ਅਣ-ਅਧਿਕਾਰਤ ਕਲੋਨੀਆਂ ਨੂੰ ਰੈਗੂਲਰ ਕਰਨ ਲਈ ਸਰਲ ਨੀਤੀ ਲਾਗੂ ਕਰੇ ਸਰਕਾਰ: ਅਕਾਲੀ ਦਲ

ਲੋਕਾਂ ਦੇ ਘਰ ਉਜਾੜਨ ਦੀ ਕਾਰਵਾਈ ਵਿਰੁੱਧ ਅਕਾਲੀ ਦਲ ਸੰਘਰਸ਼ ਕਰੇਗਾ: ਪਰਵਿੰਦਰ ਸੋਹਾਣਾ

ਲੋਕਾਂ ਨੂੰ ਬੁਨਿਆਦੀ ਸਹੂਲਤਾਂ ਨਾ ਦੇਣ ਵਾਲੇ ਕਾਲੋਨਾਈਜ਼ਰਾਂ ਖ਼ਿਲਾਫ਼ ਕਾਰਵਾਈ ਮੰਗੀ

ਨਬਜ਼-ਏ-ਪੰਜਾਬ, ਮੁਹਾਲੀ, 19 ਅਗਸਤ:
ਮੁਹਾਲੀ ਖੇਤਰ ਵਿੱਚ ਕਥਿਤ ਅਣ-ਅਧਿਕਾਰਤ ਕਲੋਨੀਆਂ ਵਿੱਚ ਰਹਿੰਦੇ ਪਰਿਵਾਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਹਾਲੀ ਨੇੜਲੇ ਪੇਂਡੂ ਖੇਤਰ ਵਿੱਚ ਬਣੀਆਂ ਹਾਊਸਿੰਗ ਕਲੋਨੀਆਂ ਅਤੇ ਨਵੀਆਂ ਬਣ ਰਹੀਆਂ ਕਲੋਨੀਆਂ, ਜਿਨ੍ਹਾਂ ਨੂੰ ਸਰਕਾਰ ਅਣਅਧਿਕਾਰਤ ਦੱਸ ਕੇ ਲੋਕਾਂ ਦਾ ਉਜਾੜਾ ਕਰਨ ’ਤੇ ਤੁਲੀ ਹੋਈ ਹੈ, ਉਨ੍ਹਾਂ ਕਲੋਨੀਆਂ ਨੂੰ ਰੈਗੂਲਰ ਕਰਨ ਲਈ ਸਰਲ ਨੀਤੀ ਲਾਗੂ ਕੀਤੀ ਜਾਵੇ ਤਾਂ ਜੋ ਪੀੜਤ ਲੋਕਾਂ ਲਈ ਉਮਰ ਭਰ ਦੀ ਜਮਾਪੂੰਜੀ ਖ਼ਰਚ ਕਰਕੇ ਆਪਣੇ ਸੁਪਨਿਆਂ ਦਾ ਘਰ ਬਣਾਉਣ ਦਾ ਰਾਹ ਪੱਧਰਾ ਹੋ ਸਕੇ।
ਨਾਲ ਹੀ ਅਕਾਲੀ ਆਗੂ ਪਰਵਿੰਦਰ ਸੋਹਾਣਾ ਨੇ ਇਹ ਵੀ ਮੰਗ ਕੀਤੀ ਕਿ ਮੁਹਾਲੀ ਨਾਲ ਲੱਗਦੇ ਖੇਤਰ ਵਿੱਚ ਜਿਨ੍ਹਾਂ ਵੱਡੇ ਬਿਲਡਰਾਂ ਅਤੇ ਕਲੋਨਾਈਜ਼ਰਾਂ ਵੱਲੋਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਨਹੀਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਦੀ ਸ਼ਨਾਖ਼ਤ ਕਰਕੇ ਸਬੰਧਤ ਬਿਲਡਰਾਂ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਪੰਜਾਬ ਸਰਕਾਰ ਨੂੰ ਸਖ਼ਤ ਚਿਤਾਵਨੀ ਭਰਿਆ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਗਰੀਬ ਲੋਕਾਂ ਦੇ ਘਰ ਉਜਾੜਨ ਦੀ ਕਾਰਵਾਈ ਤੁਰੰਤ ਨਾ ਰੋਕੀ ਗਈ ਤਾਂ ਪੀੜਤ ਲੋਕਾਂ ਵੱਲੋਂ ਹਾਲ ਹੀ ਗਠਨ ਕੀਤੇ ਗਏ ਆਮ ਆਦਮੀ ਘਰ ਬਚਾਓ ਮੋਰਚਾ ਦੇ ਸੰਘਰਸ਼ ਵਿੱਚ ਸ਼੍ਰੋਮਣੀ ਅਕਾਲੀ ਦਲ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜੇਗਾ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਅਕਾਲੀ ਦਲ ਨੂੰ ਇਕੱਲੇ ਆਪਣੇ ਤੌਰ ’ਤੇ ਸੰਘਰਸ਼ ਕਰਨਾ ਪਿਆ ਤਾਂ ਵੀ ਉਹ ਪਿੱਛੇ ਨਹੀਂ ਹਟਣਗੇ।
ਅਕਾਲੀ ਆਗੂ ਨੇ ਕਿਹਾ ਕਿ ਵੱਡੇ ਬਿਲਡਰਾਂ ਕਲੋਨੀਆਂ ਕੱਟੀਆਂ ਅਤੇ ਲੋਕਾਂ ਨੂੰ ਸਬਜ਼ਬਾਗ਼ ਦਿਖਾਏ ਲੋਕਾਂ ਨੇ ਆਪਣੇ ਜੀਵਨ ਭਰ ਦੀ ਜਮਾ ਪੂੰਜੀ ਖਰਚ ਕੇ ਆਪਣੇ ਆਸ਼ਿਆਨੇ ਬਣਾਏ ਪਰ ਉਨ੍ਹਾਂ ਨੂੰ ਬੁਨਿਆਦੀ ਸੁਵਿਧਾਵਾਂ ਵੀ ਨਹੀਂ ਮਿਲ ਰਹੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੋਨੀਆਂ ਦੇ ਵਸਨੀਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਵੀ ਅਕਾਲੀ ਦਲ ਡਟਵਾਂ ਸੰਘਰਸ਼ ਕਰੇਗਾ ਅਤੇ ਇਨ੍ਹਾਂ ਵਸਨੀਕਾਂ ਦੇ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜ੍ਹਦਾ ਰਹੇਗਾ। ਉਨ੍ਹਾਂ ਖ਼ਾਸ ਤੌਰ ’ਤੇ ਪ੍ਰੀਤ ਸਿਟੀ ਮੁਹਾਲੀ, ਪਰਲ ਗਰੁੱਪ ਮੁਹਾਲੀ, ਟੀਡੀਆਈ ਸਿਟੀ ਅਤੇ ਆਂਸਲ ਵਰਗੇ ਗਰੁੱਪਾਂ ਦੀਆਂ ਕਲੋਨੀਆਂ ਦੇ ਪੀੜਤ ਪਰਿਵਾਰਾਂ ਨਾਲ ਹੋਏ ਧੋਖੇ ਸਬੰਧੀ ਪੰਜਾਬ ਸਰਕਾਰ ਤੋਂ ਇਹਨਾਂ ਦੇ ਪ੍ਰਬੰਧਕਾਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ।
ਪਰਵਿੰਦਰ ਸਿੰਘ ਸੋਹਾਣਾ ਨੇ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਅਣਅਧਿਕਾਰਤ ਕਲੋਨੀਆਂ ਨੂੰ ਰੈਗੂਲਰ ਕਰਨ ਲਈ ਸਰਲ ਸਕੀਮ ਲਿਆਂਦੀ ਜਾਵੇ ਅਤੇ ਇਨ੍ਹਾਂ ਕਲੋਨੀਆਂ ਦੇ ਵਸਨੀਕਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਮੁਹਾਲੀ ਨਾਲ ਲੱਗਦੇ ਪਿੰਡ ਬਲੌਂਗੀ, ਜੁਝਾਰ ਨਗਰ, ਬੜਮਾਜਰਾ ਅਤੇ ਹੋਰਨਾਂ ਪਿੰਡਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੱਥੇ ਲੱਖਾਂ ਦੀ ਗਿਣਤੀ ਵਿੱਚ ਵਸਨੀਕ ਰਹਿ ਰਹੇ ਹਨ। ਜਿਨ੍ਹਾਂ ਨੇ ਆਪਣੇ ਸਿਰ ’ਤੇ ਛੱਤ ਦਾ ਸੁਫ਼ਨਾ ਪੂਰਾ ਕਰਨ ਲਈ ਆਪਣਾ ਸਾਰਾ ਕੁਝ ਦਾਅ ਤੇ ਲਾਇਆ ਹੋਇਆ ਹੈ। ਪਿੰਡਾਂ ਵਿੱਚ ਸਮੇਂ ਦੀਆਂ ਸਰਕਾਰਾਂ ਨੇ ਬੁਨਿਆਦੀ ਸੁਵਿਧਾਵਾਂ, ਗਲੀਆਂ ਨਾਲੀਆਂ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾ ਵੀ ਦਿੱਤੀਆਂ ਹੋਈਆਂ ਹਨ। ਇਨ੍ਹਾਂ ਪਿੰਡਾਂ ਵਿੱਚ ਸਰਕਾਰੀ ਸਕੂਲ ਵੀ ਹਨ, ਹਸਪਤਾਲ ਵੀ ਹਨ ਫਿਰ ਇੱਥੇ ਰਹਿਣ ਵਾਲੇ ਲੋਕ ਅਣਅਧਿਕਾਰਤ ਕਿਵੇਂ ਹੋ ਗਏ।
ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ਸਮੇਤ ਪੂਰੇ ਪੰਜਾਬ ਵਿੱਚ ਹੀ ਪਿੰਡਾਂ ਦੀ ਲਾਲ ਲਕੀਰ ਦੇ ਅੰਦਰ ਪੈਣ ਵਾਲੇ ਮਕਾਨਾਂ ਦੀ ਰਜਿਸਟਰੀ ਸਰਕਾਰ ਨੇ ਬੰਦ ਕੀਤੀ ਹੋਈ ਹੈ ਜੋ ਕਿ ਪਿੰਡਾਂ ਦੇ ਵਸਨੀਕਾਂ ਨਾਲ ਬਹੁਤ ਵੱਡਾ ਧੱਕਾ ਹੈ। ਉਨ੍ਹਾਂ ਨੇ ਕਿਹਾ ਕਿ ਰਜਿਸਟਰੀ ਨਾ ਹੋਣ ਕਾਰਨ ਲੋਕਾਂ ਨੂੰ ਕਰਜ਼ਾ ਨਹੀਂ ਮਿਲਦਾ ਕਿਉਂਕਿ ਬੈਂਕ ਰਜਿਸਟਰੀ ਮੰਗਦੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕੇ ਲਾਲ ਲਕੀਰ ਦੇ ਅੰਦਰ ਪੈਂਦੇ ਮਕਾਨਾਂ ਦੀ ਰਜਿਸਟਰੀ ਫੌਰਨ ਖੋਲ੍ਹੀ ਜਾਵੇ।
ਪਰਵਿੰਦਰ ਸੋਹਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਚੋਣ ਮੈਨੀਫੈਸਟੋ ਵਿੱਚ ਕਲੋਨੀਆਂ ਨੂੰ ਰੈਗੂਲਰ ਕਰਨ ਦਾ ਵਾਅਦਾ ਕਰਕੇ ਆਈ ਹੈ, ਪਰ ਇਸ ਵਾਅਦੇ ਨੂੰ ਤੋੜਦੇ ਹੋਏ ਹੁਣ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਿੱਚ ਜੁਟ ਗਈ ਹੈ। ਉਨ੍ਹਾਂ ਕਿਹਾ ਕਿ ਚੋਣਾਂ ਕੋਈ ਬਹੁਤ ਦੂਰ ਨਹੀਂ ਰਹੀਆਂ ਅਤੇ ਜੇਕਰ ਸਰਕਾਰ ਨੇ ਆਮ ਲੋਕਾਂ ਦੇ ਖ਼ਿਲਾਫ਼ ਇਸੇ ਤਰ੍ਹਾਂ ਕਾਰਵਾਈ ਜਾਰੀ ਰੱਖੀ ਤਾਂ ਜਿਨ੍ਹਾਂ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਾਰੀ ਬਹੁਮਤ ਨਾਲ ਪੰਜਾਬ ਵਿੱਚ ਲਿਆਂਦਾ ਹੈ, ਓਹੀ ਲੋਕ ਇਸ ਪਾਰਟੀ ਨੂੰ ਪੰਜਾਬ ਤੋਂ ਬਾਹਰ ਦਾ ਰਸਤਾ ਦਿਖਾਉਣ ਵਿੱਚ ਰਤਾ ਵੀ ਗੁਰੇਜ਼ ਨਹੀਂ ਕਰਨਗੇ।

Load More Related Articles
Load More By Nabaz-e-Punjab
Load More In General News

Check Also

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 28 ਜਨਵਰੀ: …