ਘੋਰ ਲਾਪਰਵਾਹੀ: ਸ਼ਹਿਰ ਵਿੱਚ ਆਵਾਜਾਈ ਸਮੱਸਿਆ ਨੂੰ ਲੈ ਕੇ ‘ਆਪ’ ਵਿਧਾਇਕ ਨੇ ਚੁੱਕੇ ਸਵਾਲ

ਮੁਹਾਲੀ ਵਿੱਚ ਟਰੈਫ਼ਿਕ ਜਾਮ ਦਾ ਸਬੱਬ ਬਣ ਰਹੇ ਹਨ ਚਾਰ ਵੱਡੇ ਨਿੱਜੀ ਹਸਪਤਾਲ: ਕੁਲਵੰਤ ਸਿੰਘ

‘ਮੇਰੇ ਵੱਲੋਂ ਵਿਧਾਨ ਸਭਾ ਵਿੱਚ ਚੁੱਕਿਆ ਮੁੱਦਾ ਅਜੇ ਤਾਈਂ ਕਾਰਵਾਈ ਕਾਗਜ਼ਾਂ ਤੱਕ ਸੀਮਤ: ‘ਆਪ’ ਵਿਧਾਇਕ

ਨਬਜ਼-ਏ-ਪੰਜਾਬ, ਮੁਹਾਲੀ, 18 ਜੂਨ:
ਮੁਹਾਲੀ ਵਿੱਚ ਆਵਾਜਾਈ ਸਮੱਸਿਆ ਤੋਂ ਲੋਕ ਡਾਢੇ ਦੁਖੀ ਹਨ। ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਟਰੈਫ਼ਿਕ ਸਮੱਸਿਆ ਦਾ ਮੁੱਦਾ ਚੁੱਕਦਿਆਂ ਪੁਲੀਸ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜੇ ਕੀਤੇ ਹਨ। ਵਿਧਾਇਕ ਅਫ਼ਸਰਸ਼ਾਹੀ ਤੋਂ ਨਾ-ਖ਼ੁਸ਼ ਜਾਪਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਨਾਮੀ ਪ੍ਰਾਈਵੇਟ ਹਸਪਤਾਲ ਸ਼ਰ੍ਹੇਆਮ ਟਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉੱਡਾ ਰਹੇ ਹਨ। ਫੋਰਟਿਸ, ਮੈਕਸ, ਆਈਵੀਵਾਈ ਅਤੇ ਇੰਡਸ ਹਸਪਤਾਲਾਂ ਦੇ ਬਾਹਰ ਸੜਕਾਂ ਉੱਤੇ ਵਾਹਨ ਖੜੇ ਹੋਣ ਕਾਰਨ ਰਾਹਗੀਰਾਂ ਨੂੰ ਲੰਘਣ ਵਿੱਚ ਕਾਫ਼ੀ ਮੁਸ਼ਕਲ ਹੋ ਰਹੀ ਹੈ। ਇਸ ਸਬੰਧੀ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਇਹ ਮੁੱਦਾ ਜ਼ੋਰਾਂ-ਸ਼ੋਰਾਂ ਨਾਲ ਚੁੱਕਿਆ ਸੀ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।
ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਹਸਪਤਾਲਾਂ ਨੂੰ ਪਾਰਕਿੰਗ ਲਈ ਵਿਸ਼ੇਸ਼ ਜਗ੍ਹਾ ਦੀ ਮਨਜ਼ੂਰੀ ਦਿੱਤੀ ਗਈ ਸੀ ਜਿਸ ਵਿੱਚ ਕ੍ਰਮਵਾਰ ਮੈਕਸ ਹਸਪਤਾਲ ਨੂੰ 216.88 ਈਸੀਐਸ, ਆਈਵੀਵਾਈ ਨੂੰ 17564.491 ਵਰਗ ਫੁੱਟ, ਫੋਰਟਿਸ ਨੂੰ 10455.28 ਵਰਗ ਫੁੱਟ ਅਤੇ ਇੰਡਸ ਨੂੰ 2348.71 ਵਰਗ ਫੁੱਟ ਪਾਰਕਿੰਗ ਥਾਂ ਦੇ ਨਾਲ-ਨਾਲ ਬੇਸਮੈਂਟ ਪਾਰਕਿੰਗ ਸ਼ਾਮਲ ਸਨ, ਪਰ ਹਸਪਤਾਲ ਇਸ ਜਗ੍ਹਾ ਨੂੰ ਨਿੱਜੀ ਕੰਮਾਂ ਲਈ ਵਰਤ ਰਹੇ ਸਨ ਅਤੇ ਵਾਹਨ ਬਾਹਰ ਸੜਕਾਂ ’ਤੇ ਖੜ੍ਹੇ ਕੀਤੇ ਜਾਂਦੇ ਹਨ।
ਇਹ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਤੁਰੰਤ ਐਕਸ਼ਨ ਲੈਂਦਿਆਂ ਇਸ ਸਮੱਸਿਆ ਨੂੰ ਹੱਲ ਕਰਵਾਉਣ ਦਾ ਵਾਅਦਾ ਕੀਤਾ ਅਤੇ 16ਵੀਂ ਵਿਧਾਨ ਸਭਾ ਦੇ 6ਵੇਂ ਸੈਸ਼ਨ (ਬਜਟ ਸੈਸ਼ਨ) ਦੌਰਾਨ ਇਹ ਮੁੱਦਾ ਚੁੱਕਿਆ ਗਿਆ। ਜਿਸ ਦੇ ਜਵਾਬ ਵਿੱਚ ਸਰਕਾਰ ਨੇ ਕਿਹਾ ਕਿ ਗਮਾਡਾ ਵੱਲੋਂ ਹਸਪਤਾਲਾਂ ਦੇ ਬਿਲਡਿੰਗ ਪਲਾਨ ਪਾਸ ਕਰਦੇ ਸਮੇਂ ਵਾਹਨ ਪਾਰਕਿੰਗ ਲਈ ਥਾਂ ਨਿਰਧਾਰਿਤ ਕੀਤੀ ਗਈ ਸੀ ਪਰ ਜਾਂਚ ਕਰਨ ’ਤੇ ਪਾਇਆ ਗਿਆ ਕਿ ਹਸਪਤਾਲਾਂ ਵਿੱਚ ਬੇਸਮੈਂਟ ਪਾਰਕਿੰਗ ਨੂੰ ਨਿੱਜੀ ਮੰਤਵ ਲਈ ਵਰਤਿਆ ਜਾ ਰਿਹਾ ਹੈ। ਇਸ ਸਬੰਧੀ ਹਸਪਤਾਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ ਪਰ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ। ਉਨ੍ਹਾਂ ਨੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਤੇ ਪਾਰਕਿੰਗ ਦਾ ਮਸਲਾ ਛੇਤੀ ਹੱਲ ਕਰਵਾਉਣਗੇ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ ਸਰਕਾਰ ’ਤੇ ਵਾਰ-ਵਾਰ ਮ…