
ਘਰ-ਘਰ ਹਰਿਆਵਲ ਲਹਿਰ: ਖ਼ੁਸ਼ਹਾਲੀ ਦੇ ਰਾਖਿਆਂ ਨੇ ਪੌਦੇ ਲਗਾ ਕੇ ਦਿੱਤਾ ਵਾਤਾਵਰਨ ਦਾ ਹੋਕਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੁਲਾਈ:
ਖ਼ੁਸ਼ਹਾਲੀ ਦੇ ਰਾਖੇ (ਜੀਓਜੀ) ਮੁਹਾਲੀ ਤਹਿਸੀਲ ਦੀ ਟੀਮ ਨੇ ਪਿੰਡ ਚਾਚੂਮਾਜਰਾ ਦੇ ਸਰਕਾਰੀ ਐਲੀਮੈਂਟਰੀ ਸਕੂਲ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਪਿੰਡ ਦੀ ਫਿਰਨੀ, ਗੁਰਦੁਆਰਾ ਸਾਹਿਬ ਅਤੇ ਗੁੱਗਾ ਮਾੜੀ ਵਿੱਚ ਪੌਦੇ ਲਗਾ ਕੇ ਆਮ ਲੋਕਾਂ ਨੂੰ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਪਹਿਲਾਂ ਤੋਂ ਲੱਗੇ ਰੁੱਖਾਂ ਦੀ ਸਾਂਭ-ਸੰਭਾਲ ਕਰਨ ਲਈ ਜਾਗਰੂਕ ਕੀਤਾ।
ਇਸ ਮੌਕੇ ਸਰਪੰਚ ਸੁੱਚਾ ਸਿੰਘ, ਸਕੂਲ ਮੁਖੀ ਸ੍ਰੀਮਤੀ ਸੁਰਜੀਤ ਕੌਰ, ਸ੍ਰੀਮਤੀ ਰੇਨੂਬਾਲਾ, ਮੇਟ ਹਰਬੰਸ ਸਿੰਘ, ਮਗਨੇਰਗਾ ਦੇ ਦਿਹਾੜੀਦਾਰ ਅਤੇ ਜੀਓਜੀ ਟੀਮ ਦੇ ਤਹਿਸੀਲ ਸੁਪਰਵਾਈਜ਼ਰ ਸੂਬੇਦਾਰ ਮੇਜਰ ਸਿੰਘ, ਲੈਫ਼ਟੀਨੈਂਟ ਧੰਨਾ ਰਾਮ, ਸੂਬੇਦਾਰ ਪਰਮਜੀਤ ਸਿੰਘ, ਸੂਬੇਦਾਰ ਹਰਬੰਸ ਸਿੰਘ, ਸੂਬੇਦਾਰ ਚਰਨ ਸਿੰਘ, ਨਾਇਬ ਸੂਬੇਦਾਰ ਹਰਬੰਸ ਸਿੰਘ ਨੇ ਵੀ ਆਪਣੇ ਹੱਥੀਂ ਪੌਦੇ ਲਗਾਏ।
ਉਨ੍ਹਾਂ ਕਿਹਾ ਕਿ ਮਨੁੱਖ ਨੂੰ ਤੰਦਰੁਸਤ ਜੀਵਨ ਜਿਊਣ ਲਈ ਸ਼ੁੱਧ ਪਾਣੀ, ਹਵਾ ਤੇ ਮਿੱਟੀ ਦੀ ਲੋੜ ਹੁੰਦੀ ਹੈ ਪਰ ਆਧੁਨਿਕ ਯੁੱਗ ਦੀ ਤੇਜ਼ ਰਫ਼ਤਾਰ ਅਤੇ ਇਨਸਾਨ ਦੀਆਂ ਨਿੱਜੀ ਲੋੜਾਂ ਕਰਕੇ ਦਿਨ ਪ੍ਰਤੀ ਦਿਨ ਸਾਡਾ ਆਲਾ-ਦੁਆਲਾ ਗੰਧਲਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਰੁੱਖ ਹੀ ਸਾਡੇ ਆਲੇ ਦੁਆਲੇ ਨੂੰ ਹਰਿਆ-ਭਰਿਆ ਅਤੇ ਵਾਤਾਵਰਨ ਨੂੰ ਸ਼ੁੱਧ ਰੱਖ ਸਕਦਾ ਹੈ।

ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ।