Share on Facebook Share on Twitter Share on Google+ Share on Pinterest Share on Linkedin ਨਾਜਾਇਜ਼ ਸ਼ਰਾਬ ਦੀ ਵਿਕਰੀ ਰੋਕਣ ਲਈ ਸਮੂਹ ਐਂਟਰੀ ਪੁਆਇੰਟਾਂ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ: ਡੀਸੀ ਐਂਟਰੀ ਪੁਆਇੰਟਾਂ, ਸ਼ਰਾਬ ਦੀ ਭੱਠੀਆਂ ਤੇ ਬੋਤਲਾਂ ਦੇ ਪਲਾਂਟਾਂ ’ਤੇ 24 ਘੰਟੇ ਕੀਤੀ ਜਾਵੇਗੀ ਨਿਗਰਾਨੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਈ: ਜ਼ਿਲ੍ਹਾ ਪ੍ਰਸ਼ਾਸਨ ਨੇ ਨਾਜਾਇਜ਼ ਸ਼ਰਾਬ ਦੀ ਵਿਕਰੀ ਨੂੰ ਰੋਕਣ ਲਈ ਸਖ਼ਤ ਸ਼ਿਕੰਜਾ ਕੱਸ ਦਿੱਤਾ ਹੈ। ਗੁਆਂਢੀ ਸੂਬਿਆਂ ਨਾਲ ਲਗਦੇ ਸਮੂਹ ਐਂਟਰੀ ਪੁਆਇੰਟਾਂ ’ਤੇ ਪੁਲੀਸ ਕਰਮਚਾਰੀ ਅਤੇ ਆਬਕਾਰੀ ਵਿਭਾਗ ਦੀ ਸਾਂਝੀ ਟੀਮ ਵੱਲੋਂ ਦਿਨ-ਰਾਤ ਨਿਗਰਾਨੀ ਕੀਤੀ ਜਾਵੇਗੀ। ਇਸ ਗੱਲ ਦਾ ਖੁਲਾਸਾ ਅੱਜ ਸ਼ਾਮ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੀਤਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸਮੇਤ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਨਾਲ ਮੁਹਾਲੀ ਜ਼ਿਲ੍ਹੇ ਦੀਆਂ ਹੱਦਾਂ ਲੱਗਦੀਆਂ ਹਨ। ਚੰਡੀਗੜ੍ਹ ਅਤੇ ਹਰਿਆਣਾ ਵਿੱਚ ਸ਼ਰਾਬ ਸਸਤੀ ਹੁੰਦੀ ਹੈ, ਕਰਫਿਊ/ਲਾਕ-ਡਾਊਨ ਵਿੱਚ ਢਿੱਲ ਦੇ ਬਾਅਦ ਇਨ੍ਹਾਂ ਸਥਾਨਾਂ ਤੋਂ ਸ਼ਰਾਬ ਲਿਆਉਣ ਦੀ ਸੰਭਾਵਨਾ ਹੈ। ਇਸ ਲਈ ਮੁਹਾਲੀ ਦੇ ਸਮੂਹ ਐਂਟਰੀ ਪੁਆਇੰਟਾਂ ਦੀ ਨਿਗਰਾਨੀ ਲਾਜ਼ਮੀ ਹੋ ਗਈ ਹੈ ਕਿਉਂਕਿ ਇਹ ਸਿਰਫ਼ ਮੁਹਾਲੀ ਵਿੱਚ ਦਾਖ਼ਲਾ ਨਹੀਂ ਹੈ ਸਗੋਂ ਪੰਜਾਬ ਰਾਜ ਦਾ ਪ੍ਰਵੇਸ ਦੁਆਰ ਵੀ ਹੈ। ਇਸ ਸਬੰਧੀ ਨਾਜਾਇਜ਼ ਸ਼ਰਾਬ ਦੀ ਵਿਕਰੀ ਨੂੰ ਰੋਕਣ ਲਈ ਵਧੇਰੇ ਫੋਰਸ ਦੀ ਜ਼ਰੂਰਤ ਸਬੰਧੀ ਡੀਜੀਪੀ ਨੂੰ ਸਿਫਾਰਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਆਬਕਾਰੀ ਇੰਸਪੈਕਟਰਾਂ, ਹਲਕਾ ਪਟਵਾਰੀਆਂ ਅਤੇ ਪੰਚਾਇਤ ਸਕੱਤਰਾਂ ਦੀ ਅਗਵਾਈ ਵਾਲੀ ਫੀਲਡ ਟੀਮਾਂ ਪੁਰਾਣੀਆਂ ਇਮਾਰਤਾਂ, ਮੈਰਿਜ ਪੈਲੇਸਾਂ, ਚਾਵਲ ਮਿੱਲਾਂ, ਸੜਕਾਂ ਦੇ ਢਾਬਿਆਂ, ਗੋਦਾਮਾਂ, ਕੋਲਡ ਸਟੋਰਾਂ ਅਤੇ ਝੁੱਗੀਆਂ ਦਾ ਜਾਇਜ਼ਾ ਲੈਣਗੀਆਂ ਜਿੱਥੇ ਨਾਜਾਇਜ਼ ਸ਼ਰਾਬ ਦੇ ਭੰਡਾਰਨ ਦੀ ਸੰਭਾਵਨਾ ਹੈ। ਨੰਬਰਦਾਰਾਂ ਨੂੰ ਪਿੰਡਾਂ ਦੇ ਅੰਦਰ ਅਤੇ ਬਾਹਰੋਂ ਨਾਜਾਇਜ਼ ਸ਼ਰਾਬ ਦੇ ਭੰਡਾਰਨ ਅਤੇ ਆਵਾਜਾਈ ਦੀ ਰਿਪੋਰਟਿੰਗ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਜ਼ਿਲ੍ਹਾ ਪ੍ਰਧਾਨ ਜੀਓਜੀ ਆਪਣੇ ਇਲਾਕਿਆਂ ਵਿੱਚ ਇਸ ਦੀ ਸਖ਼ਤ ਨਿਗਰਾਨੀ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਪਾਇਲਫਰੇਜ ਨੂੰ ਰੋਕਣ ਲਈ ਸ਼ਰਾਬ ਦੀਆਂ ਭੱਠੀਆਂ ਅਤੇ ਬੋਤਲਾਂ ਵਾਲੇ ਪਲਾਂਟਾਂ ’ਤੇ ਪੁਲੀਸ ਮੁਲਾਜ਼ਮ ਅਤੇ ਆਬਕਾਰੀ ਦੀ ਟੀਮ ਵੱਲੋਂ ਸਾਂਝੇ ਤੌਰ ’ਤੇ ਨਿਗਰਾਨੀ ਕੀਤੀ ਜਾਵੇਗੀ। ਟਰੱਕਾਂ ਦੀ ਬਾਹਰੀ ਆਵਾਜਾਈ ’ਤੇ ਵੀ ਸਖ਼ਤ ਨਜ਼ਰ ਰੱਖੀ ਜਾਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਹ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਬਿਲ, ਬਿਲਟੀ ਅਤੇ ਈ-ਵੇਅਬਿਲ ਆਪਣੇ ਨਾਲ ਰੱਖਣ। ਡੀਸੀ ਨੇ ਸਾਫ਼ ਲਫ਼ਜ਼ਾਂ ਵਿੱਚ ਆਖਿਆ ਕਿ ਨਾਜਾਇਜ਼ ਸ਼ਰਾਬ ਦੀ ਵਿਕਰੀ ਅਤੇ ਅਣਅਧਿਕਾਰਤ ਤੌਰ ’ਤੇ ਸਟੋਰ ਕਰਕੇ ਰੱਖਣ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆਂ ਨਹੀਂ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ