‘ਆਪ’ ਸਰਕਾਰ ਨੇ ਸਰਕਾਰੀ ਮੈਡੀਕਲ ਕਾਲਜ ਨੂੰ ਮੁਹਾਲੀ ’ਚੋਂ ਸ਼ਿਫ਼ਟ ਕਰਨ ਦੀ ਤਿਆਰੀ ਖਿੱਚੀ, ਜ਼ਮੀਨ ਦੀ ਭਾਲ ਸ਼ੁਰੂ

ਮੁਹਾਲੀ ਦੇ ਲੋਕ ਕਿਸੇ ਵੀ ਸੂਰਤ ਵਿੱਚ ਮੈਡੀਕਲ ਕਾਲਜ ਨੂੰ ਇੱਥੋਂ ਸ਼ਿਫ਼ਟ ਨਹੀਂ ਹੋਣ ਦੇਣਗੇ: ਸਿੱਧੂ

ਲੋਕ ਹਿੱਤ ਵੱਡੇ ਪੱਧਰ ’ਤੇ ਜਨ ਅੰਦੋਲਨ ਸ਼ੁਰੂ ਕਰਨ ਤੇ ਅਦਾਲਤ ਦਾ ਬੂਹਾ ਖੜਕਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਪਰੈਲ:
ਪੰਜਾਬ ਦੀ ‘ਆਪ’ ਸਰਕਾਰ ਨੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸੁਪਨਮਈ ਪ੍ਰਾਜੈਕਟ ਸਰਕਾਰੀ ਕਾਲਜ ਮੁਹਾਲੀ ਨੂੰ ਇੱਥੋਂ ਕਿਸੇ ਦੂਜੀ ਥਾਂ ’ਤੇ ਸ਼ਿਫ਼ਟ ਕਰਨ ਦੀ ਤਿਆਰੀ ਕਰ ਲਈ ਹੈ। ਹਾਲਾਂਕਿ ਪਿਛਲੀ ਕਾਂਗਰਸ ਸਰਕਾਰ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਇਮਾਰਤ ਸਮੇਤ ਕੁੱਝ ਹਿੱਸਾ ਸਰਕਾਰੀ ਹਸਪਤਾਲ ਫੇਜ਼-6 ਦਾ ਲੈਣ ਸਮੇਤ ਜੁਝਾਰ ਨਗਰ ਅਤੇ ਬਹਿਲੋਲਪੁਰ ਦੀ 10 ਏਕੜ ਜ਼ਮੀਨ ਹਾਸਲ ਕਰ ਲਈ ਸੀ ਅਤੇ ਸਾਬਕਾ ਸਿਹਤ ਮੰਤਰੀ ਓਪੀ ਸੋਨੀ ਨੇ ਜੁਝਾਰ ਨਗਰ ਨੇੜੇ ਡਾ. ਬੀਆਰ ਅੰਬੇਦਕਰ ਸਟੇਟ ਮੈਡੀਕਲ ਸਾਇੰਸਜ਼ (ਸਰਕਾਰੀ ਮੈਡੀਕਲ ਕਾਲਜ) ਦੀ ਚਾਰਦੀਵਾਰੀ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਸੀ ਪਰ ਹੁਣ ‘ਆਪ’ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਇੱਥੋਂ ਕਿਸੇ ਹੋਰ ਸ਼ਹਿਰ ਵਿੱਚ ਸ਼ਿਫ਼ਟ ਕਰਨ ਦੀਆਂ ਵਿਊਂਤਾਂ ਘੜੀਆਂ ਜਾ ਰਹੀਆਂ ਹਨ।
ਬੀਤੇ ਕੱਲ੍ਹ ਮੁਹਾਲੀ ਵਿੱਚ ਸੂਬਾ ਪੱਧਰੀ ਸਿਹਤ ਮੇਲੇ ਵਿੱਚ ਪਹੁੰਚੇ ਭਗਵੰਤ ਮਾਨ ਵਜ਼ਾਰਤ ਵਿੱਚ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੇ ਮੈਡੀਕਲ ਕਾਲਜ ਨੂੰ ਇੱਥੋਂ ਕਿਤੇ ਹੋਰ ਥਾਂ ਸ਼ਿਫ਼ਟ ਕਰਨ ਦੇ ਸੰਕੇਤ ਦਿੱਤੇ ਸੀ। ਪੱਤਰਕਾਰਾਂ ਵੱਲੋਂ ਸਰਕਾਰੀ ਮੈਡੀਕਲ ਕਾਲਜ ਨੂੰ ਮੁਹਾਲੀ ’ਚੋਂ ਕਿਸੇ ਹੋਰ ਥਾਂ ਸ਼ਿਫ਼ਟ ਕਰਨ ਦੀਆਂ ਚਰਚਾਵਾਂ ਬਾਰੇ ਪੁੱਛੇ ਜਾਣ ’ਤੇ ਮੰਤਰੀ ਦਾ ਕਹਿਣਾ ਸੀ ਕਿ ਮੈਡੀਕਲ ਕਾਲਜ ਲਈ ਇੱਥੇ ਥਾਂ ਬਹੁਤ ਘੱਟ ਹੈ। ਜੇਕਰ ਕਿਸੇ ਹੋਰ ਪਾਸੇ ਢੁਕਵੀਂ ਥਾਂ ਮਿਲ ਜਾਂਦੀ ਹੈ ਤਾਂ ਇਸ ਪ੍ਰਾਜੈਕਟ ਨੂੰ ਇੱਥੋਂ ਸ਼ਿਫ਼ਟ ਕਰਨ ਬਾਰੇ ਸੋਚਿਆ ਜਾਵੇਗਾ।
ਉਧਰ, ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੈਡੀਕਲ ਕਾਲਜ ਨੂੰ ਮੁਹਾਲੀ ’ਚੋਂ ਤਬਦੀਲ ਕਰਨ ਦੇ ਪ੍ਰਸਤਾਵ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਣਥੱਕ ਮਿਹਨਤ ਕਰਕੇ ਮੁਹਾਲੀ ਵਿੱਚ ਸਰਕਾਰੀ ਮੈਡੀਕਲ ਕਾਲਜ ਲਿਆਂਦਾ ਗਿਆ ਸੀ। ਇੱਥੇ ਡਾਕਟਰੀ ਪੜ੍ਹਾਈ ਲਈ ਕਲਾਸਾਂ ਵੀ ਇਸ ਸੈਸ਼ਨ ਤੋਂ ਚਾਲੂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਨੂੰ ਇੱਥੋਂ ਤਬਦੀਲ ਕਰਨਾ ਇਲਾਕੇ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਹੈ ਅਤੇ ਉਹ ਅਜਿਹੀ ਕਿਸੇ ਵੀ ਕੋਸ਼ਿਸ਼ ਦਾ ਸਖ਼ਤ ਵਿਰੋਧ ਕਰਨਗੇ ਅਤੇ ਜੇਕਰ ਲੋੜ ਪਈ ਤਾਂ ਵੱਡੇ ਪੱਧਰ ’ਤੇ ਲੜੀਵਾਰ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਅਤੇ ਉੱਚ ਅਦਾਲਤ ਦਾ ਬੂਹਾ ਖੜਕਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਥੇ ਸਿਰਫ਼ ਮੈਡੀਕਲ ਕਾਲਜ ਹੀ ਨਹੀਂ ਸਗੋਂ 500 ਬੈੱਡ ਦਾ ਹਸਪਤਾਲ ਵੀ ਬਣ ਰਿਹਾ ਹੈ, ਜਿਸਦਾ ਮੁਹਾਲੀ ਵਾਸੀਆਂ ਨੂੰ ਲਾਭ ਮਿਲੇਗਾ।

(ਬਾਕਸ ਆਈਟਮ)
ਡਾ. ਬੀਆਰ ਅੰਬੇਦਕਰ ਸਟੇਟ ਮੈਡੀਕਲ ਸਾਇੰਸਜ਼ (ਸਰਕਾਰੀ ਮੈਡੀਕਲ ਕਾਲਜ) ਦੀ ਇਮਾਰਤ ਵਿੱਚ ਇਕ ਅਕਾਦਮਿਕ ਬਲਾਕ, ਚਾਰ ਲੈਕਚਰ ਥੀਏਟਰ, ਲੈਬ, ਲੜਕੀਆਂ/ਲੜਕਿਆਂ ਲਈ ਹੋਸਟਲ, ਫੈਕਲਟੀ ਰਿਹਾਇਸ਼, ਲਾਇਬ੍ਰੇਰੀ, ਆਡੀਟੋਰੀਅਮ ਦੇ ਨਾਲ-ਨਾਲ ਇਨਡੋਰ ਪਲੇਅ ਏਰੀਆ/ਕਮਿਊਨਿਟੀ ਸੈਂਟਰ ਲਈ ਢੁਕਵੀਂ ਥਾਂ ਹੋਵੇਗੀ। ਇਸ ਤੋਂ ਇਲਾਵਾ 200 ਬੈੱਡਾਂ ਵਾਲੇ ਨਵੇਂ ਹਸਪਤਾਲ ਬਲਾਕ ਵਿੱਚ ਆਰਥੋ, ਪੀਡਜ਼, ਈਐਨਟੀ, ਡਰਮਾ, ਸਰਜਰੀ ਲਈ ਸਮਰਪਿਤ ਵਾਰਡਾਂ ਵਾਲੀ ਅਤਿ-ਆਧੁਨਿਕ ਬਹੁਮੰਜ਼ਲੀ ਇਮਾਰਤ, ਬਲੱਡ ਬੈਂਕ ਅਤੇ ਸੱਤ ਅਪਰੇਸ਼ਨ ਥੀਏਟਰ ਹੋਣਗੇ। ਮੌਜੂਦਾ ਅਨੁਮਾਨਾਂ ਅਨੁਸਾਰ ਬੁਨਿਆਦੀ ਢਾਂਚੇ ’ਤੇ ਲਗਪਗ 325 ਕਰੋੜ ਰੁਪਏ ਖ਼ਰਚ ਆਉਣ ਦਾ ਅਨੁਮਾਨ ਹੈ ਜਦੋਂਕਿ 50 ਕਰੋੜ ਰੁਪਏ ਉੱਚ ਤਕਨੀਕੀ ਉਪਕਰਨਾਂ ’ਤੇ ਖ਼ਰਚ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …