nabaz-e-punjab.com

ਜੀਟੀਯੂ ਵੱਲੋਂ ਸਰਕਾਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਦੀ ਤਰੀਕ ਅੱਗੇ ਪਾਉਣ ਦੀ ਗੁਹਾਰ

ਪ੍ਰੀ-ਬੋਰਡ ਪ੍ਰੀਖਿਆ ਦੇ ਪੇਪਰਾਂ ਦੇ ਮੁਲਾਂਕਣ ਲਈ ਘੱਟੋ-ਘੱਟ ਇੱਕ ਹਫ਼ਤੇ ਦੀ ਹੋਰ ਮੋਹਲਤ ਦੇਵੇ ਸਰਕਾਰ

ਨਬਜ਼-ਏ-ਪੰਜਾਬ, ਮੁਹਾਲੀ, 29 ਜਨਵਰੀ:
ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਪੰਜਾਬ ਨੇ ਸਿੱਖਿਆ ਮੰਤਰੀ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਜਨਵਰੀ ਮਹੀਨੇ ਹੋ ਰਹੀ ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਨਤੀਜੇ ਮਾਪਿਆਂ ਨੂੰ ਦੱਸਣ ਲਈ ਰੱਖੀ ਮਾਪੇ-ਅਧਿਆਪਕ ਮਿਲਣੀ ਇੱਕ ਫਰਵਰੀ ਦੀ ਥਾਂ ਅੱਗੇ ਪਾਈ ਜਾਵੇ। ਅੱਜ ਇੱਥੇ ਜੀਟੀਯੂ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਸਸਕੌਰ ਅਤੇ ਪ੍ਰੈਸ ਸਕੱਤਰ ਧਰਮਿੰਦਰ ਸਿੰਘ ਭੰਗੂ ਨੇ ਕਿਹਾ ਕਿ ਪ੍ਰੀ-ਬੋਰਡ ਪ੍ਰੀਖਿਆ 30 ਜਨਵਰੀ ਤੱਕ ਚੱਲੇਗੀ ਪ੍ਰੰਤੂ ਸਿੱਖਿਆ ਵਿਭਾਗ ਵੱਲੋਂ ਮਾਪੇ-ਅਧਿਆਪਕ ਮਿਲਣੀ ਇੱਕ ਫਰਵਰੀ ਨੂੰ ਰੱਖੀ ਗਈ ਹੈ, ਜੋ ਬਹੁਤ ਨਜ਼ਦੀਕ ਹੈ।
ਇਸ ਤੋਂ ਇਲਾਵਾ ਇਨ੍ਹਾਂ ਦਿਨਾਂ ਦੌਰਾਨ ਹੀ ਅਧਿਆਪਕਾਂ ਦੀਆਂ ਵਿਸ਼ੇਸ਼ ਟਰੇਨਿੰਗਾਂ ਚੱਲ ਰਹੀਆਂ ਹਨ, ਸੋ ਅਧਿਆਪਕ ਵਰਗ ਨੂੰ ਸਕੂਲੀ ਬੱਚਿਆਂ ਦੇ ਪੇਪਰਾਂ ਦਾ ਮੁਲਾਂਕਣ ਕਰਨ ਲਈ ਪੂਰਾ ਸਮਾਂ ਨਹੀਂ ਮਿਲ ਰਿਹਾ ਹੈ। ਅਧਿਆਪਕ ਆਗੂਆਂ ਨੇ ਮੰਗ ਕੀਤੀ ਹੈ ਕਿ ਮਾਪੇ-ਅਧਿਆਪਕ ਮਿਲਣੀ ਦੀ ਤਰੀਕ ਇੱਕ ਫਰਵਰੀ ਤੋਂ ਬਦਲ ਕੇ ਅੱਗੇ ਪਾਈ ਜਾਵੇ, ਕਿਉਂਕਿ ਪ੍ਰੀ-ਬੋਰਡ ਪ੍ਰੀਖਿਆ ਦੇ ਪੇਪਰਾਂ ਦਾ ਮੁਲਾਂਕਣ ਕਰਨ ਲਈ ਅਧਿਆਪਕਾਂ ਨੂੰ ਇੱਕ ਹਫ਼ਤੇ ਦਾ ਸਮਾਂ ਤਾਂ ਚਾਹੀਦਾ ਹੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਮਾਪੇ-ਅਧਿਆਪਕ ਮਿਲਣੀ ਘੱਟੋ-ਘੱਟ ਪੰਜ ਫਰਵਰੀ ਤੱਕ ਅੱਗੇ ਟਾਲੀ ਜਾਵੇ ਤਾਂ ਜੋ ਸਹੀ ਤਰੀਕੇ ਨਾਲ ਪ੍ਰੀ-ਬੋਰਡ ਪ੍ਰੀਖਿਆ ਦੇ ਪੇਪਰਾਂ ਦਾ ਮੁਲਾਂਕਣ ਕੀਤਾ ਜਾ ਸਕੇ, ਕਿਉਂਕਿ ਪ੍ਰੀ-ਬੋਰਡ ਪ੍ਰੀਖਿਆ ਦੇ ਨੰਬਰ ਵੀ ਸਾਲਾਨਾ ਪ੍ਰੀਖਿਆਵਾਂ ਦੇ ਅੰਕਾਂ ਨਾਲ ਜੁੜਦੇ ਹਨ। ਉਂਜ ਵੀ ਪ੍ਰੀ-ਬੋਰਡ ਪ੍ਰੀਖਿਆ ਦੇ ਨਤੀਜੇ ਵਿਦਿਆਰਥੀਆਂ ਲਈ ਕਾਫ਼ੀ ਅਹਿਮ ਮੰਨੇ ਜਾਂਦੇ ਹਨ, ਕਿਉਂਕਿ ਇਨ੍ਹਾਂ ਨਤੀਜਿਆਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਹੀ ਵਿਦਿਆਰਥੀ ਅਤੇ ਅਧਿਆਪਕ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ। ਉਨ੍ਹਾਂ ਸਿੱਖਿਆ ਮੰਤਰੀ ਨੂੰ ਨਿੱਜੀ ਦਖ਼ਲ ਦੇ ਕੇ ਅਧਿਆਪਕਾਂ ਦੀ ਇਸ ਜਾਇਜ਼ ਮੰਗ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ।
ਇਸ ਮੌਕੇ ਕੁਲਬੀਰ ਸਿੰਘ ਕੰਧੋਲਾ, ਅਵਨੀਤ ਚੱਢਾ, ਗੁਰਪ੍ਰੀਤ ਹੀਰਾ, ਗੁਰਚਰਨ ਆਲੋਵਾਲ, ਅਵਤਾਰ ਸਿੰਘ ਜਵੰਦਾ, ਕੁਲਦੀਪ ਸਿੰਘ ਗਿੱਲ, ਦਵਿੰਦਰ ਸਿੰਘ ਸਮਾਣਾ, ਗੁਰਦੀਪ ਸਿੰਘ ਖਾਬੜਾ, ਰੂਪ ਚੰਦ, ਦਵਿੰਦਰ ਸਿੰਘ ਚਨੌਲੀ, ਸੁਰਿੰਦਰ ਸਿੰਘ ਚੱਕ ਢੇਰਾਂ, ਇਕਬਾਲ ਸਿੰਘ, ਸੰਜੀਵ ਕੁਮਾਰ ਮੋਠਾਪੁਰ, ਅਸ਼ੋਕ ਕੁਮਾਰ ਨੂਰਪੁਰ ਬੇਦੀ, ਵਿਕਾਸ ਸੋਨੀ ਅਨੰਦਪੁਰ ਸਾਹਿਬ ,ਅੰਮ੍ਰਿਤ ਸੈਣੀ ਨੰਗਲ, ਜਗਦੀਪ ਸਿੰਘ ਝੱਲੀਆਂ ਆਦਿ ਅਧਿਆਪਕ ਆਗੂ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…