nabaz-e-punjab.com

ਕੇਂਦਰੀ ਤਨਖ਼ਾਹ ਸਕੇਲ ਲਾਗੂ ਕਰਨ ਖ਼ਿਲਾਫ਼ ਜੀਟੀਯੂ ਵੱਲੋਂ ਦੋ ਪੜਾਵੀਂ ਸੰਘਰਸ਼ ਦਾ ਐਲਾਨ

ਭਲਕੇ 22 ਤੋਂ 28 ਅਕਤੂਬਰ ਤੱਕ ਫੂਕੀਆਂ ਜਾਣਗੀਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ

3 ਨਵੰਬਰ ਨੂੰ ਕੀਤੇ ਜਾਣਗੇ ਜ਼ਿਲ੍ਹਾ ਪੱਧਰ ’ਤੇ ਕੀਤੇ ਜਾਣਗੇ ਅਰਥੀ ਫੂਕ ਮੁਜ਼ਾਹਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਕਤੂਬਰ:
ਪੰਜਾਬ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ’ਤੇ ਕੇਂਦਰੀ ਤਨਖ਼ਾਹ ਸਕੇਲ ਲਾਗੂ ਕਰਨ ਦੇ ਤਾਜ਼ਾ ਫੈਸਲੇ ਨਾਲ ਅਧਿਆਪਕ ਵਰਗ ਵਿੱਚ ਹਾਹਾਕਾਰ ਮੱਚੀ ਹੋਈ ਹੈ। ਇਸ ਗੰਭੀਰ ਮੁੱਦੇ ’ਤੇ ਸੰਘਰਸ਼ ਦੀ ਰੂਪ-ਰੇਖਾ ਉਲੀਕਣ ਲਈ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਜੀਟੀਯੂ) ਦੀ ਅੱਜ ਆਨਲਾਈਨ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਵੇਰਵੇ ਦਿੰਦਿਆਂ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਅਤੇ ਸੁਰਜੀਤ ਸਿੰਘ ਮੁਹਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਛੇਵਾਂ ਪੇ-ਕਮਿਸ਼ਨ ਬਿਠਾਉਣ ਤੋਂ ਬਾਅਦ ਕੇਂਦਰੀ ਸਕੇਲ ਲਾਗੂ ਕਰਨਾ ਗੈਰ-ਤਰਕ ਸੰਗਤ ਹੈ। ਪੰਜਾਬ ਦੇ ਮੁਲਾਜ਼ਮਾਂ ਨੇ ਸਿਰੜੀ ਸੰਘਰਸ਼ਾਂ ਤੋਂ ਬਾਅਦ ਵੱਖਰੇ ਤਨਖਾਹ ਸਕੇਲ ਲਾਗੂ ਕਰਵਾਏ ਸਨ। ਪਰ ਹੁਣ ਪੰਜਾਬ ਦੀ ਕਾਂਗਰਸ ਸਰਕਾਰ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੇ ਵੱਖਰੇ ਸਕੇਲਾਂ ਨੂੰ ਇੱਕੋ ਝਟਕੇ ਵਿੱਚ ਖਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਮੁਲਾਜ਼ਮ ਵਿਰੋਧੀ ਹਮਲੇ ਹੋਰ ਤਿੱਖੇ ਹੋਣੇ ਹਨ।
ਮੁਲਾਜ਼ਮ ਵਿਰੋਧੀ ਇਸ ਹਮਲੇ ਦਾ ਜਵਾਬ ਦੇਣ ਲਈ ਜੀਟੀਯੂ ਵੱਲੋਂ ਐਲਾਨੇ ਸੰਘਰਸ਼ ਦੇ ਪਹਿਲੇ ਪੜਾਅ ਤਹਿਤ ਭਲਕੇ 22 ਤੋਂ 28 ਅਕਤੂਬਰ ਤੱਕ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਦੀਆਂ ਸਕੂਲ ਅਤੇ ਬਲਾਕ ਪੱਧਰ ’ਤੇ ਕਾਪੀਆਂ ਸਾੜੀਆਂ ਜਾਣਗੀਆਂ ਅਤੇ 3 ਨਵੰਬਰ ਨੂੰ ਜ਼ਿਲ੍ਹਾ ਪੱਧਰ ’ਤੇ ਕੈਪਟਨ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਇਸ ਸਬੰਧੀ ਸਾਂਝੇ ਸੰਘਰਸ਼ ਲਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਲਾਮਬੰਦ ਲਈ ਨੁੱਕੜ ਮੀਟਿੰਗਾਂ ਕੀਤੀਆਂ ਜਾਣਗੀਆਂ।
ਮੀਟਿੰਗ ਵਿੱਚ ਗੁਰਵਿੰਦਰ ਸਿੰਘ ਸਸਕੌਰ, ਰਣਜੀਤ ਸਿੰਘ ਮਾਨ, ਅਮਨਦੀਪ ਸ਼ਰਮਾ, ਜਗਦੀਪ ਸਿੰਘ ਜੌਹਲ, ਬਲਵਿੰਦਰ ਸਿੰਘ ਭੁੱਟੋ, ਗੁਰਦਾਸ ਮਾਨਸਾ, ਭਗਵੰਤ ਭਟੇਜਾ, ਕੁਲਦੀਪ ਪੁਰੋਵਾਲ, ਕਰਨੈਲ ਫਿਲੋਰ, ਤੀਰਥ ਸਿੰਘ ਬਾਸੀ, ਸੁਨੀਲ ਕੁਮਾਰ, ਹਰਜੀਤ ਸਿੰਘ ਗਲਵੱਟੀ, ਗੁਰਪ੍ਰੀਤ ਸਿੰਘ ਅੰਮੀਵਾਲ, ਕਮਲ ਨੈਨ, ਜਸਵਿੰਦਰ ਸਮਾਣਾ, ਰਾਜੇਸ ਕੁਮਾਰ, ਜੱਜ ਪਾਲ ਸਿੰਘ ਬਾਜੇਕੇ, ਗਣੇਸ਼ ਭਗਤ ਅਤੇ ਹੋਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…