nabaz-e-punjab.com

‘ਗਰੈਂਡ ਮੈਨਰ ਹੋਮਜ਼’ ਮਾਲਕਾਂ ਵੱਲੋਂ ਗੇਟ ਦੀ ਸਰਕਾਰੀ ਸੀਲ ਤੋੜਨ ਲਈ ਕਾਰਵਾਈ ਹੋਵੇ-ਮਾਣੂੰਕੇ

ਮੰਤਰੀ ਆਸ਼ੂ ਦੇ ਰਹੇ ਹਨ ਭ੍ਰਿਸ਼ਟਾਚਾਰੀਆਂ ਨੂੰ ਸ਼ਹਿ-ਆਪ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 18 ਮਾਰਚ-
ਲੁਧਿਆਣਾ ‘ਚ ਨਜਾਇਜ਼ ਤਰੀਕੇ ਨਾਲ ਉਸਾਰੇ ਜਾ ਰਹੇ ਬਹੁ-ਚਰਚਿਤ ‘ਗਰੈਂਡ ਮੈਨਰ ਹੋਮਜ਼’ ਨੂੰ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸੀਲ ਕਰਨ ਦੇ ਬਾਵਜੂਦ ਪ੍ਰੋਜੈਕਟ ਮਾਲਕਾਂ ਵੱਲੋਂ ਸੀਲ ਤੋੜ ਇੱਕ ਗੇਟ ਖੋਲ੍ਹ ਲੈਣ ਦਾ ਆਮ ਆਦਮੀ ਪਾਰਟੀ ਨੇ ਸਖ਼ਤ ਨੋਟਿਸ ਲਿਆ ਹੈ।
‘ਆਪ’ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਵਿਧਾਨ ਸਭਾ ‘ਚ ਪਾਰਟੀ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਦੋਸ਼ ਲਗਾਇਆ ਹੈ ਕਿ ਜਦ ਤੱਕ ਇਸ ਲੈਂਡ ਘੁਟਾਲੇ ‘ਚ ਸ਼ਾਮਲ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਨਹੀਂ ਜਾਂਦਾ ਉਦੋਂ ਤੱਕ ਲੈਂਡ ਮਾਫ਼ੀਆ ਕਾਨੂੰਨ ਨੂੰ ਟਿੱਚ ਸਮਝਦਾ ਰਹੇਗਾ।
ਮਾਣੂੰਕੇ ਨੇ ਕਿਹਾ ਕਿ ਕੈਬਿਨੇਟ ਮੰਤਰੀ ਆਸ਼ੂ ਦੀ ਸ਼ਹਿ ‘ਤੇ ਪ੍ਰੋਜੈਕਟ ਮਾਲਕ ਨਿਯਮਾਂ ਨੂੰ ਛਿੱਕੇ ਟੰਗ ਕੇ ਰੋਕ ਲੱਗਣ ਦੇ ਬਾਵਜੂਦ ਆਪਣਾ ਕਾਰਜ ਨਿਰਵਿਘਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ ਕਾਰਨ ਆਸ਼ੂ ਅਧਿਕਾਰੀਆਂ ਨੂੰ ਡਰਾ-ਧਮਕਾ ਰਹੇ ਹਨ।
ਮਾਣੂੰਕੇ ਨੇ ਕਿਹਾ ਕਿ ਅਧਿਕਾਰੀਆਂ ਨੂੰ ਧਮਕਾਉਣ ਦੇ ਮਾਮਲੇ ਵਿਚ ਆਸ਼ੂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨਾ ਸਿੱਧ ਕਰਦਾ ਹੈ ਕਿ ਸਰਕਾਰ ਭ੍ਰਿਸ਼ਟਾਚਾਰ ਪ੍ਰਤੀ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਖ਼ੂਨ ਪਸੀਨੇ ਨਾਲ ਕਮਾਏ ਪੈਸੇ ਦਾ ਦੁਰਉਪਯੋਗ ਕਰ ਰਹੇ ਨੇਤਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਬਣਦੀ ਹੈ।
ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਮੁਖ਼ਾਤਬ ਹੁੰਦਿਆਂ ਮਾਣੂੰਕੇ ਨੇ ਕਿਹਾ ਕਿ ਸਿੱਧੂ ਵੀ ਭ੍ਰਿਸ਼ਟਾਚਾਰ ਪ੍ਰਤੀ ਸਖ਼ਤ ਰੁੱਖ ਅਪਣਾਉਣ ਦਾ ਦਾਅਵਾ ਕਰਦੇ ਹਨ ਪਰੰਤੂ ਆਪਣੇ ਵਿਭਾਗ ਵਿਚ ਹੋ ਰਹੇ ਭ੍ਰਿਸ਼ਟਾਚਾਰ ਪ੍ਰਤੀ ਅੱਖਾਂ ਬੰਦ ਕਰਕੇ ਬੈਠੇ ਹਨ। ਉਨ੍ਹਾਂ ਮੰਗ ਕੀਤੀ ਕਿ ਸਿੱਧੂ ਇਸ ਮਾਮਲੇ ਵਿਚ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ‘ਤੇ ਸਖ਼ਤ ਐਕਸ਼ਨ ਲੈਣ। ਉਨ੍ਹਾਂ ਕਿਹਾ ਕਿ ਕੈਪਟਨ ਆਸ਼ੂ ਨੂੰ ਤੁਰੰਤ ਮੰਤਰੀ ਮੰਡਲ ਵਿਚੋਂ ਬਾਹਰ ਕੱਢਣ ਤਾਂ ਜੋ ਮਾਮਲੇ ਦੀ ਜਾਂਚ ਸਹੀ ਢੰਗ ਨਾਲ ਹੋ ਸਕੇ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…