nabaz-e-punjab.com

ਜੀਟੀਯੂ ਵੱਲੋਂ ਅਧਿਆਪਕਾਂ ਦੀ ਜੁਬਾਨਬੰਦੀ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਐਲਾਨ

ਸਿੱਖਿਆ ਵਿਭਾਗ ਦੇ ਸਕੱਤਰ ਦੀ ਬਦਲਾਖੋਰੀ ਨੀਤੀ ਦੀ ਸਖ਼ਤ ਨਿਖੇਧੀ

ਸੂਬਾ ਪ੍ਰਧਾਨ ਚਾਹਲ ਖ਼ਿਲਾਫ਼ ਦੋਸ਼ ਸੂਚੀ ਰੱਦ ਕਰਨ ਦੀ ਮੰਗ 8 ਜੂਨ ਨੂੰ ਜ਼ਿਲ੍ਹਾ ਪੱਧਰ ’ਤੇ ਦਿੱਤੇ ਰੋਸ ਪੱਤਰ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੂਨ:
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨਗੀ ਮੰਡਲ ਦੀ ਵੀਡੀਓ ਕਾਨਫਰੰਸ ਰਾਹੀਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਅਗਵਾਈ ਵਿੱਚ ਹੋਈ। ਮੀਟਿੰਗ ਦੇ ਵੇਰਵੇ ਦਿੰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਸੀਨੀਅਰ ਮੀਤ ਪ੍ਰਧਾਨ ਮੰਗਲ ਸਿੰਘ ਟਾਂਡਾ, ਵਿੱਤ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਅਤੇ ਪ੍ਰੈੱਸ ਸਕੱਤਰ ਸੁਰਜੀਤ ਸਿੰਘ ਮੁਹਾਲੀ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਅਧਿਆਪਕ ਮਸਲਿਆਂ ਦੀ ਅਣਦੇਖੀ ਕੀਤੀ ਜਾ ਰਹੀ ਹੈ।
ਅਧਿਆਪਕਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਜਿਨ੍ਹਾਂ ਵਿੱਚ ਅਧਿਆਪਕਾਂ ਨੂੰ ਜਾਰੀ ਹੋਈਆਂ ਦੋਸ਼ ਸੂਚੀਆਂ ਰੱਦ ਕਰਨਾ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨ, ਸਮਾਂਬੱਧ ਤਰੱਕੀਆਂ, ਮਿਡ ਡੇਅ ਮੀਲ ਦੀਆਂ ਸਮੱਸਿਆਵਾਂ, ਰੈਸਨੇਲਾਈਜੇਸ਼ਨ, ਸਾਰੇ ਸਕੂਲਾਂ ਨੂੰ ਸਮਾਰਟ ਬਣਾਉਣ, ਗਰਾਂਟਾਂ ਦੀ ਤਰਕਸੰਗਤ ਵੰਡ, ਹਜ਼ਾਰਾਂ ਅਧਿਆਪਕਾਂ ਨੂੰ ਗੈਰ ਵਿਗਿਆਨਕ ਪ੍ਰਾਜੈਕਟ ਦੇ ਨਾਂ ’ਤੇ ਸਕੂਲਾਂ ਤੋਂ ਬਾਹਰ ਰੱਖਣ, ਸਿੱਧੀ ਭਰਤੀ ਦਾ ਕੋਟਾ 25 ਫੀਸਦੀ ਤੋਂ ਮਨਮਰਜ਼ੀ ਨਾਲ ਵਧਾਉਣ, ਭ੍ਰਿਸ਼ਟਾਚਾਰ ਨਾਲ ਸਬੰਧਤ ਮਾਮਲਿਆਂ ਵਿੱਚ ਦੇਰੀ ਕਰਕੇ ਭ੍ਰਿਸ਼ਟਾਚਾਰ ਨੂੰ ਸ਼ਹਿ ਦੇਣ, ਦਾਗੀ ਸਿੱਖਿਆ ਅਧਿਕਾਰੀਆਂ ਨੂੰ ਸਰਕਾਰ ਦੇ ਫੈਸਲੇ ਦੇ ਉਲਟ ਜਾ ਕੇ ਸੇਵਾ ਵਿੱਚ ਵਾਧਾ ਦੇਣ ਆਦਿ ਅਨੇਕਾਂ ਮਸਲੇ ਹੱਲ ਨਹੀਂ ਕੀਤੇ ਗਏ। ਸਗੋਂ ਬਦਲਾ ਲਊ ਭਾਵਨਾ ਤਹਿਤ ਸੰਘਰਸ਼ਸ਼ੀਲ ਅਧਿਆਪਕ ਆਗੂਆਂ ਨੂੰ ਮਨਘੜਤ ਦੋਸ਼ ਲਗਾ ਕੇ ਜ਼ਲੀਲ ਕੀਤਾ ਜਾ ਰਿਹਾ ਹੈ।
ਤਾਜ਼ਾ ਘਟਨਾਕ੍ਰਮ ਅਨੁਸਾਰ ਗੌਰਮਿੰਟ ਟੀਚਰਜ਼ ਯੂਨੀਅਨ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੂੰ ਵਿਭਾਗੀ ਪੜਤਾਲ ਦੇ ਨਾਂ ਹੇਠ ਦੋਸ਼ ਸੂਚੀ ਜਾਰੀ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤਨਖ਼ਾਹ ਕਟੌਤੀ ਮਸਲੇ ਤੇ ਪਟਿਆਲਾ ਮੋਰਚੇ ਸਮੇਂ ਅਧਿਆਪਕਾਂ ਦੇ ਪੱਖ ਵਿੱਚ ਵਿਸ਼ਾਲ ਲਹਿਰ ਖੜੀ ਕਰਨ ਅਤੇ ਸਮੁੱਚੇ ਸੰਘਰਸ਼ ਦੌਰਾਨ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਵੱਲੋਂ ਨਿਭਾਏ ਮਿਸਾਲੀ ਤੇ ਦਲੇਰਾਨਾ ਰੋਲ ਤੋਂ ਸਿੱਖਿਆ ਅਧਿਕਾਰੀ ਖ਼ਫ਼ਾ ਹਨ। ਉਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਨੂੰ ਨਿਸ਼ਾਨਾ ਬਣਾ ਕੇ ਅਧਿਕਾਰੀ ਅਧਿਆਪਕਾਂ ਦੀ ਆਵਾਜ਼ ਦੀ ਤਾਲਾਬੰਦੀ ਕਰਨਾ ਚਾਹੁੰਦੇ ਹਨ। ਦੇਰ ਤੋਂ ਲੰਬਿਤ ਪਏ ਅਧਿਆਪਕ ਮਸਲਿਆਂ ਦੇ ਹੱਲ ਲਈ ਅਤੇ ਸੂਬਾ ਪ੍ਰਧਾਨ ਦੀ ਦੋਸ਼ ਸੂਚੀ ਰੱਦ ਕਰਵਾਉਣ ਲਈ ਸੰਘਰਸ਼ ਦੇ ਪਹਿਲੇ ਪੜਾਅ ਵਿੱਚ 8 ਜੂਨ ਨੂੰ ਜ਼ਿਲ੍ਹਾ ਪੱਧਰ ’ਤੇ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਨਾਂ ਰੋਸ ਪੱਤਰ ਦਿੱਤੇ ਜਾਣਗੇ। ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਅਧਿਆਪਕ ਮਸਲੇ ਤੁਰੰਤ ਹੱਲ ਕੀਤੇ ਜਾਣ ਅਤੇ ਸੰਘਰਸ਼ਸ਼ੀਲ ਆਗੂਆਂ ਖ਼ਿਲਾਫ਼ ਬਦਲਾ ਲਊ ਕਾਰਵਾਈਆਂ ਤੁਰੰਤ ਬੰਦ ਕਰਵਾਈਆਂ ਜਾਣ।
ਮੀਟਿੰਗ ਵਿੱਚ ਪਸਸਫ ਦੇ ਜਨਰਲ ਸਕੱਤਰ ਤੀਰਥ ਬਾਸੀ, ਕੁਲਵਿੰਦਰ ਸਿੰਘ, ਰਣਜੀਤ ਸਿੰਘ ਮਾਨ, ਪਿੰ੍ਰਸੀਪਲ ਅਮਨਦੀਪ ਸ਼ਰਮਾ, ਫਕੀਰ ਸਿੰਘ ਟਿੱਬਾ, ਬਲਵਿੰਦਰ ਭੁੱਕਲ, ਕੁਲਦੀਪ ਪੁਰੋਵਾਲ, ਕਰਨੈਲ ਫਿਲੌਰ, ਬਲਵਿੰਦਰ ਭੁੱਟੋ, ਭਗਵੰਤ ਭਟੇਜਾ, ਨਰਿੰਦਰ ਮਾਖਾ, ਕੇਵਲ ਸਿੰਘ, ਹਰਿੰਦਰ ਮੱਲੀਆਂ, ਬਖ਼ਸ਼ੀਸ਼ ਸਿੰਘ ਜਵੰਦਾ, ਗੁਰਦੀਪ ਬਾਜਵਾ, ਸੁਨੀਲ ਸ਼ਰਮਾ, ਮਨੋਹਰ ਲਾਲ ਸ਼ਰਮਾ, ਪੁਸ਼ਪਿੰਦਰ ਹਰਪਾਲਪੁਰ, ਪਰਮਜੀਤ ਸਿੰਘ, ਸੁਖਵਿੰਦਰਜੀਤ ਸਿੰਘ, ਰਾਜੇਸ਼ ਕੁਮਾਰ, ਦਿਲਦਾਰ ਭੰਡਾਲ, ਅਮਰਜੀਤ ਸਿੰਘ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …