
ਭਾਰਤੀ ਹਾਕੀ ਪੁਰਸ਼ ਟੀਮ ਤੋਂ ਦੇਸ਼ ਨੂੰ ਬਹੁਤ ਵੱਡੀਆਂ ਉਮੀਦਾਂ: ਸਰਬਜੀਤ ਸਮਾਣਾ
ਮੁਹਾਲੀ ਦੇ ਪਿੰਡਾਂ ’ਚੋਂ ਵਧੀਆ ਖਿਡਾਰੀ ਅੱਗੇ ਲੈ ਕੇ ਆਉਣਾ ਸਾਡਾ ਉਦੇਸ਼: ਆਜ਼ਾਦ ਗਰੁੱਪ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੁਲਾਈ:
ਆਜ਼ਾਦ ਗਰੁੱਪ ਦੇ ਕੌਂਸਲਰ ਅਤੇ ਯੂਥ ਆਗੂ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਹੈ ਕਿ ਪੰਜਾਬ ਦੇ ਪਿੰਡਾਂ ਦੇ ਨੌਜਵਾਨਾਂ ਵਿੱਚ ਬੇਹੱਦ ਹੁਨਰ ਲੁਕਿਆ ਹੋਇਆ ਹੈ। ਸਾਡੇ ਨੌਜਵਾਨ ਨਾ ਸਿਰਫ਼ ਨਿਰੋਈ ਸਿਹਤ ਅਤੇ ਸਰੀਰ ਦੇ ਮਾਲਕ ਹਨ ਬਲਕਿ ਉਹ ਖੇਡਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ। ਇੱਥੋਂ ਦੇ ਨੇੜਲੇ ਪਿੰਡ ਰਾਏਪੁਰ ਕਲਾਂ ਦੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡਣ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਜ਼ਾਦ ਗਰੁੱਪ ਦਾ ਉਦੇਸ਼ ਹੈ ਕਿ ਅਸੀਂ ਪੰਜਾਬ ਦੇ ਪਿੰਡਾਂ ’ਚੋਂ ਵਧੀਆ ਖਿਡਾਰੀ ਲੱਭ ਕੇ ਉਨ੍ਹਾਂ ਨੂੰ ਵੱਡੇ ਪੱਧਰ ’ਤੇ ਅੱਗੇ ਲੈ ਕੇ ਆਈਏ।
ਇਸ ਮੌਕੇ ਪਿੰਡ ਦੇ ਲੋਕਾਂ ਦੇ ਨਾਲ ਖੁਸ਼ੀ ਸਾਂਝੀ ਕਰਦੇ ਹੋਏ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਭਾਰਤੀ ਹਾਕੀ ਪੁਰਸ਼ ਟੀਮ ਓਲੰਪਿਕ ਵਿੱਚ ਵਧੀਆ ਪ੍ਰਦਰਸ਼ਨ ਕਰੇਗੀ ਅਤੇ ਗੋਲਡ ਮੈਡਲ ਲੈ ਕੇ ਆਵੇਗੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਅੰਤਿਮ ਕਵਾਟਰ ਵਿੱਚ ਕੀਤੇ ਗਏ ਦੋ ਸ਼ਾਨਦਾਰ ਗੋਲਾਂ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਵੀਰਵਾਰ ਨੂੰ ਖੇਡੇ ਗਏ ਆਪਣੇ ਚੌਥੇ ਗਰੁੱਪ ਮੈਚ ਵਿੱਚ ਮੌਜੂਦਾ ਓਲੰਪਿਕ ਚੈਪੀਅਨ ਅਰਜਟੀਨਾ ਨੂੰ 3-1 ਨਾਲ ਹਰਾ ਦਿੱਤਾ। ਭਾਰਤ ਦੀ ਇਹ ਚਾਰ ਮੈਚਾਂ ਵਿੱਚ ਤੀਜੀ ਜਿੱਤ ਹੈ ਅਤੇ 9 ਅੰਕ ਹਾਸਲ ਕਰਕੇ ਉਹ ਗਰੁੱਪ ‘ਏ’ ਵਿੱਚ ਆਸਟਰੇਲੀਆ (12) ਦੇ ਬਾਅਦ ਮਜ਼ਬੂਤੀ ਨਾਲ ਦੂਜੇ ਕ੍ਰਮ ਉੱਤੇ ਹੈ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ਦਾ ਅਗਲੇ ਦੌਰ ਵਿੱਚ ਜਾਣਾ ਤੈਅ ਹੋ ਗਿਆ ਹੈ।
ਖੇਡ ਕਿੱਟਾਂ ਵੰਡਣ ਮੌਕੇ ਪਿੰਡ ਰਾਏਪੁਰ ਕਲਾਂ ਤੋਂ ਪ੍ਰਵੀਨ ਸਿੰਘ ਹਰਵਿੰਦਰ ਸਿੰਘ, ਗੌਰਵ ਕੁਮਾਰ, ਡਾ ਹਿਮਾਂਸ਼ੂ ਕੁਮਾਰ, ਗੁਰਪ੍ਰੀਤ ਸਿੰਘ, ਅਮਨਪ੍ਰੀਤ ਸਿੰਘ, ਜਸਵਿੰਦਰ ਸਿੰਘ, ਰੋਹਿਤ ਕੁਮਾਰ, ਪਰਗਟ ਸਿੰਘ, ਕਰਨ ਖਾਨ, ਬਿੰਦਰ ਸਿੰਘ, ਮਾਨ ਸਿੰਘ, ਗੁਰਵਿੰਦਰ ਸਿੰਘ ਪਾਠੀ ਗੁਰਦੁਆਰਾ ਸਹਿਬ, ਰਾਕੇਸ਼ ਕੁਮਾਰ ਅਤੇ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।