ਮ੍ਰਿਤਕ ਕਿਸਾਨ ਦੇ ਪਿੰਡ ਕੰਡਾਲਾ ਦੇ ਸੀਵਰੇਜ ਸਿਸਟਮ ਲਈ 28.50 ਲੱਖ ਦੀ ਗਰਾਂਟ ਦੇਣ ਦਾ ਐਲਾਨ

ਸੰਘਰਸ਼ ਦੌਰਾਨ ਫੌਤ ਹੋਏ ਕਿਸਾਨ ਗੁਰਮੀਤ ਸਿੰਘ ਸੰਧੂ ਦੇ ਪਰਿਵਾਰ ਨੂੰ ਮੁੱਖ ਮੰਤਰੀ ਵੱਲੋਂ 5 ਲੱਖ ਦਾ ਚੈਕ ਭੇਟ

ਸੰਘਰਸ਼ਸ਼ੀਲ ਕਿਸਾਨ ਗੁਰਮੀਤ ਸੰਧੂ ਦੀ ਮਿਹਨਤ ਤੇ ਦਿਆਨਤਦਾਰੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ: ਸਿੱਧੂ

ਪਿੰਡ ਕੰਡਾਲਾ ਵਿਖੇ ਹੋਈ ਸ਼ਹੀਦ ਕਿਸਾਨ ਗੁਰਮੀਤ ਸੰਧੂ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਦਸੰਬਰ:
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਆਰੰਭੇ ਸੰਘਰਸ਼ ਦਾ ਹਿੱਸਾ ਰਹੇ ਕਿਸਾਨ ਗੁਰਮੀਤ ਸਿੰਘ ਸੰਧੂ ਨੂੰ ਅੱਜ ਵੱਖ ਵੱਖ ਸਿਆਸੀ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਸਬੰਧੀ ਕਿਸਾਨ ਦੇ ਜੱਦੀ ਪਿੰਡ ਕੰਡਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 5 ਲੱਖ ਰੁਪਏ ਦਾ ਚੈੱਕ ਸ਼ਹੀਦ ਕਿਸਾਨ ਦੇ ਸਪੁੱਤਰ ਸੁਖਬੀਰ ਸਿੰਘ ਨੂੰ ਦਿੱਤਾ। ਸਿੱਧੂ ਨੇ ਕਿਹਾ ਕਿ ਮਰਹੂਮ ਕਿਸਾਨ ਗੁਰਮੀਤ ਸਿੰਘ ਸੰਧੂ ਵੱਲੋਂ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਧਰਨਾ ਪ੍ਰਦਰਸ਼ਨ ਦੌਰਾਨ ਦਿਖਾਈ ਹਿੰਮਤ ਅਤੇ ਉਨ੍ਹਾਂ ਦੀ ਦਿਆਨਤਦਾਰੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕਿਸਾਨਾਂ ਦੀ ਨਿੱਜੀ ਲੜਾਈ ਨਹੀਂ ਹੈ, ਬਲਕਿ ਖੇਤੀ ਕਾਨੂੰਨ ਮਜ਼ਦੂਰਾਂ ਅਤੇ ਆਮ ਨਾਗਰਿਕਾਂ ਲਈ ਘਾਤਕ ਸਾਬਤ ਹੋਣਗੇ। ਉਨ੍ਹਾਂ ਦੱਸਿਆ ਕਿ ਧਰਨੇ ’ਤੇ ਬੈਠੇ ਕਿਸਾਨਾਂ ਦੀ ਮੈਡੀਕਲ ਸਹੂਲਤ ਲਈ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ ਰੂਬੀ ਸਿੱਧੂ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਦਿੱਲੀ ਲਈ ਰਵਾਨਾ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੋ ਐਂਬੂਲੈਂਸਾਂ ਪੱਕੇ ਤੌਰ ’ਤੇ ਦਿੱਲੀ ਵਿਖੇ ਤਾਇਨਾਤ ਕੀਤੀਆਂ ਗਈਆਂ ਹਨ। ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਪਿੰਡ ਕੰਡਾਲਾ ਦੇ ਸੀਵਰੇਜ ਸਿਸਟਮ ਲਈ 28 ਲੱਖ 50 ਹਜ਼ਾਰ ਰੁਪਏ ਦੀ ਗਰਾਂਟ ਮਨਜ਼ੂਰ ਕੀਤੀ ਗਈ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਨੇ ਵੀ ਪਰਿਵਾਰ ਨੂੰ ਮਾਲੀ ਮਦਦ ਦਿੱਤੀ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਪੈਰੀਫੇਰੀ ਮਿਲਕਮੈਨ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ, ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਕਰਾਲਾ, ਸੀਨੀਅਰ ਪ੍ਰਧਾਨ ਕਿਰਪਾਲ ਸਿੰਘ ਸਿਆਊ, ਮੀਤ ਪ੍ਰਧਾਨ ਹਰਬਚਨ ਲਾਲ ਰੰਗੀਆ, ਜਨਰਲ ਸਕੱਤਰ ਗਿਆਨ ਸਿੰਘ ਧੜਾਕ, ਬਲਾਕ ਪ੍ਰਧਾਨ ਖਰੜ ਜਸਬੀਰ ਸਿੰਘ ਘੋਗਾ, ਗੁਰਜੰਟ ਸਿੰਘ ਬੜੀ, ਰਣਜੀਤ ਸਿੰਘ ਗਿੱਲ ਸਰਪੰਚ ਜਗਤਪੁਰਾ, ਸਰਬੱਤ ਦਾ ਭਲਾ ਟਰੱਸਟ ਦੇ ਪ੍ਰਧਾਨ ਕੁਲਵੰਤ ਸਿੰਘ ਕਲੇਰ, ਨਰਿੰਦਰ ਸਿੰਘ ਸਿਆਊ, ਸੰਤ ਸਿੰਘ ਕੁਰੜੀ, ਸੁਰਿੰਦਰ ਸਿੰਘ ਬਰਿਆਲੀ ਸਮੇਤ ਸ਼ਹੀਦ ਕਿਸਾਨ ਦੀ ਪਤਨੀ ਜਸਪਾਲ ਕੌਰ, ਭਰਾ ਸਾਧੂ ਸਿੰਘ, ਸਪੁੱਤਰ ਸੁਖਬੀਰ ਸਿੰਘ, ਭਤੀਜਾ ਜਸਬੀਰ ਸਿੰਘ ਸਮੇਤ ਹੋਰ ਰਿਸ਼ਤੇਦਾਰ ਅਤੇ ਪਿੰਡ ਵਾਸੀ ਮੌਜੂਦ ਸਨ। ਸਟੇਜ ਸਕੱਤਰ ਦੀ ਸੇਵਾ ਹਰਪਾਲ ਸਿੰਘ ਬੈਂਸ ਨੇ ਨਿਭਾਈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…