ਸਕੂਲ ਦੀ ਉਸਾਰੀ ਵਿੱਚ ਘੋਰ ਲਾਪਰਵਾਹੀ: ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ, ਬੇਦੀ ਨੇ ਗੰਭੀਰ ਨੋਟਿਸ ਲਿਆ
ਡਿਪਟੀ ਮੇਅਰ, ਐਸਡੀਐਮ, ਤਹਿਸੀਲਦਾਰ, ਡੀਈਓ ਤੇ ਕੌਂਸਲਰ ਨੇ ਲਿਆ ਜਾਇਜ਼ਾ, ਠੇਕੇਦਾਰ ਖ਼ਿਲਾਫ਼ ਕਾਰਵਾਈ ਮੰਗੀ
ਨਬਜ਼-ਏ-ਪੰਜਾਬ, ਮੁਹਾਲੀ, 17 ਜਨਵਰੀ:
ਇੱਥੋਂ ਦੇ ਸਰਕਾਰੀ ਹਾਈ ਸਕੂਲ ਫੇਜ਼-5 ਦੀ ਨਵੀਂ ਇਮਾਰਤ ਦੀ ਉਸਾਰੀ ਵਿੱਚ ਘੋਰ ਲਾਪਰਵਾਹੀ ਅਤੇ ਊਣਤਾਈਆਂ ਦਾ ਮਾਮਲਾ ਸਾਹਮਣੇ ਆਇਆ ਹੈ। ਠੇਕੇਦਾਰ ਦੀ ਲਾਪਰਵਾਹੀ ਦੇ ਚੱਲਦਿਆਂ ਅਸੁਰੱਖਿਅਤ ਢਾਂਚੇ ਨੇ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਸੂਚਨਾ ਮਿਲਦੇ ਹੀ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਇਲਾਕੇ ਦੀ ਕੌਂਸਲਰ ਬਲਜੀਤ ਕੌਰ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜਾਂਚ ਦੌਰਾਨ ਠੇਕੇਦਾਰ ਦੀ ਘੋਰ ਲਾਪਰਵਾਹੀ ਸਾਹਮਣੇ ਆਈ ਅਤੇ ਵੱਡੀ ਪੱਧਰ ’ਤੇ ਊਣਤਾਈਆਂ ਪਾਈਆਂ ਗਈਆਂ। ਉਨ੍ਹਾਂ ਇਸ ਨੂੰ ਗੰਭੀਰ ਮਾਮਲਾ ਕਰਾਰ ਦਿੰਦਿਆਂ ਪ੍ਰਿੰਸੀਪਲ, ਸਬੰਧਤ ਸਟਾਫ਼ ਅਤੇ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਇਸੇ ਦੌਰਾਨ ਐਸਡੀਐਮ ਦਮਨਦੀਪ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗਿੰਨੀ ਦੁੱਗਲ ਅਤੇ ਤਹਿਸੀਲਦਾਰ ਅਰਜਨ ਸਿੰਘ ਗਰੇਵਾਲ ਵੀ ਮੌਕੇ ’ਤੇ ਪਹੁੰਚ ਗਏ ਅਤੇ ਡੂੰਘਾਈ ਨਾਲ ਉਸਾਰੀ ਕਾਰਜਾਂ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਦੀ ਉਸਾਰੀ ਬਾਬਤ ਊਣਤਾਈਆਂ ਬਾਰੇ ਉਹ ਜਲਦੀ ਹੀ ਡਿਪਟੀ ਕਮਿਸ਼ਨਰ ਨੂੰ ਆਪਣੀ ਰਿਪੋਰਟ ਦੇਣਗੇ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਕੌਂਸਲਰ ਬਲਜੀਤ ਕੌਰ ਨੇ ਕਿਹਾ ਕਿ ਸਕੂਲ ਦੀ ਨਵੀਂ ਇਮਾਰਤ ਦੀ ਉਸਾਰੀ ਸਬੰਧੀ ਕਈ ਤਰ੍ਹਾਂ ਦੀਆਂ ਊਣਤਾਈਆਂ ਹਨ। ਨਵੀਂ ਪੌੜੀ ਅਤੇ ਰੈਂਪ ਦੀ ਉਪਲਬਧਤਾ ਨਹੀਂ ਹੈ, ਜਿਸ ਨਾਲ ਅੰਗਹੀਣ ਬੱਚਿਆਂ ਲਈ ਸਮੱਸਿਆ ਹੈ ਅਤੇ ਬਿਲਡਿੰਗ ਦੀ ਉਸਾਰੀ ਦੌਰਾਨ ਨਕਸ਼ੇ ਅਤੇ ਸੁਰੱਖਿਆ ਦੇ ਮਾਪਦੰਡਾਂ ਦੀ ਉਲੰਘਣਾ ਕੀਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਮੁਹਾਲੀ ਦੇ ਸਾਰੇ ਸਕੂਲਾਂ ਦੀ ਜਾਂਚ ਕਰਵਾਈ ਜਾਵੇ ਅਤੇ ਗਮਾਡਾ ਤੋਂ ਪਾਸ ਨਕਸ਼ੇ ਮੁਤਾਬਕ ਹੀ ਸਕੂਲਾਂ ਦੀਆਂ ਇਮਾਰਤਾਂ ਬਣਾਈਆਂ ਜਾਣ। ਫਿਲਹਾਲ ਐਸਡੀਐਮ ਨੇ ਉਸਾਰੀ ਦਾ ਕੰਮ ਬੰਦ ਕਰਵਾ ਦਿੱਤਾ ਹੈ।