nabaz-e-punjab.com

ਲਾਂਡਰਾਂ ਜੰਕਸ਼ਨ ’ਤੇ ਲਗਦੇ ਜਾਮ ਤੋਂ ਲੋਕਾਂ ਨੂੰ ਮਿਲੇਗਾ ਛੁਟਕਾਰਾ, ਸੈਂਕੜੇ ਹਰੇ ਭਰੇ ਰੁੱਖਾਂ ’ਤੇ ਚੱਲੇਗਾ ਕੁਹਾੜਾ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲਾਂਡਰਾਂ ਜੰਕਸ਼ਨ ਲਈ 23 ਕਰੋੜ ਰੁਪਏ ਜਾਰੀ ਕਰਨ ਦੇ ਹੁਕਮ

ਰਾਜ ਮਾਰਗਾਂ ਦੇ ਦੋਵੇਂ ਪਾਸਿਓਂ ਹਰੇ ਭਰੇ ਰੁੱਖ ਕੱਟਣ ਦਾ ਮਾਮਲਾ ਐਨਜੀਟੀ ਕੋਲ ਚੁੱਕਣ ਲਈ ਦਿੱਤੀ ਸਹਿਮਤੀ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਦਸੰਬਰ:
ਇੱਥੋਂ ਦੇ ਲਾਂਡਰਾਂ ਟੀ ਪੁਆਇੰਟ ’ਤੇ ਰੋਜ਼ਾਨਾ ਘੰਟਿਆਬੱਧੀ ਲਗਦੇ ਜਾਮ ਤੋਂ ਇਲਾਕੇ ਦੇ ਲੋਕਾਂ ਅਤੇ ਰਾਹਗੀਰਾਂ ਨੂੰ ਪੱਕਾ ਛੁਟਕਾਰਾ ਮਿਲਣ ਦੀ ਆਸ ਬੱਝ ਗਈ ਹੈ। ਇਸ ਸਬੰਧੀ ਪਹਿਲਕਦਮੀ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਹਾਣਾ-ਲਾਂਡਰਾਂ-ਚੁੰਨੀ ਸੜਕ ਦੇ ਪਸਾਰ ਲਈ ਤੁਰੰਤ 23 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਲਈ ਵਿੱਤ ਵਿਭਾਗ ਨੂੰ ਹੁਕਮ ਜਾਰੀ ਕੀਤੇ ਹਨ। ਉਂਜ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਲਈ ਸੈਂਕੜੇ ਹਰੇ ਭਰੇ ਰੁੱਖਾਂ ਵੀ ਕੁਹਾੜਾ ਚੱਲੇਗਾ। ਮੁੱਖ ਮੰਤਰੀ ਨੇ ਰਾਜ ਮਾਰਗਾਂ ਦੋ ਦੇਵੇਂ ਪਾਸੇ ਖੜੇ ਰੁੱਖਾਂ ਨੂੰ ਕੱਟਣ ਸਬੰਧੀ ਨੋਟੀਫਿਕੇਸ਼ਨ ’ਤੇ ਵੀ ਮੁੜ ਝਾਤ ਮਾਰਨ ਲਈ ਸਹਿਮਤੀ ਪ੍ਰਗਟਾਈ ਹੈ। ਕਿਉਂਕਿ ਰੁੱਖਾਂ ਕਾਰਨ ਸੜਕੀ ਪ੍ਰਾਜੈਕਟਾਂ ਵਿੱਚ ਰੁਕਾਵਟ ਆਉਂਦੀ ਹੈ। ਇਸ ਲਈ ਸਰਕਾਰ ਇਹ ਮਾਮਲਾ ਐਨਜੀਟੀ ਕੋਲ ਵੀ ਚੁੱਕੇਗੀ।
ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਤਤਕਾਲੀ ਡਿਪਟੀ ਕਮਿਸ਼ਨਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਲਾਂਡਰਾਂ ਚੌਕ ’ਤੇ ਨਿੱਤ ਲਗਦੇ ਲੰਮੇ ਜਾਮ ਕਾਰਨ ਲੋਕਾਂ ਦੀ ਸਹੂਲਤ ਲਈ ਲਾਂਡਰਾਂ ਟੀ ਪੁਆਇੰਟ ’ਤੇ ਫਲਾਈਓਵਰ ਬਣਾਉਣ ਦਾ ਪ੍ਰਸਤਾਵ ਲਿਆਂਦਾ ਸੀ ਅਤੇ ਇਸ ਸਬੰਧੀ ਲੋਕ ਨਿਰਮਾਣ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਰਵੇ ਕੀ ਕੀਤਾ ਗਿਆ ਸੀ ਲੇਕਿਨ ਇਸ ਦੌਰਾਨ ਕੈਪਟਨ ਸਿੱਧੂ ਦਾ ਤਬਾਦਲਾ ਹੋ ਗਿਆ। ਇਸ ਮਗਰੋਂ ਹੋਰ ਕਿਸੇ ਅਧਿਕਾਰੀ ਨੇ ਇਸ ਪ੍ਰਾਜੈਕਟ ਵੱਲ ਤੱਕਿਆ ਤੱਕ ਨਹੀਂ। ਜਿਸ ਕਾਰਨ ਇਹ ਪ੍ਰਾਜੈਕਟ ਲਮਕ ਕੇ ਰਹਿ ਗਿਆ।
ਉਧਰ, ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸਰਕਾਰ ਦੀ ਪਹਿਲਕਦਮੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ। ਉਂਜ ਉਨ੍ਹਾਂ ਨੇ ਵੀ ਵਿਧਾਨ ਸਭਾ ਚੋਣਾਂ ਵੇਲੇ ਲਾਂਡਰਾਂ ਟੀ ਪੁਆਇੰਟ ’ਤੇ ਲਗਦੇ ਜਾਮ ਤੋਂ ਛੁਟਕਾਰਾ ਦਿਵਾਉਣ ਲਈ ਇਲਾਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ। ਸ੍ਰੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਸਰਕਾਰ ਬਣਦਿਆਂ ਹੀ ਸਰਕਾਰੀ ਹਸਪਤਾਲ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਮੁਹਾਲੀ ਵਿੱਚ ਸਰਕਾਰੀ ਮੈਡੀਕਲ ਤੇ ਖੋਜ ਕਾਲਜ ਦੀ ਸਥਾਪਨਾ ਨੂੰ ਹਰੀ ਝੰਡੀ ਦੁਆ ਕੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਰਸਮੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੋਹਾਣਾ ਤੋਂ ਲਾਂਡਰਾਂ ਅਤੇ ਲਾਂਡਰਾਂ ਤੋਂ ਸਰਹਿੰਦ ਤੱਕ ਸੜਕ ਨੂੰ ਦੋਵੇਂ ਪਾਸਿਓਂ ਮਜਬੂਤ ਅਤੇ ਚੌੜਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਰਹਿੰਦ ਮੋੜ ਅਤੇ ਲਾਂਡਰਾਂ ਤੋਂ ਮੁਹਾਲੀ ਵੱਲ ਸੜਕ ਦੇ ਦੋਵੇਂ ਪਾਸੇ ਸਰਵਿਸ ਲੇਨ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਰਦੀਆਂ ਤੋਂ ਤੁਰੰਤ ਬਾਅਦ ਇਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਕੀਤਾ ਜਾਵੇਗਾ।
ਸ੍ਰੀ ਸਿੱਧੂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਲਾਂਡਰਾਂ ਜੰਕਸ਼ਨ ਲਈ ਲੋੜੀਂਦੇ ਫੰਡ ਉਪਲਬਧ ਕਰਾਉਣ ਲਈ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਆੜੇ ਆਉਣ ਵਾਲੇ ਜਿੰਨੇ ਵੀ ਹਰੇ ਭਰੇ ਰੁੱਖਾਂ ਕੱਟੇ ਜਾਣਗੇ। ਉਨ੍ਹਾਂ ਦੀ ਥਾਂ ’ਤੇ ਦੂਗਣੇ ਰੁੱਖ ਲਗਾਏ ਜਾਣਗੇ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਤਿ ਹੋਣ ਤੋਂ ਬਚਾਇਆ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…