
ਸਰਕਾਰੀ ਪ੍ਰਿੰਟਿੰਗ ਪ੍ਰੈੱਸ ਮੁਹਾਲੀ ਨੂੰ ਆਧੁਨਿਕ ਟੈਕਨਾਲੋਜੀ ਨਾਲ ਲੈਸ ਕੀਤਾ ਜਾਵੇਗਾ: ਧਰਮਸੋਤ
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬੁੱਧਵਾਰ ਨੂੰ ਸਰਕਾਰੀ ਪ੍ਰਿੰਟਿੰਗ ਪ੍ਰੈੱਸ ਦਾ ਦੌਰਾ ਕਰਕੇ ਲਿਆ ਜਾਇਜ਼ਾ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਮੁਹਾਲੀ ਪ੍ਰਿੰਟਿੰਗ ਪੈੱ੍ਰਸ ਨੂੰ ਆਧੁਨਿਕ ਬਣਾਉਣ ਲਈ ਪ੍ਰਸਤਾਵ ਜਮ੍ਹਾਂ ਕਰਵਾਉਣ ਕਿਉਂਕਿ ਪ੍ਰਿੰਟਿੰਗ ਸਹੂਲਤ ਦਾ ਆਧੁਨਿਕੀਕਰਨ ਸਮੇਂ ਦੀ ਲੋੜ ਹੈ। ਇਹ ਪ੍ਰਗਟਾਵਾ ਅੱਜ ਇੱਥੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ, ਸਮਾਜ ਭਲਾਈ, ਪ੍ਰਿੰਟਿੰਗ ਅਤੇ ਸਟੇਸ਼ਨਰੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮੁਹਾਲੀ ਪ੍ਰਿੰਟਿੰਗ ਪੈੱ੍ਰਸ ਦੇ ਦੌਰੇ ਦੌਰਾਨ ਕੀਤਾ। ਮੰਤਰੀ ਨੇ ਯੂਨਿਟ ਦੇ ਵੱਖ ਵੱਖ ਭਾਗਾਂ ਜਿਵੇਂ ਕਿ ਪ੍ਰਿੰਟਿੰਗ, ਬੀਡਿੰਗ, ਡੈਸਕਟਾਪ ਪਬਲਿਸਿੰਗ, ਪਰੂਫ਼-ਰੀਡਿੰਗ, ਯੋਜਨਾਬੰਦੀ, ਕੰਪਿਊਟਿੰਗ, ਗਜ਼ਟ ਨੋਟੀਫ਼ਿਕੇਸ਼ਨ, ਡਿਸਪੈਚ, ਇਸਟੈਬਲਿਸ਼ਮੈਂਟ, ਪਬਲੀਕੇਸ਼ਨ, ਫੋਟੋ ਪ੍ਰੋਸੈਸ, ਪਲੇਟ ਮੇਕਿੰਗ ਅਤੇ ਪੇਸਟਿੰਗ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੂੰ ਸਰਕਾਰੀ ਸਟੇਸ਼ਨਰੀ ਜਿਵੇਂ ਕਿ ਡਾਇਰੀ, ਕਲੰਡਰ ਅਤੇ ਪੈਂਫ਼ਲਿਟ ਦੀ ਛਪਾਈ ਸਬੰਧੀ ਸਾਰੀ ਤਕਨੀਕੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਉਨ੍ਹਾਂ ਨਵੀਨਤਮ ਟੈਕਨਾਲੋਜੀ ਮਸ਼ੀਨਾਂ ਅਤੇ ਡਿਜੀਟਲ ਢਾਂਚੇ ਨਾਲ ਲੈਸ ਮੌਜੂਦਾ ਪੈੱ੍ਰਸ ਵਿਧੀ ਨੂੰ ਅਪਗ੍ਰੇਡ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।
ਇਸ ਦੌਰਾਨ ਸ੍ਰੀ ਧਰਮਸੋਤ ਨੇ ਆਮ ਲੋਕਾਂ ਨੂੰ ਵੱਖੋ-ਵੱਖ ਦਿਸ਼ਾ-ਨਿਰਦੇਸ਼ਾਂ ਅਤੇ ਸਾਵਧਾਨੀ ਉਪਾਵਾਂ ਜਿਵੇਂ ਕਿ ਜ਼ਰੂਰੀ ਫਾਸਲਾ ਬਣਾਈ ਰੱਖਣਾ, ਬਾਹਰ ਜਾਣ ਸਮੇਂ ਮਾਸਕ ਪਹਿਨਣ, ਹੱਥ ਮਿਲਾਉਣ ਤੋਂ ਗੁਰੇਜ਼ ਕਰਨ ਅਤੇ ਜ਼ਰੂਰਤ ਨਾ ਹੋਣ ’ਤੇ ਘਰ ਤੋਂ ਬਾਹਰ ਨਾ ਜਾਣ ਦੀ ਸਖ਼ਤੀ ਨਾਲ ਪਾਲਣ ਕਰਦਿਆਂ ਕਰੋਨਾਵਾਇਰਸ ਵਿਰੁੱਧ ਲੜਾਈ ਵਿੱਚ ਸਰਕਾਰ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਆਮ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਮਿਸ਼ਨ ਸਫਲ ਨਹੀਂ ਹੋ ਸਕਦਾ।