nabaz-e-punjab.com

ਵਿਕਰੀ ਕੇਂਦਰ ਵਿੱਚ ਜੈਵਿਕ ਵਸਤਾਂ ਖਰੀਦਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ

ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਦੇ ਚਿਹਰਿਆਂ ਤੇ ਵੇਖਣ ਨੂੰ ਮਿਲੀ ਰੌਣਕ, ਕਿਸਾਨਾਂ ਲਈ ਜੈਵਿਕ ਖੇਤੀ ਹੋਣ ਲੱਗੀ ਲਾਹੇਵੰਦ ਸਾਬਤ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ,30 ਜੂਨ:
ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਅਤੇ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਮੁਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਦੇ ਵਿਸ਼ੇਸ਼ ਯਤਨਾ ਸਦਕਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਖੋਲੇ ਗਏ ਜੈਵਿਕ ਉਤਪਾਦਾਂ ਦੇ ਵਿਕਰੀ ਕੇਂਦਰ ਵਿੱਚ ਆਮ ਲੋਕਾਂ ਵੱਲੋਂ ਜੈਵਿਕ ਵਸਤਾਂ ਖਰੀਦਣ ਲਈ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਲੋਕਾਂ ਨੇ ਜੈਵਿਕ ਉਤਪਾਦਾ ਦੀ ਜਮ ਕੇ ਖਰੀਦੋ ਫਰੋਖਤ ਕੀਤੀ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਗਰਾਊਂਡ ਫਲੋਰ ਦੇ ਕਮਰਾ ਨੰਬਰ 123 ਵਿਖੇ ਹਰ ਸੁੱਕਰਵਾਰ ਨੂੰ ਦੁਪਿਹਰ 01:00 ਵਜੇ ਤੋਂ ਸ਼ਾਮ 06:00 ਵਜੇ ਤੱਕ ਜੈਵਿਕ ਉਤਪਾਦਾਂ ਦੀ ਵਿਕਰੀ ਲਈ ਖੋਲੇ ਕੇਂਦਰ ਵਿੱਚ ਜ਼ਿਲ੍ਹੇ ਦੇ ਕਿਸਾਨ ਜੋ ਕਿ ਜੈਵਿਕ ਖੇਤੀ ਕਰਦੇ ਹਨ, ਦੇ ਉਤਪਾਦਾਂ ਲਈ ਇਹ ਵਿਕਰੀ ਕੇਂਦਰ ਕਿਸਾਨਾਂ ਨੂੰ ਆਪਣੇ ਜੈਵਿਕ ਉਤਪਾਦਾਂ ਦੀ ਵਿਕਰੀ ਲਈ ਵਰਦਾਨ ਸਾਬਤ ਹੋਣ ਲੱਗਾ ਹੈ ਅਤੇ ਕਿਸਾਨਾਂ ਨੂੰ ਮੰਡੀ ਕਰਨ ਦੀ ਸਹੂਲਤ ਮਿਲਣ ਨਾਲ ਉਨ੍ਹਾਂ ਦੇ ਚਿਹਰਿਆਂ ਤੇ ਰੌਣਕਾਂ ਵੇਖਣ ਨੂੰ ਮਿਲੀਆਂ। ਹੁਣ ਇਸ ਵਿਕਰੀ ਕੇਂਦਰ ਵਿਚ ਜੈਵਿਕ ਸਬਜੀਆਂ,ਹਲਦੀ,ਸ਼ਹਿਦ, ਦਲੀਆ, ਕਣਕ, ਮੱਕੀ ਦੀਆਂ ਸੇਮੀਆਂ, ਆਟਾ, ਸੱਕਰ ਦੀ ਬਰਫੀ, ਚੀਨੀ ਦੀ ਬਰਫੀ, ਹਲਦੀ, ਛੋਇਆਬੀਨ, ਚਾਵਲ, ਗੁੜ, ਸੱਕਰ, ਆਦਿ ਦੇ ਨਾਲ ਨਾਲ ਚੈਰੀ, ਸ਼ੁੱਧ ਦੁੱਧ ਦੀਆਂ ਤਿਆਰ ਕੀਤੀਆਂ ਵਸਤਾਂ ਵੀ ਵਿਕਰੀ ਲਈ ਆਉਣ ਲੱਗ ਪਈਆਂ ਹਨ।
ਵਿਕਰੀ ਕੇਂਦਰ ਵਿੱਚ ਝੰਜੇੜੀ ਪਿੰਡ ਦੇ ਕਿਸਾਨ ਗੁਰਪ੍ਰਕਾਸ ਸਿੰਘ ਜਿਹੜੇ ਕਿ ਜੈਵਿਕ ਖੇਤੀ ਕਰਦੇ ਹਨ, ਇਸ ਤੋਂ ਪਹਿਲਾਂ ਉਹ ਰਿਵਾਇਤੀ ਫਸਲਾਂ ਦੀ ਕਾਸਤ ਕਰਦੇ ਸਨ, ਪ੍ਰੰਤੂ ਫਸਲੀ ਵਿਭੰਨਤਾਂ ਤਹਿਤ ਉਨ੍ਹਾਂ ਨੇ ਜੈਵਿਕ ਖੇਤੀ ਨੂੰ ਪਹਿਲ ਦਿੱਤੀ ਅਤੇ ਉਨ੍ਹਾਂ ਵੱਲੋਂ ਜੈਵਿਕ ਸਬਜੀਆਂ, ਪਿਆਜ, ਬਾਸਮਤੀ ਝੋਨੇ ਦੀ ਕਾਸਤ ਕੀਤੀ ਜਾਂਦੀ ਹੈ। ਜਿਸ ਨਾਲ ਉਨ੍ਹਾਂ ਦਾ ਖਰਚ ਘਟਿਆ ਹੈ ਅਤੇ ਆਮਦਨ ਵਿੱਚ ਚੋਖਾ ਵਾਧਾ ਹੋਇਆ ਹੈ। ਉਨ੍ਹਾਂ ਹੋਰਨਾਂ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੇਤੀਬਾੜੀ ਨੂੰ ਮੁਨਾਫੇਮੰਦ ਬਣਾਉਣ ਲਈ ਜੈਵਿਕ ਖੇਤੀ ਨੂੰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ। ਇਸੇ ਤਰ੍ਹਾਂ ਰਾਮਪੁਰ ਸੈਣੀਆਂ ਦੇ ਨੌਜਵਾਨ ਕਿਸਾਨ ਦਲਜੀਤ ਸਿੰਘ ਜਿਹੜੇ ਕਿ ਜੈਵਿਕ ਸਬਜੀਆਂ, ਪਿਆਜ ਅਤੇ ਕਣਕ, ਦਾਲਾਂ ਦੀ ਕਾਸਤ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿਕਰੀ ਕੇਂਦਰ ਵਿੱਚ ਉਨ੍ਹਾਂ ਨੂੰ ਆਪਣੇ ਜੈਵਿਕ ਉਤਪਾਦਾਂ ਨੂੰ ਵੇਚਣ ਲਈ ਆਸਾਨੀ ਹੋਈ ਹੈ ਜਿਸ ਨਾਲ ਉੁਨ੍ਹਾਂ ਦੇ ਹੌਂਸਲੇ ਹੋਰ ਬੁਲੰਦ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਵਿਕਰੀ ਕੇਂਦਰ ਵਿੱਚ ਆ ਕੇ ਕਿਸਾਨਾਂ ਵੱਲੋਂ ਪੈਦਾ ਕੀਤੀਆਂ ਜੈਵਿਕ ਫਸਲਾਂ ਸਬਜੀਆਂ ਆਦਿ ਨੂੰ ਦੇਖਣਾਂ ਚਾਹੀਦਾ ਹੈ ਤਾਂ ਜੋ ਉਹ ਵੀ ਜੈਵਿਕ ਉਤਪਾਦਾਂ ਰਾਂਹੀ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ। ਇੱਥੇ ਇਹ ਵਰਨਣਯੋਗ ਹੈ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹ ਪ੍ਰਸਾਸ਼ਨ ਦੇ ਉਪਰਾਲੇ ਨਾਲ ਜੈਵਿਕ ਖੇਤੀ ਦੇ ਉਤਪਾਦਾਂ ਦੀ ਵਿਕਰੀ ਲਈ ਖੋਲੇ ਕੇਂਦਰ ਤੋਂ ਉਤਸ਼ਾਹਿਤ ਹੋ ਕੇ ਗੁਆਂਢੀ ਰਾਜਾਂ ਦੇ ਜੈਵਿਕ ਉਤਪਾਦਾਂ ਦੇ ਕਿਸਾਨ ਵੀ ਸਿਰਕਤ ਕਰਨ ਲੱਗ ਪਏ ਹਨ। ਇਸ ਵਿਕਰੀ ਕੇਂਦਰ ਵਿੱਚ ਅੰਬਾਲਾ (ਹਰਿਆਣਾ) ਤੋਂ ਆਏ ਕਿਸਾਨ ਰੋਹਿਤ ਕੁਮਾਰ ਜੋ ਕਿ ਗਾਂ ਦੇ ਦੁੱਧ ਤੋਂ ਬਣੇ ਉਤਪਾਦ ਲੈ ਕੇ ਆਏ ਸਨ, ਦਾ ਮੰਨਣਾ ਹੈ ਕਿ ਇਹ ਵਿਕਰੀ ਕੇਂਦਰ ਕਿਸਾਨਾਂ ਲਈ ਮੰਡੀ ਕਰਨ ਦਾ ਵੱਡਾ ਸਾਧਨ ਬਣੇਗਾ।ਲੋਕਾਂ ਵੱਲੋਂ ਖਰੀਦੋ ਫਰੋਖਤ ਦੇ ਮੱਦੇਨਜਰ ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸੁੱਕਰਵਾਰ ਨੂੰ ਆਪਣੇ ਉਤਪਾਦ ਵੱਧ ਮਾਤਰਾ ਵਿੱਚ ਲੈ ਕੇ ਆਉਣਗੇ ਤਾਂ ਜੋ ਕੋਈ ਵੀ ਖਪਤਕਾਰ ਨਿਰਾਸ ਨਾਂ ਪਰਤੇ। ਅੱਜ ਇਸ ਵਿਕਰੀ ਕੇਂਦਰ ਵਿੱਚ 12 ਤੋਂ ਵੱਧ ਕਿਸਾਨ ਆਪਣੇ ਜੈਵਿਕ ਉਤਪਾਦ ਲੈ ਕੇ ਪੁੱਜੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…