Nabaz-e-punjab.com

11ਵੀਂ ਜਮਾਤ ਦੇ ਵਿਦਿਆਰਥੀ ਦੀ ਭੇਦਭਰੀ ਹਾਲਤ ਵਿੱਚ ਮੌਤ, ਮਾਪਿਆਂ ਵੱਲੋਂ ਕਤਲ ਦਾ ਖ਼ਦਸ਼ਾ

ਸਰਕਾਰੀ ਮੈਰੀਟੋਰੀਅਸ ਸਕੂਲ ਸੈਕਟਰ-70 ਦੇ ਹੋਸਟਲ ਵਿੱਚ ਰਹਿੰਦਾ ਸੀ ਮ੍ਰਿਤਕ ਵਿਦਿਆਰਥੀ

ਬਾਥਰੂਮ ’ਚੋਂ ਮਿਲੀ ਲਾਸ਼, ਗਲੇ\ਥੋਡੀ ’ਤੇ ਸੱਟ ਦੇ ਨਿਸ਼ਾਨ, ਬਾਥਰੂਮ ਦੀ ਕੰਧ ’ਤੇ ਵੀ ਮਿਲੇ ਖੂਨ ਦੇ ਛਿੱਟੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਾਰਚ:
ਇੱਥੋਂ ਦੇ ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਸੈਕਟਰ-70 ਵਿੱਚ ਗਿਆਰ੍ਹਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਹਰਮਨਜੀਤ ਸਿੰਘ (16) ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ। ਸਕੂਲ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸਾਲਾਨਾ ਪ੍ਰੀਖਿਆਵਾਂ ਹੋਣ ਕਾਰਨ ਵਿਦਿਆਰਥੀ ਕਾਫੀ ਸਹਿਮੇ ਹੋਏ ਹਨ। ਹਰਮਨਪ੍ਰੀਤ ਸਕੂਲ ਦੇ ਹੋਸਟਲ ਵਿੱਚ ਹੀ ਰਹਿੰਦਾ ਸੀ। ਸਟਾਫ਼ ਨੂੰ ਵਿਦਿਆਰਥੀ ਦੀ ਲਾਸ਼ ਹੋਸਟਲ ਦੇ ਬਾਥਰੂਮ ’ਚੋਂ ਮਿਲੀ। ਉਸ ਦੇ ਗਲੇ ਅਤੇ ਥੋਡੀ ’ਤੇ ਸੱਟ ਦੇ ਨਿਸ਼ਾਨ ਸਨ ਅਤੇ ਬਾਥਰੂਮ ਦੀ ਕੰਧ ਅਤੇ ਹੋਸਟਲ ਦੇ ਰੂਮ ਵਿੱਚ ਵੀ ਖੂਨ ਦੇ ਛਿੱਟੇ ਮਿਲੇ ਹਨ।
ਹਾਲਾਂਕਿ ਮੁਹਾਲੀ ਪੁਲੀਸ ਅਤੇ ਸਕੂਲ ਪ੍ਰਬੰਧਕ ਇਸ ਹਾਦਸੇ ਨੂੰ ਮਹਿਜ ਖ਼ੁਦਕੁਸ਼ੀ ਦੱਸ ਰਹੇ ਹਨ ਪ੍ਰੰਤੂ ਮ੍ਰਿਤਕ ਵਿਦਿਆਰਥੀ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਸ ਨੇ ਆਤਮ ਹੱਤਿਆ ਨਹੀਂ ਕੀਤੀ ਹੈ ਬਲਕਿ ਉਸ ਦਾ ਕਤਲ ਕੀਤਾ ਗਿਆ ਹੈ। ਸਰਕਾਰੀ ਹਸਪਤਾਲ ਫੇਜ਼-6 ਵਿੱਚ ਮੈਡੀਕਲ ਬੋਰਡ ਨੇ ਪੋਸਟ ਮਾਰਟਮ ਤੋਂ ਬਾਅਦ ਵਿਦਿਆਰਥੀ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਜਿਸ ਦਾ ਉਨ੍ਹਾਂ ਦੇ ਜੱਦੀ ਪਿੰਡ ਰਤਨਗੜ੍ਹ (ਮੋਰਿੰਡਾ) ਵਿੱਚ ਅੰਤਿਮ ਸਸਕਾਰ ਕੀਤਾ ਗਿਆ।
ਜਾਣਕਾਰੀ ਅਨੁਸਾਰ ਦਸਵੀਂ ਸ਼੍ਰੇਣੀ ਵਿੱਚ 80 ਫੀਸਦੀ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਸੈਕਟਰ-70 ਵਿੱਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੀ ਪੜ੍ਹਾਈ ਮੁਫ਼ਤ ਕਰਵਾਈ ਜਾਂਦੀ ਹੈ ਅਤੇ ਵਿਦਿਆਰਥੀਆਂ ਦੇ ਰਹਿਣ ਲਈ ਵੱਖੋ ਵੱਖਰੇ ਹੋਸਟਲਾਂ ਦਾ ਪ੍ਰਬੰਧ ਹੈ। ਹਰਮਨਜੀਤ ਸਿੰਘ ਦੇ ਦਸਵੀਂ ਵਿੱਚ 92 ਫੀਸਦੀ ਅੰਕ ਆਉਣ ਕਾਰਨ ਉਸ ਨੂੰ ਇਸ ਸਕੂਲ ਵਿੱਚ ਗਿਆਰ੍ਹਵੀਂ (ਮੈਡੀਕਲ ਗਰੁੱਪ) ਵਿੱਚ ਦਾਖ਼ਲਾ ਮਿਲਿਆ ਸੀ। ਬੀਤੀ 9 ਮਾਰਚ ਨੂੰ ਦਿਨ ਵਿੱਚ ਉਸ ਨੇ ਕੈਮਿਸਟਰੀ ਵਿਸ਼ੇ ਦੀ ਪ੍ਰੀਖਿਆ ਵੀ ਦਿੱਤੀ ਸੀ ਅਤੇ ਰਾਤ ਨੂੰ ਉਸ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ। ਹਾਲਾਂਕਿ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਲੇਕਿਨ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਤੇ ਸਕੂਲ ਮੈਨੇਜਮੈਂਟ ਦਾ ਕਹਿਣਾ ਹੈ ਕਿ ਵਿਦਿਆਰਥੀ ਨੇ ਖ਼ੁਦਕੁਸ਼ੀ ਕੀਤੀ ਹੈ ਪ੍ਰੰਤੂ ਨੌਜਵਾਨ ਦੇ ਮਾਪੇ ਖ਼ੁਦਕੁਸ਼ੀ ਵਾਲੀ ਗੱਲ ਬਿਲਕੁਲ ਵੀ ਮੰਨਣ ਨੂੰ ਤਿਆਰ ਨਹੀਂ ਹਨ।
ਪਿਤਾ ਤਰਸੇਮ ਸਿੰਘ ਅਤੇ ਮਾਂ ਕਿਰਨਜੀਤ ਕੌਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਉਨ੍ਹਾਂ ਕਿਹਾ ਕਿ ਹਰਮਨਪ੍ਰੀਤ ਦਾ ਕਤਲ ਕੀਤਾ ਗਿਆ ਹੈ। ਮੌਕੇ ਦੇ ਹਾਲਾਤ ਵੀ ਕਤਲ ਦੀ ਵਾਰਦਾਤ ਵੱਲ ਇਸ਼ਾਰਾ ਕਰਦੇ ਹਨ। ਮਾਪਿਆਂ ਅਨੁਸਾਰ ਹੋਸਟਲ ਦੇ ਜਿਸ ਬਾਥਰੂਮ ਵਿੱਚ ਗੀਜ਼ਰ ਦੇ ਪਾਈਪ ਨਾਲ ਫਾਹਾ ਲੈਣ ਦੀ ਗੱਲ ਪ੍ਰਚਾਰੀ ਜਾ ਰਹੀ ਹੈ, ਉਹ ਸਾਰੀ ਝੂਠ ਹੈ ਕਿਉਂਕਿ ਉਨ੍ਹਾਂ ਦੇ ਬੇਟੇ ਦੀ ਲੰਬਾਈਂ ਪੌਣੇ 6 ਫੁੱਟ ਦੀ ਹੈ। ਲਿਹਾਜ਼ਾ ਗੀਜ਼ਰ ਦੇ ਪਾਈਪ ਨਾਲ ਫਾਹਾ ਨਹੀਂ ਲਿਆ ਜਾ ਸਕਦਾ ਹੈ। ਉਂਜ ਵੀ ਜੇਕਰ ਵਿਦਿਆਰਥੀ ਨੇ ਅਜਿਹੀ ਕੋਸ਼ਿਸ਼ ਕੀਤੀ ਹੁੰਦੀ ਤਾਂ ਗੀਜ਼ਰ ਜ਼ਮੀਨ ’ਤੇ ਆ ਜਾਣਾ ਸੀ। ਬਾਥਰੂਮ ਦੀ ਕੰਧ ’ਤੇ ਖੂਨ ਦੇ ਛਿੱਟੇ ਲੱਗੇ ਹੋਏ ਸੀ। ਉਨ੍ਹਾਂ ਦੇ ਲਾਡਲੇ ਦੇ ਗਲੇ ਅਤੇ ਥੋਡੀ ’ਤੇ ਸੱਟ ਦੇ ਨਿਸ਼ਾਨ ਸਨ।
ਮਾਪਿਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸਕੂਲ ’ਚੋਂ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਹਰਮਨਪ੍ਰੀਤ ਦੀ ਹਾਲਤ ਠੀਕ ਨਹੀਂ ਹੈ। ਉਹ ਉਸ ਨੂੰ ਲੈ ਕੇ ਸਰਕਾਰੀ ਹਸਪਤਾਲ ਜਾ ਰਹੇ ਹਨ। ਜਦੋਂ ਉਹ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਦੱਸਿਆ ਕਿ ਵਿਦਿਆਰਥੀ ਦੀ ਮੌਤ ਹੋ ਚੁੱਕੀ ਹੈ। ਪੁਲੀਸ ਅਤੇ ਡਾਕਟਰ ਉਨ੍ਹਾਂ ਨੂੰ ਲਾਸ਼ ਤੱਕ ਦੇਖਣ ਨਹੀਂ ਦੇ ਰਹੇ ਸੀ। ਉਨ੍ਹਾਂ ਦੇ ਹਸਪਤਾਲ ’ਚ ਪਹੁੰਚਣ ਤੋਂ ਪਹਿਲਾਂ ਹੀ ਲਾਸ਼ ਮੁਰਦਾਘਰ ਦੇ ਫਰਿਜ਼ ਵਿੱਚ ਲਗਾ ਦਿੱਤੀ ਗਈ ਸੀ। ਮਾਪਿਆਂ ਨੇ ਮੰਗ ਕੀਤੀ ਕਿ ਇਸ ਸਮੁੱਚੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਉਨ੍ਹਾਂ ਦੇ ਪੁੱਤ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
(ਬਾਕਸ ਆਈਟਮ)
ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਇਸ ਮਾਮਲੇ ਦੀ ਜਾਂਚ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੂੰ ਸੌਂਪੀ ਗਈ ਹੈ। ਪੋਸਟ ਮਾਰਟਮ ਅਤੇ ਵਿੱਸਰਾ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਥਾਣਾ ਮਟੌਰ ਦੇ ਐਸਐਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਫਿਲਹਾਲ ਇਸ ਸਬੰਧੀ ਮ੍ਰਿਤਕ ਵਿਦਿਆਰਥੀ ਦੇ ਪਿਤਾ ਤਰਸੇਮ ਸਿੰਘ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਸਕੂਲ ਪ੍ਰਸ਼ਾਸਨ ਖ਼ਿਲਾਫ਼ ਧਾਰਾ 304ਏ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਸਬੰਧੀ ਸਕੂਲ ਪ੍ਰਸ਼ਾਸਨ ਦੀ ਅਣਗਹਿਲੀ ਸਾਹਮਣੇ ਆਈ ਹੈ। ਜਾਂਚ ਵਿੱਚ ਜੋ ਵੀ ਕਸੂਰਵਾਰ ਪਾਇਆ ਗਿਆ। ਉਸ ਨੂੰ ਨਾਮਜ਼ਦ ਕੀਤਾ ਜਾਵੇਗਾ।
(ਬਾਕਸ ਆਈਟਮ)
ਇਸ ਹਾਦਸੇ ਮਗਰੋਂ ਸੁਪਰਵਈਜ਼ਰ ਅਮਿਤ ਮਿੱਤਲ ਵਿਦਿਆਰਥੀ ਨੂੰ ਆਪਣੇ ਸਕੂਟਰ ’ਤੇ ਬਿਠਾ ਕੇ ਸਰਕਾਰੀ ਹਸਪਤਾਲ ਪਹੁੰਚਣ ਦੀ ਥਾਂ ਉਸ ਨੂੰ ਪ੍ਰੇਮ ਮੈਡੀਕਲ ਸਟੋਰ ’ਤੇ ਲੈ ਗਿਆ। ਜਿੱਥੇ ਕੈਮਿਸਟ ਨੇ ਉਸ ਨੂੰ ਹਸਪਤਾਲ ਜਾਣ ਦੀ ਸਲਾਹ ਦੇ ਕੇ ਤੋਰ ਦਿੱਤਾ। ਜਦੋਂਕਿ ਪ੍ਰਿੰਸੀਪਲ ਰੀਤੂ ਸ਼ਰਮਾ ਦਾ ਕਹਿਣਾ ਹੈ ਕਿ ਸਕੂਲ ਵੱਲੋਂ 108 ਐਂਬੂਲੈਂਸ ਨੂੰ ਫੋਨ ਕੀਤਾ ਸੀ ਪਰ ਚਾਲਕ ਨੇ ਕਿਹਾ ਕਿ ਉਨ੍ਹਾਂ ਨੂੰ ਪਹੁੰਚਣ ’ਚ 20 ਮਿੰਟ ਲੱਗ ਜਾਣਗੇ। ਇਸ ਉਪਰੰਤ ਉਨ੍ਹਾਂ ਨੇ ਓਬਰ ਕੈਬ ਮੰਗਵਾਈ ਅਤੇ ਉਹ ਆਪਣੀ ਕਾਰ ਵਿੱਚ ਪਿੱਛੇ ਪਿੱਛੇ ਹਸਪਤਾਲ ਪਹੁੰਚ ਗਏ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…