nabaz-e-punjab.com

9ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ ਜਨਾਹ ਦੇ ਦੋਸ਼ੀ ਨੂੰ 10 ਸਾਲ ਦੀ ਕੈਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਫਰਵਰੀ:
ਮੁਹਾਲੀ ਅਦਾਲਤ ਨੇ ਨੌਵੀਂ ਜਮਾਤ ਦੀ ਵਿਦਿਆਰਥਣ ਨਾਲ ਹੋਏ ਜਬਰ ਜਨਾਹ ਦੇ ਕਰੀਬ ਡੇਢ ਸਾਲ ਪੁਰਾਣੇ ਮਾਮਲੇ ਦਾ ਨਿਬੇੜਾ ਕਰਦਿਆਂ ਮੁਲਜ਼ਮ ਜੈ ਕਿਸ਼ਨ ਵਾਸੀ ਬਿਹਾਰ ਹਾਲ ਵਾਸੀ ਡੇਰਾਬੱਸੀ ਨੂੰ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਕੈਦ ਅਤੇ 35 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ। ਇਸ ਸਬੰਧੀ 29 ਅਗਸਤ 2018 ਨੂੰ ਪੀੜਤ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 363 ਅਤੇ 366 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮਹੀਨੇ ਬਾਅਦ 30 ਸਤੰਬਰ ਨੂੰ ਪੁਲੀਸ ਨੇ ਮੁਲਜ਼ਮ ਜੈ ਕਿਸ਼ਨ ਨੂੰ ਬਰਵਾਲਾ ਸੜਕ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਲੜਕੀ ਵੀ ਬਰਾਮਦ ਕਰ ਲਈ ਗਈ ਸੀ। ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਡਾ. ਹਰਪ੍ਰੀਤ ਕੌਰ ਦੀ ਅਦਾਲਤ ਵਿੱਚ ਚੱਲ ਰਹੀ ਸੀ।
ਇਸ ਸਬੰਧੀ ਪੀੜਤ ਲੜਕੀ ਦੇ ਪਿਤਾ ਨੇ ਡੇਰਾਬੱਸੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਦੀ ਲੜਕੀ ਰੋਜ਼ਾਨਾ ਦੀ ਤਰ੍ਹਾਂ 29 ਅਗਸਤ 2018 ਨੂੰ ਸਕੂਲ ਗਈ ਸੀ ਪ੍ਰੰਤੂ ਉਹ ਛੁੱਟੀ ਤੋਂ ਬਾਅਦ ਸ਼ਾਮ ਤੱਕ ਘਰ ਵਾਪਸ ਨਹੀਂ ਆਈ। ਇਸ ਮਗਰੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਪੱਧਰ ’ਤੇ ਲੜਕੀ ਦੀ ਭਾਲ ਕੀਤੀ ਅਤੇ ਨਜ਼ਦੀਕੀ ਰਿਸ਼ਤੇਦਾਰੀ ਅਤੇ ਹੋਰ ਜਾਣਕਾਰਾਂ ਕੋਲ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਲੇਕਿਨ ਲੜਕੀ ਦਾ ਕੋਈ ਥਹੁ ਪਤਾ ਨਹੀਂ ਲੱਗਾ। ਇਸ ਦੌਰਾਨ ਕਿਸੇ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਜਿਸ ਦਿਨ ਤੋਂ ਉਸ ਦੀ ਲੜਕੀ ਗ਼ਾਇਬ ਹੋਈ ਹੈ, ਉਸ ਦਿਨ ਤੋਂ ਮੁਹੱਲੇ ਵਿਚ ਰਹਿੰਦਾ ਜੈ ਕਿਸ਼ਨ ਨਾਂ ਦਾ ਨੌਜਵਾਨ ਵੀ ਕਿੱਧਰੇ ਨਜ਼ਰ ਨਹੀਂ ਆਇਆ ਹੈ। ਵਿਦਿਆਰਥਣ ਦੇ ਪਿਤਾ ਨੇ ਜੈ ਕਿਸ਼ਨ ’ਤੇ ਸ਼ੱਕ ਜਤਾਇਆ ਸੀ ਕਿ ਉਹ ਉਸ ਦੀ ਲੜਕੀ ਨੂੰ ਵਰਗ਼ਲਾ ਲੈ ਕੇ ਆਪਣੇ ਨਾਲ ਲੈ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…