
ਪ੍ਰਾਈਵੇਟ ਹਸਪਤਾਲਾਂ ਵਿੱਚ ਕਰੋਨਾ ਮਰੀਜ਼ਾਂ ਦੀ ਹੋ ਰਹੀ ਲੁੱਟ ਰੋਕਣ ਲਈ ਤੁਰੰਤ ਠੋਸ ਕਦਮ ਚੁੱਕੇ ਸਰਕਾਰ: ਬੱਬੀ ਬਾਦਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਈ:
ਕਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਸੰਕਟ ਦੇ ਸਮੇਂ ਪ੍ਰਾਈਵੇਟ ਹਸਪਤਾਲ ਸ਼ਰ੍ਹੇਆਮ ਪੀੜਤ ਮਰੀਜ਼ਾਂ ਨੂੰ ਲੁੱਟਣ ’ਤੇ ਲੱਗੇ ਹੋਏ ਹਨ। ਇਸ ਸਬੰਧੀ ਨੌਜਵਾਨ ਟਕਸਾਲੀ ਅਕਾਲੀ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਿੱਜੀ (ਪ੍ਰਾਈਵੇਟ) ਹਸਪਤਾਲਾਂ ਵੱਲੋਂ ਕਰੋਨਾ ਮਰੀਜ਼ਾਂ ਦੀ ਇਲਾਜ ਦੇ ਨਾਂ ’ਤੇ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਲਈ ਤੁਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਸਰਕਾਰੀ ਹਸਪਤਾਲਾਂ ਵਿੱਚ ਮਿਆਰੀ ਸਿਹਤ ਸਹੂਲਤਾਂ ਦੀ ਵਿਵਸਥਾ ਕਰਨ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲਾਂ ਵਿੱਚ ਕਰੋਨਾ ਪੀੜਤਾਂ ਦਾ ਮੁਫ਼ਤ ਇਲਾਜ ਕਰਨ ਲਈ ਠੋਸ ਕਦਮ ਚੁੱਕੇ ਜਾਣ ਤਾਂ ਜੋ ਵੱਧ ਤੋਂ ਵੱਧ ਜਾਨਾਂ ਬਚਾਈਆਂ ਜਾ ਸਕਣ।
ਸ੍ਰੀ ਬੱਬੀ ਬਾਦਲ ਨੇ ਕਿਹਾ ਕਿ ਕਰੋਨਾਵਾਇਰਸ ਨੇ ਪੰਜਾਬ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਰੋਜ਼ਾਨਾ ਵਾਧਾ ਹੋ ਰਿਹਾ ਹੈ ਪ੍ਰੰਤੂ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਕਰੋਨਾ ਪੀੜਤਾਂ ਦੇ ਇਲਾਜ ਲਈ ਲੋੜੀਂਦੇ ਉਪਕਰਨ, ਦਵਾਈਆਂ ਅਤੇ ਵੈਂਟੀਲੇਟਰਾਂ ਦੀ ਵੱਡੀ ਘਾਟ ਦੇ ਚੱਲਦਿਆਂ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਰੋਨਾ ਪੀੜਤਾਂ ਦੇ ਇਲਾਜ ਨੂੰ ਕੁੱਝ ਨਿੱਜੀ ਹਸਪਤਾਲਾਂ ਨੇ ਲੁੱਟ ਦਾ ਧੰਦਾ ਬਣਾ ਲਿਆ ਹੈ ਅਤੇ ਪੀੜਤਾਂ ਤੋਂ ਇਲਾਜ ਦੇ ਨਾਂ ’ਤੇ 8 ਤੋਂ 12 ਲੱਖ ਰੁਪਏ ਤੱਕ ਵਸੂਲੇ ਜਾ ਰਹੇ ਹਨ।
ਸ੍ਰੀ ਬੱਬੀ ਬਾਦਲ ਨੇ ਕਿਹਾ ਕਿ ਹੁਣ ਤੱਕ ਬਹੁਤ ਸਾਰੇ ਅਜਿਹੇ ਕੇਸ ਵੀ ਸਾਹਮਣੇ ਆਏ ਹਨ ਕਿ ਨਿੱਜੀ ਹਸਪਤਾਲ ਨੇ ਕਰੋਨਾ ਪੀੜਤ ਦਾ 15 ਦਿਨ ਇਲਾਜ ਕੀਤਾ ਅਤੇ ਪਰਿਵਾਰ ਤੋਂ 12 ਲੱਖ ਰੁਪਏ ਵੀ ਲੈ ਲਏ ਪਰ ਫਿਰ ਵੀ ਮਰੀਜ਼ ਮੌਤ ਦੇ ਮੂੰਹ ਵਿੱਚ ਚਲਾ ਗਿਆ। ਉਨ੍ਹਾਂ ਕਿਹਾ ਕਿ ਕਰੋਨਾ ਦੇ ਕਹਿਰ ਕਾਰਨ ਕੁੱਝ ਨਿੱਜੀ ਹਸਪਤਾਲਾਂ ਅਤੇ ਹੋਰ ਅਦਾਰਿਆਂ ਵੱਲੋਂ ਇਲਾਜ ਲਈ ਜ਼ਰੂਰੀ ਦਵਾਈਆਂ ਅਤੇ ਮੈਡੀਕਲ ਉਪਕਰਨਾਂ ਦੀ ਕਾਲਾਬਾਜ਼ਾਰੀ ਕੀਤੀ ਜਾ ਰਹੀ ਹੈ ਪ੍ਰੰਤੂ ਸੂਬਾ ਸਰਕਾਰ ਗੂੜੀ ਨੀਂਦ ਵਿੱਚ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਕੁੱਝ ਨਿੱਜੀ ਹਸਪਤਾਲਾਂ ਵੱਲੋਂ ਮਰੀਜ਼ਾਂ ਦੀ ਕੀਤੀ ਜਾਂਦੀ ਆਰਥਿਕ ਲੁੱਟ ਲਈ ਸਰਕਾਰਾਂ ਜ਼ਿੰਮੇਵਾਰ ਹਨ ਜਿਨ੍ਹਾਂ ਆਪਣੇ ਰਾਜ ਵਿੱਚ ਸੂਬੇ ਵਿੱਚ ਚੰਗੀਆਂ ਸਿਹਤ ਸੇਵਾਵਾਂ ਵਾਲੇ ਸਰਕਾਰੀ ਢਾਂਚੇ ਦਾ ਨਿਰਮਾਣ ਹੀ ਨਹੀਂ ਕੀਤਾ ਸਗੋਂ ਪ੍ਰਾਈਵੇਟ ਅਦਾਰਿਆਂ ਨੂੰ ਹੀ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਅਤੇ ਕੈਪਟਨ ਨੇ ਸਰਕਾਰੀ ਜ਼ਮੀਨਾਂ ਆਪਣੇ ਹਿਤੈਸ਼ੀਆਂ ਨੂੰ ਪ੍ਰਾਈਵੇਟ ਹਸਪਤਾਲ ਉਸਾਰਨ ਲਈ ਕੌਡੀਆਂ ਦੇ ਮੁੱਲ ਦਿੱਤੀਆਂ ਹਨ ਅਤੇ ਹੁਣ ਇਹੀ ਪ੍ਰਾਈਵੇਟ ਹਸਪਤਾਲ ਲੋਕਾਂ ਦੀ ਆਰਥਿਕ ਲੁੱਟ ਕਰ ਰਹੇ ਹਨ।