ਨਾਬਾਲਗ ਦਾ ਵਿਆਹ ਕਰਾਉਣ ਦੇ ਦੋਸ਼ ਵਿੱਚ ਗ੍ਰੰਥੀ ਗ੍ਰਿਫ਼ਤਾਰ, ਜ਼ਮਾਨਤ ’ਤੇ ਰਿਹਾਅ

ਜਾਂਚ ਅਧਿਕਾਰੀ ਨੇ ਇੱਕ ਸਾਲ ਦਾ ਰਿਕਾਰਡ ਕਬਜ਼ੇ ’ਚ ਲਿਆ, ਗਰੰਥੀ ਵਿਰੁੱਧ ਹਾਈ ਕੋਰਟ ਦੇ ਹੁਕਮਾਂ ’ਤੇ ਹੋਈ ਕਾਰਵਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਦਸੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਨਾਬਾਲਗ ਲੜਕੇ ਦਾ ਵਿਆਹ ਕਰਵਾ ਕੇ ਸਰਟੀਫ਼ੀਕੇਟ ਜਾਰੀ ਕਰਨ ਦੇ ਦੋਸ਼ ਹੇਠ ਮੁਹਾਲੀ ਪੁਲੀਸ ਨੇ ਇੱਥੋਂ ਦੇ ਫੇਜ਼ 6 ਸਥਿਤ ਦਾਰਾ ਸਟੂਡੀਓ ਦੇ ਨੇੜਲੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੇ ਬਜ਼ੁਰਗ ਗ੍ਰੰਥੀ ਸੁਰਜੀਤ ਸਿੰਘ ਦੇ ਖ਼ਿਲਾਫ ਪ੍ਰੋਹਿਬਸ਼ਨ ਆਫ਼ ਚਾਈਲਡ ਮੈਰਿਜ ਐਕਟ 2006 ਦੀ ਉਲੰਘਣਾ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਚੌਂਕੀ ਫੇਜ਼-6 ਦੇ ਇੰਚਾਰਜ ਤੇ ਜਾਂਚ ਅਧਿਕਾਰੀ ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਰੰਥੀ ਨੂੰ ਜ਼ਮਾਨਤ ਯੋਗ ਅਪਰਾਧ ਹੋਣ ਕਰਕੇ ਰਿਹਾਅ ਕਰ ਦਿੱਤਾ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲਾ 13 ਅਗਸਤ 2017 ਦਾ ਹੈ ਜਦੋਂ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਇਕ ਲੜਕੇ ਨੇ ਇਕ ਕੁੜੀ ਨਾਲ ਵਿਆਹ ਕਰਨ ਲਈ ਗੁਰਦੁਆਰਾ ਫ਼ੇਜ਼ 6 ਨੇੜੇ ਦਾਰਾ ਸਟੂਡਿਓ ਕੋਲ ਪਹੁੰਚ ਕੀਤੀ। ਉਨ੍ਹਾਂ ਦੱÎਸਿਆ ਕਿ ਮਾਮਲਾ ਪੁਲਿਸ ਦੇ ਧਿਆਨ ਵਿਚ ਉਦੋਂ ਆਇਆ ਜਦੋਂ ਵਿਆਹ ਕਰਵਾਏ ਜਾਣ ਤੋਂ ਬਾਅਦ ਜੋੜੇ ਨੇ ਮਾਨਯੋਗ ਅਦਾਲਤ ਵਿਚ ਆਪਣੀ ਰੱਖਿਆ ਵਾਸਤੇ ਅਰਜ਼ੀ ਦਾਖਿਲ ਕਰ ਦਿੱਤੀ ਇਸ ਤੋਂ ਅਦਾਲਤ ਨੇ ਦਾਖਲ ਕੀਤੇ ਕਾਗਜ਼ਾਂ ਦੇ ਆਧਾਰ ’ਤੇ ਵਿਆਂਹਦੜ ਮੁੰਡੇ ਨੂੰ ਨਾਬਾਲਗ ਹੋਣ ਬਾਰੇ ਮੁਹਾਲੀ ਦੇ ਐਸਐਸਪੀ ਨੂੰ ਕਾਨੂੰਨੀ ਕਾਰਵਾਈ ਲਈ ਹੁਕਮ ਦਿੱਤੇ ਸਨ। ਇਸ ਦੇ ਆਧਾਰ ਤੇ ਪੂਰੀ ਛਾਣਬੀਣ ਕਰਨ ਤੋਂ ਬਾਅਦ ਇਹ ਕੇਸ ਦਰਜ ਕੀਤਾ ਅਤੇ ਸੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਦਾ ਸਾਲ 2017 ਦਾ ਰਿਕਾਰਡ ਰਜਿਸਟਰ ਵੀ ਕਬਜ਼ੇ ਵਿੱਚ ਲੈ ਲਿਆ ਹੈ ਜਿਸ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਮੰਡ ਨੇ ਦੱਸਿਆ ਕਿ ਇਸ ਰਜਿਸਟਰ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਲ 2017 ਵਿਚ ਕੁੱਲ 68 ਵਿਆਹ ਕਰਵਾਏ ਹਨ। ਜਿਨ੍ਹਾਂ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਹੁਣ ਇਹ ਪਤਾ ਲਗਾਏਗੀ ਕਿ ਇਸ ਗੁਰਦੁਆਰਾ ਸਾਹਿਬ ਵਿਚ ਹੋਏ ਵਿਆਹਾਂ ਅਤੇ ਜਾਰੀ ਕੀਤੇ ਸਰਟੀਫ਼ੀਕੇਟਾਂ ਵਿਚ ਕੋਈ ਅਜਿਹਾ ਵਿਆਹ ਤਾਂ ਨਹੀਂ ਹੋਇਆ ਜਿਹੜਾ ਕਿ ਨਾਬਾਲਿਗ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਪਿਛਲੇ ਸਾਲ ਦਾ ਰਜਿਸਟਰ ਵੀ ਮੰਗਿਆ ਗਿਆ ਹੈ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…