ਪੰਜਾਬ ਸਰਕਾਰ ਵੱਲੋਂ ਸ਼ਹਿਰ ਵਾਸੀਆਂ ਨੂੰ ਦਿੱਤਾ ਤੋਹਫ਼ਾ: ਸਰਕਾਰੀ ਸਕੂਲ ਫੇਜ਼-11 ਲਈ ਦੋ ਏਕੜ ਜ਼ਮੀਨ ਕੀਤੀ ਮੁਫ਼ਤ ਅਲਾਟ

ਅਕਾਲੀ ਭਾਜਪਾ ਸਰਕਾਰ ਨੇ ਨਹੀਂ ਸੁਣੀ ਪੁਕਾਰ, ਕਾਂਗਰਸ ਸਰਕਾਰ ਨੇ ਸੁਣੀ ਅਕਾਲੀ ਕੌਂਸਲਰ ਅਮਰੀਕ ਸਿੰਘ ਦੀ ਫਰਿਆਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ:
ਪੰਜਾਬ ਸਰਕਾਰ ਵੱਲੋਂ ਇੱਥੋਂ ਦੇ ਫੇਜ਼-11 (ਸੈਕਟਰ-65) ਵਿੱਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਈ 2 ਏਕੜ ਜ਼ਮੀਨ ਮੁਫ਼ਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਇਲਾਕੇ ਦੇ ਅਕਾਲੀ ਕੌਂਸਲਰ ਅਮਰੀਕ ਸਿੰਘ ਤਹਿਸੀਲਦਾਰ ਪਿਛਲੇ ਕਾਫੀ ਸਮੇਂ ਤੋਂ ਭੱਜ ਨੱਠ ਕਰ ਰਹੇ ਸੀ ਲੇਕਿਨ ਅਕਾਲੀਭਾਜਪਾ ਸਰਕਾਰ ਵੇਲੇ ਕਿਸੇ ਅਧਿਕਾਰੀ ਨੇ ਉਨ੍ਹਾਂ ਦੀ ਪੁਕਾਰ ਨਹੀਂ ਸੁਣੀ ਲੇਕਿਨ ਹੁਣ ਕਾਂਗਰਸ ਸਰਕਾਰ ਨੇ ਅਕਾਲੀ ਕੌਂਸਲਰ ਦੀ ਪੁਕਾਰ ਸੁਣ ਲਈ ਹੈ। ਮੌਜੂਦਾ ਸਮੇਂ ਵਿੱਚ ਸਕੂਲ ਤੰਗ ਥਾਂ ਵਿੱਚ ਚਲ ਰਿਹਾ ਸੀ। ਵਿਦਿਆਰਥੀਆਂ ਲਈ ਕੋਈ ਖੇਡ ਮੈਦਾਨ ਵੀ ਨਹੀਂ ਸੀ ਅਤੇ ਵਿਦਿਆਰਥੀਆਂ ਦੀ ਗਿਣਤੀ ਮੁਤਾਬਕ ਕਮਰਿਆਂ ਦੀ ਵੀ ਵੱਡੀ ਘਾਟ ਸੀ।
ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਪੱਤਰ ਲਿਖ ਕੇ ਸਕੂਲ ਨੂੰ ਦੋ ਏਕੜ ਮੁਫ਼ਤ ਜ਼ਮੀਨ ਦੇਣ ਦੀ ਲਿਖਤੀ ਸੂਚਨਾ ਭੇਜੀ ਹੈ। ਜਿਸ ਵਿੱਚ ਸਰਕਾਰ ਨੇ ਸਿੱਖਿਆ ਸਕੱਤਰ ਨੂੰ ਗਮਾਡਾ ਦੇ ਮੁੱਖ ਪ੍ਰਸ਼ਾਸਕ ਨਾਲ ਤਾਲਮੇਲ ਕਰਕੇ ਅਗਲੀ ਕਾਰਵਾਈ ਕਰਨ ਲਈ ਆਖਿਆ ਹੈ।
ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਫੇਜ਼-11 ਦੇ ਕੌਂਸਲਰ ਅਮਰੀਕ ਸਿੰਘ ਤਹਿਸੀਲਦਾਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਫੇਜ਼-11 ਦੇ ਲੋਕਾਂ ਦੀ ਪਿਛਲੇ ਲੰਮੇ ਸਮੇਂ ਤੋਂ ਚਲੀ ਆ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਮੁਹਾਲੀ ਨਿਗਮ ਦੇ ਮੇਅਰ ਕੁਲਵੰਤ ਸਿੰਘ ਦਾ ਵੀ ਵਿਸ਼ੇਸ਼ ਦੌਰ ’ਤੇ ਧੰਨਵਾਦ ਕੀਤਾ ਹੈ। ਜਿਨ੍ਹਾਂ ਵੱਲੋਂ ਨਿੱਜੀ ਦਿਲਚਸਪੀ ਲੈ ਕੇ ਇਸ ਸਬੰਧੀ ਮੁੱਖ ਮੰਤਰੀ ਸਮੇਤ ਹੋਰਨਾਂ ਅਧਿਕਾਰੀਆਂ ਤੱਕ ਪਹੁੰਚ ਕਰਕੇ ਸਰਕਾਰੀ ਸਕੂਲ ਲਈ ਮੁਫ਼ਤ ਜ਼ਮੀਨ ਅਲਾਟ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ।
ਅਕਾਲੀ ਕੌਂਸਲਰ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸੀਨੀਅਰ ਸੈਕੰਡਰੀ ਸਕੂਲ ਫੇਜ਼-11 ਲਈ ਲੋੜੀਂਦੀ ਜ਼ਮੀਨ ਅਲਾਟ ਕਰਵਾਉਣ ਲਈ ਸੰਘਰਸ਼ ਕਰ ਰਹੇ ਸਨ। ਗਮਾਡਾ ਦੇ ਅਧਿਕਾਰੀ ਸਕੂਲ ਨੂੰ ਜ਼ਮੀਨ ਦੇਣ ਬਦਲੇ 2 ਕਰੋੜ ਮੰਗ ਰਹੇ ਸਨ। ਜਿਸ ਕਾਰਨ ਇਹ ਮਾਮਲਾ ਕਾਫੀ ਸਮੇਂ ਤੋਂ ਠੰਢੇ ਬਸਤੇ ਵਿੱਚ ਪਿਆ ਸੀ। ਉਨ੍ਹਾਂ ਕਿਹਾ ਕਿ ਸਕੂਲ ਨੂੰ ਲੋੜੀਂਦੀ ਜ਼ਮੀਨ ਮਿਲਣ ਨਾਲ ਫੇਜ਼-11 ਅਤੇ ਨੇੜਲੇ ਪਿੰਡਾਂ ਦੇ ਬੱਚਿਆਂ ਨੂੰ ਕਾਫੀ ਲਾਭ ਮਿਲੇਗਾ ਕਿਉਂਕਿ ਨੇੜਲੇ ਪਿੰਡਾਂ ਦੇ ਬੱਚੇ ਵੀ ਆਪਣੇ ਘਰਾਂ ਨੇੜੇ ਮਿਆਰੀ ਸਿੱਖਿਆ ਹਾਸਲ ਕਰ ਸਕਣਗੇ। ਉਨ੍ਰਾਂ ਮੰਗ ਕੀਤੀ ਕਿ ਗਮਾਡਾ ਦੇ ਅਧਿਕਾਰੀ ਸਕੂਲ ਲਈ ਤੁਰੰਤ ਜ਼ਮੀਨ ਦੇਣ ਸਬੰਧੀ ਅਲਾਟਮੈਂਟ ਪੱਤਰ ਜਾਰੀ ਕਰਨ ਤਾਂ ਜੋ ਸਕੂਲ ਦੀ ਅਤਿ ਅਧੁਨਿਕ ਇਮਾਰਤ ਦੀ ਉਸਾਰੀ ਕੀਤੀ ਜਾ ਸਕੇ। ਇਸ ਮੌਕੇ ਸੱਜਣ ਸਿੰਘ, ਵੀ ਕੇ ਮਹਾਜਨ, ਸਤਨਾਮ ਸਿੰਘ ਮਾਨ, ਸਤਨਾਮ ਸਿੰਘ, ਜਾਗੀਰ ਸਿੰਘ ਭੁੱਲਰ, ਗੁਰਬੀਰ ਸਿੰਘ, ਐਡਵੋਕੇਟ ਜਾਗਦੀਸ਼ ਸਿੰਘ, ਹਰਵਿੰਦਰ ਸਿੰਘ ਸਿੱਧੂ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…