ਸਰਕਾਰ ਦੀ ਅਣਦੇਖੀ: ਮੁਹਾਲੀ ਸ਼ਹਿਰ ਵਿੱਚ ਲੋਕਲ ਬੱਸ ਅੱਡਾ ਨਾ ਹੋਣ ਕਾਰਨ ਸਵਾਰੀਆਂ ਪ੍ਰੇਸ਼ਾਨ

ਟਰਾਂਸਪੋਰਟ ਮੰਤਰੀ ਨੂੰ ਚਿੱਠੀ ਲਿਖ ਕੇ ਸ਼ਹਿਰ ਵਿੱਚ ਪੁਰਾਣਾ ਬੱਸ ਅੱਡਾ ਮੁੜ ਚਾਲੂ ਕਰਾਉਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਕਤੂਬਰ:
ਆਈਟੀ ਸਿਟੀ ਮੁਹਾਲੀ ਵਿੱਚ ਲੋਕਲ ਬੱਸ ਅੱਡਾ ਨਾ ਹੋਣ ਕਾਰਨ ਸ਼ਹਿਰ ਵਾਸੀਆਂ ਅਤੇ ਦਫ਼ਤਰੀ ਮੁਲਾਜ਼ਮਾਂ ਅਤੇ ਹੋਰ ਮੁਸਾਫ਼ਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੀ ਕੈਪਟਨ ਸਰਕਾਰ ਨੇ ਇੱਥੋਂ ਦੇ ਫੇਜ਼-8 ਸਥਿਤ ਪੁਰਾਣਾ ਬੱਸ ਅੱਡਾ ਬੰਦ ਕਰਕੇ ਮਿਲਕ ਪਲਾਂਟ ਨੇੜੇ ਨਵਾਂ ਏਸੀ ਬੱਸ ਅੱਡਾ ਚਾਲੂ ਕਰਨ ਦੇ ਹੁਕਮ ਚਾੜੇ ਗਏ ਸੀ। ਇਸ ਫੈਸਲੇ ਨਾਲ ਪੁਰਾਣਾ ਬੱਸ ਅੱਡਾ ਬੰਦ ਹੋ ਗਿਆ ਪਰ ਨਵਾਂ ਪੂਰੀ ਤਰ੍ਹਾਂ ਚੱਲ ਨਹੀਂ ਸਕਿਆ।
ਇਸ ਸਬੰਧੀ ਸਾਬਕਾ ਕੌਂਸਲਰ ਅਤੇ ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਦੇ ਪ੍ਰਧਾਨ ਸਤਵੀਰ ਸਿੰਘ ਧਨੋਆ ਨੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੱਤਰ ਲਿਖ ਕੇ ਮੁਹਾਲੀ ਵਿੱਚ ਬੰਦ ਕੀਤੇ ਪੁਰਾਣੇ ਬੱਸ ਅੱਡੇ ਨੂੰ ਚਾਲੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਭਾਵੇਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਜੂਹ ਵਿੱਚ ਵਸਦਾ ਹੈ ਅਤੇ ਇੱਥੇ ਕਈ ਕੈਬਨਿਟ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਦੀ ਰਿਹਾਇਸ਼ ਹੈ ਪਰ ਇਸ ਦੇ ਬਾਵਜੂਦ ਸ਼ਹਿਰ ਵਿੱਚ ਲੋਕਲ ਬੱਸ ਅੱਡੇ ਦੀ ਅਣਹੋਂਦ ਕਾਰਨ ਗੰਭੀਰ ਸਮੱਸਿਆ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਬੱਸ ਅੱਡਾ ਨਾ ਹੋਣ ਕਾਰਨ ਸਵਾਰੀਆਂ ਨੂੰ ਸੜਕਾਂ ਤੋਂ ਹੀ ਚੜ੍ਹਾਇਆ ਅਤੇ ਲਾਹਿਆ ਜਾਂਦਾ ਹੈ।
ਸ੍ਰੀ ਧਨੋਆ ਨੇ ਆਪਣੇ ਪੱਤਰ ਰਾਹੀਂ ਟਰਾਂਸਪੋਰਟ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਫੇਜ਼-8 ਵਿੱਚ ਕਾਫ਼ੀ ਸਮੇਂ ਤੋਂ ਬੱਸ ਅੱਡਾ ਚੱਲ ਰਿਹਾ ਸੀ ਅਤੇ ਆਮ ਲੋਕਾਂ ਲਈ ਆਉਣਾ-ਜਾਣਾ ਕਾਫ਼ੀ ਸੌਖਾ ਸੀ ਪਰ ਲੋਕਾਂ ਦੇ ਜ਼ਬਰਦਸਤ ਵਿਰੋਧ ਦੇ ਬਾਵਜੂਦ ਗਮਾਡਾ ਵੱਲੋਂ ਇਸ ਬੱਸ ਅੱਡੇ ਨੂੰ ਬੰਦ ਕਰਕੇ ਕਾਊਂਟਰ ਅਤੇ ਥੜਿਆਂ ਨੂੰ ਬਿਨਾਂ ਕਿਸੇ ਕਾਰਨ ਢਾਹ ਦਿੱਤਾ ਗਿਆ ਅਤੇ ਬੱਸ ਅਪਰੇਟਰ ਨੂੰ ਨਵੇਂ ਬੱਸ ਅੱਡੇ ’ਤੇ ਆਪਣੀਆਂ ਬੱਸਾਂ ਲਿਜਾਉਣ ਲਈ ਕਿਹਾ ਗਿਆ। ਪ੍ਰੰਤੂ ਨਵਾਂ ਬੱਸ ਅੱਡਾ ਸਹੀ ਤਰੀਕੇ ਨਾਲ ਨਹੀਂ ਚੱਲ ਸਕਿਆ। ਹਾਲਤ ਇਹ ਹਨ ਕਿ ਹੁਣ ਸੜਕ ਕਿਨਾਰੇ ਰੁੱਖਾਂ ਦੀ ਛਾਂ ਹੇਠ ਅਰਜ਼ੀ ਬੱਸ ਅੱਡਾ ਚਲ ਰਿਹਾ ਹੈ। ਸਵਾਰੀਆਂ ਦੇ ਬੈਠਣ ਲਈ ਕੋਈ ਥਾਂ ਨਾ ਹੋਣ ਚਾਲਕ ਰੁੱਖਾਂ ਦੀ ਥਾਂ ਹੇਠਾਂ ਅਤੇ ਸੜਕ ਉੱਤੇ ਬੱਸਾਂ ਵਿੱਚ ਸਵਾਰੀਆਂ ਨੂੰ ਚੜ੍ਹਾਉਂਦੇ ਅਤੇ ਉਤਾਰਦੇ ਹਨ। ਸਾਬਕਾ ਕੌਂਸਲਰ ਨੇ ਕਿਹਾ ਕਿ ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਲੋਕਲ ਬੱਸ ਅੱਡੇ ਹਨ ਅਤੇ ਕਈ ਸ਼ਹਿਰਾਂ ਵਿੱਚ ਤਾਂ ਦੋ-ਦੋ ਬੱਸ ਅੰਡੇ ਵੀ ਹਨ ਪ੍ਰੰਤੂ ਵੀਆਈਪੀ ਸ਼ਹਿਰ ਮੁਹਾਲੀ ਵਿੱਚ ਲੋਕਲ ਬੱਸ ਅੱਡਾ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

ਇੱਥੇ ਪੰਜਾਬ ਸਕੂਲ ਸਿੱਖਿਆ ਬੋਰਡ, ਪੁੱਡਾ\ਗਮਾਡਾ, ਪੇਂਡੂ ਵਿਕਾਸ ਤੇ ਪੰਚਾਇਤ, ਜੰਗਲਾਤ ਵਿਭਾਗ, ਐਸਐਸਐਸ ਬੋਰਡ, ਪੰਜਾਬ ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ ਹਨ। ਜਿਨ੍ਹਾਂ ਵਿੱਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਕਰਮਚਾਰੀ ਡਿਊਟੀ ’ਤੇ ਆਉਂਦੇ ਹਨ। ਇਸ ਤੋਂ ਇਲਾਵਾ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ, ਪੀਸੀਏ ਸਟੇਡੀਅਮ, ਫੋਰਟਿਸ ਹਸਪਤਾਲ, ਕਾਸਮੋ ਹਸਪਤਾਲ ਅਤੇ ਹੋਰ ਅਦਾਰੇ ਹਨ। ਉਨ੍ਹਾਂ ਮੰਗ ਕੀਤੀ ਕਿ ਬੰਦ ਕੀਤੇ ਪੁਰਾਣੇ ਬੱਸ ਅੱਡੇ ਲੋਕਲ ਅੱਡੇ ਵਜੋਂ ਚਾਲੂ ਕੀਤਾ ਜਾਵੇ ਅਤੇ ਸਿਟੀ ਬੱਸ ਸਰਵਿਸ ਸ਼ੁਰੂ ਕੀਤੀ ਜਾਵੇ। ਹਾਲਾਂਕਿ ਚੋਣਾਂ ਵੇਲੇ ਬਲਬੀਰ ਸਿੱਧੂ ਨੇ ਵੀ ਸ਼ਹਿਰ ਵਾਸੀਆਂ ਨੂੰ ਪੁਰਾਣੀ ਬੱਸ ਅੱਡਾ ਚਾਲੂ ਕਰਨ ਦਾ ਭਰੋਸਾ ਦਿੱਤਾ ਸੀ ਪਰ ਬਾਅਦ ਵਿੱਚ ਇਹ ਗੱਲ ਠੰਢੇ ਬਸਤੇ ਵਿੱਚ ਪੈ ਗਈ।

Load More Related Articles
Load More By Nabaz-e-Punjab
Load More In Awareness/Campaigns

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…