nabaz-e-punjab.com

ਜੀਟੀਯੂ ਵੱਲੋਂ ਅਧਿਆਪਕਾਂ ਦੀਆਂ ਤਨਖ਼ਾਹਾਂ ਪ੍ਰਤੀ ਸਰਕਾਰ ਦੇ ਅਵੇਸਲੇਪਣ ਦੀ ਨਿੰਦਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੁਲਾਈ
ਸੂਬੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖ਼ਾਹਾਂ ਦੀ ਅਦਾਇਗੀ ਪ੍ਰਤੀ ਸਰਕਾਰ ਦੇ ਅਵੇਸਲੇਪਣ ਦੀ ਨਿੰਦਾ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਨੇ ਨਾਨ-ਪਲਾਨ ਟੈਮਪਰੇਰੀ, ਰਮਸਾ/ਐਸਐਸਏ ਸਕੀਮਾਂ ਅਧੀਨ ਕੰਮ ਕਰਦੇ ਅਧਿਆਪਕਾਂ ਅਤੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਦੀਆਂ ਤਨਖ਼ਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ ਅਤੇ ਨਾਲ਼ ਹੀ ਅਧਿਆਪਕਾਂ ਦੀਆਂ ਤਨਖ਼ਾਹਾਂ ਨਿਰਵਿਘਨ, ਬਿਨਾਂ ਦੇਰੀ ਦੇ ਅਦਾਇਗੀ ਲਈ ਸਥਾਈ ਬੰਦੋਬਸਤ ਕਰਨ ਦੀ ਮੰਗ ਕੀਤੀ ਹੈ।
ਜੀਟੀਯੂ ਦੇ ਸੂਬਾਈ ਪ੍ਰੈੱਸ ਸਕੱਤਰ ਸੁਰਜੀਤ ਮੁਹਾਲੀ ਵੱਲੋਂ ਜਾਰੀ ਪ੍ਰੈੱਸ-ਨੋਟ ਅਨੁਸਾਰ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਦੌੜਕਾ, ਵਿੱਤ ਸਕਤਰ ਗੁਰਬਿੰਦਰ ਸਸਕੌਰ, ਸੀਨੀਅਰ ਮੀਤ ਪ੍ਰਧਾਨ ਮੰਗਲ ਟਾਂਡਾ, ਮੀਤ ਪ੍ਰਧਾਨ ਰਣਜੀਤ ਮਾਨ ਅਤੇ ਕੁਲਵਿੰਦਰ ਮੁਕਤਸਰ, ਸੂਬਾਈ ਕਾਰਜਕਾਰਨੀ ਦੇ ਅਹੁਦੇਦਾਰਾਂ ਕੁਲਦੀਪ ਪੁਰੋਵਾਲ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਬਲਵਿੰਦਰ ਭੁੱਟੋ, ਕਰਨੈਲ ਫ਼ਿਲੌਰ ਅਤੇ ਹੋਰਨਾਂ ਨੇ ਦੋਸ਼ ਲਾਇਆ ਕਿ ਰਮਸਾ/ਐਸਐਸਏ ਸਕੀਮਾਂ ਅਧੀਨ ਕੰਮ ਕਰਦੇ ਮੁੱਖ-ਅਧਿਆਪਕਾਂ, ਅਧਿਆਪਕਾਂ ਅਤੇ ਐਸ.ਐਲ.ਏ. ਨੂੰ ਬੀਤੇ ਅਪਰੈਲ ਮਹੀਨੇ ਤੋਂ ਤਨਖ਼ਾਹਾਂ ਤੋਂ ਵਾਂਝੇ ਰੱਖ ਕੇ ਅਤਿ ਦੀ ਮਹਿੰਗਾਈ ਦੇ ਯੁੱਗ ਵਿੱਚ ਆਰਥਿਕ ਤੰਗੀਆਂ ਨਾਲ਼ ਜੂਝਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਆਗੂਆਂ ਅਨੁਸਾਰ ਨਾਨ-ਪਲਾਨ ਟੈਮਪਰੇਰੀ ਸਕੀਮ ਅਧੀਨ ਸਿੱਖਿਆ ਵਿਭਾਗ ਅਧੀਨ ਆਉਂਦੇ ਰੈਗੂਲਰ ਅਧਿਆਪਕਾਂ ਨੂੰ ਵੀ ਅਸਾਮੀਆਂ ਦੀ ਮਨਜ਼ੂਰੀ ਨਾ ਮਿਲਣ ਦੇ ਨਾਂ ਤੇ ਜੂਨ ਮਹੀਨੇ ਦੀ ਤਨਖ਼ਾਹ ਦੀ ਅਦਾਇਗੀ ਅੱਧ ਤੋਂ ਵੱਧ ਜੁਲਾਈ ਮਹੀਨਾ ਬੀਤ ਜਾਣ ਦੇ ਬਾਵਜ਼ੂਦ ਅਜੇ ਤੱਕ ਨਹੀਂ ਕੀਤੀ ਗਈ।
ਕੰਪਿਊਟਰ ਟੀਚਰ ਅਤੇ ਸਿੱਖਿਆ ਪ੍ਰੋਵਾਈਡਰ ਅਧਿਆਪਕ ਵੀ ਜੂਨ ਮਹੀਨੇ ਦੀ ਤਨਖ਼ਾਹ ਦੀ ਉਡੀਕ ਵਿੱਚ ਹਨ। ਆਗੂਆਂ ਹੈਰਾਨੀ ਪ੍ਰਗਟ ਕੀਤੀ ਕਿ ਸੂਚਨਾ-ਕਰਾਂਤੀ ਦੇ ਇਸ ਡਿਜ਼ੀਟਲ ਯੁੱਗ ਵਿੱਚ ਤਨਖ਼ਾਹਾਂ ਲਈ ਬਜਟ ਅਲਾਟਮੈਂਟ ਅਤੇ ਅਸਾਮੀਆਂ ਦੀ ਮਨਜ਼ੂਰੀ ਜਿਹੀਆਂ ਕਾਗਜ਼ੀ ਕਾਰਵਾਈਆਂ ਮਹੀਨਿਆਂ ਬੱਧੀ ਪ੍ਰਵਾਨ ਨਹੀਂ ਚੜ੍ਹਦੀਆਂ।ਆਗੂਆਂ ਮੰਗ ਕੀਤੀ ਕਿ ਹਰ ਵਰਗ ਦੇ ਅਧਿਆਪਕਾਂ ਦੀਆਂ ਤਨਖ਼ਾਹਾਂ ਤੁਰੰਤ ਜਾਰੀ ਕਰਦਿਆਂ ਤਨਖ਼ਾਹਾਂ ਦੀ ਸਮਾਂ-ਬੱਧ ਅਦਾਇਗੀ ਦੀ ਠੋਸ ਨੀਤੀ ਬਣਾਈ ਜਾਏ।

Load More Related Articles
Load More By Nabaz-e-Punjab
Load More In General News

Check Also

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ 8 ਮਾਰਚ ਨੂੰ ਸਿੱਖਿਆ ਮੰਤਰ…