪਿੰਦਰਪ੍ਰੀਤ ਕੌਰ ਨੇ ਭਾਰਤ ਵੱਲੋਂ ਕਰੋਨਾਵਾਇਰਸ ਵਿਰੁੱਧ ਲੜਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਵਿੱਚ ਤੰਬਾਕੂ ਉਤਪਾਦਾਂ ਦੀ ਵਰਤੋਂ ਸਮੱਸਿਆ ਨੂੰ ਹੋਰ ਵਧਾ ਦੇਵੇਗੀ। ਇਸ ਲਈ ਇਹ ਜ਼ਰੂਰੀ ਹੈ ਕਿ ਤੰਬਾਕੂ ਉਤਪਾਦਾਂ ਖ਼ਿਲਾਫ਼ ਸਪਲਾਈ ਅਤੇ ਵੰਡ ਲੜੀ ਦੇ ਸਾਰੇ ਪੱਧਰਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਹਾਲਾਂਕਿ ਈ-ਸਿਗਰੇਟ ਤੇ ਪਾਬੰਦੀ ਹੈ ਪਰ ਫਿਰ ਵੀ ਬਹੁਤ ਸਾਰੇ ਲੋਕ ਇਸ ਦਾ ਲੈਣ ਦੇਣ ਤੇ ਵਰਤੋਂ ਕਰ ਰਹੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਰਾਜਾਂ ਨੇ ਹੁੱਕਾ ਦੀ ਵਰਤੋਂ ਅਤੇ ਵਿਕਰੀ ਤੇ ਪਾਬੰਦੀ ਲਗਾਈ ਹੈ ਪਰ ਫਿਰ ਵੀ ਬਹੁਗਿਣਤੀ ਰਾਜਾਂ ਵਿੱਚ ਹੁੱਕਾ ਦੀ ਵਰਤੋਂ ਪ੍ਰਚੱਲਿਤ ਹੈ। ਉਨ੍ਹਾਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪੁਰਜ਼ੋਰ ਬੇਨਤੀ ਹੈ ਕਿ ਤੰਬਾਕੂ, ਪਾਨ ਮਸਾਲਾ, ਚਬਾਉਣ ਵਾਲਾ ਤੰਬਾਕੂ, ਹੁੱਕਾ ਅਤੇ ਈ-ਸਿਗਰੇਟ ਦੀ ਵਰਤੋਂ ’ਤੇ ਰੋਕ ਲਗਾਉਣੀ ਚਾਹੀਦੀ ਹੈ ਅਤੇ ਕੋਵਿਡ-19 ਦੇ ਬਿਹਤਰ ਪ੍ਰਬੰਧਨ ਲਈ ਉਪਰਾਲੇ ਕਰਨੇ ਚਾਹੀਦੇ ਹਨ। ਐਸੋਸੀਏਸ਼ਨ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਸੀਨੀਅਰ ਨੀਤੀ ਨਿਰਮਾਤਾਵਾਂ ਨੂੰ ਵੀ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਆਪੋ ਆਪਣੇ ਰਾਜਾਂ ਵਿੱਚ ਕਰੋਨਾਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਤੰਬਾਕੂ ਪਦਾਰਥਾਂ ਵਿਰੁੱਧ ਸਖ਼ਤ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ