ਅਮਰੂਦਾਂ ਦੇ ਬਾਗ ਮੁਆਵਜ਼ਾ ਘੁਟਾਲਾ: ਵਿਜੀਲੈਂਸ ਵੱਲੋਂ ਇੱਕ ਹੋਰ ਸੇਵਾਮੁਕਤ ਪਟਵਾਰੀ ਗ੍ਰਿਫ਼ਤਾਰ

ਵਿਜੀਲੈਂਸ ਨੇ ਬਹੁ-ਕਰੋੜੀ ਮੁਆਵਜ਼ਾ ਘੁਟਾਲੇ ਵਿੱਚ 19ਵੀਂ ਗ੍ਰਿਫ਼ਤਾਰੀ ਪਾਈ

ਨਬਜ਼-ਏ-ਪੰਜਾਬ, ਮੁਹਾਲੀ, 11 ਜੁਲਾਈ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਇੱਕ ਹੋਰ ਸੇਵਾਮੁਕਤ ਪਟਵਾਰੀ ਸੁਰਿੰਦਰਪਾਲ ਵਾਸੀ ਸੈਕਟਰ-70, ਮੁਹਾਲੀ ਨੂੰ ਅਮਰੂਦਾਂ ਦੇ ਬਾਗ ਮੁਆਵਜ਼ੇ ਵਿੱਚ ਹੋਏ ਕਰੋੜਾਂ ਰੁਪਏ ਦੇ ਘੁਟਾਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦੋਂ ਇਹ ਘੁਟਾਲਾ ਹੋਇਆ ਉਸ ਸਮੇਂ ਉਕਤ ਪਟਵਾਰੀ ਗਮਾਡਾ ਦੇ ਲੈਂਡ ਐਕੁਜ਼ੀਸ਼ਨ ਕੁਲੈਕਟਰ (ਐਲਏਸੀ) ਦੇ ਦਫ਼ਤਰ ਵਿੱਚ ਤਾਇਨਾਤ ਸੀ। ਇਸ ਘੁਟਾਲੇ ਵਿੱਚ ਇਹ 19ਵੀਂ ਗ੍ਰਿਫ਼ਤਾਰੀ ਹੈ। ਮੁਲਜ਼ਮਾਂ ਨੇ ਗਮਾਡਾ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਗਲਤ ਤਰੀਕੇ ਨਾਲ ਐਕਵਾਇਰ ਕੀਤੀ ਜ਼ਮੀਨ ਵਿੱਚ ਅਮਰੂਦਾਂ ਦੇ ਬਾਗ ਲੱਗੇ ਹੋਏ ਦਰਸਾ ਕੇ ਕਰੋੜਾਂ ਰੁਪਏ ਦਾ ਮੁਆਵਜ਼ਾ ਵਸੂਲਿਆ ਗਿਆ ਹੈ।
ਮੁਹਾਲੀ ਦੀ ਜੂਹ ਵਿੱਚ ਪਿੰਡ ਬਾਕਰਪੁਰ ਵਿਖੇ ਗਮਾਡਾ ਵੱਲੋਂ ਐਕਵਾਇਰ ਕੀਤੀ ਗਈ ਜ਼ਮੀਨ ਦੇ ਬਦਲੇ ਜਾਰੀ ਕੀਤੇ ਕਰੋੜਾਂ ਰੁਪਏ ਦੇ ਮੁਆਵਜ਼ੇ ਵਿੱਚ ਉਕਤ ਘਪਲੇਬਾਜ਼ੀ ਕੀਤੀ ਗਈ ਸੀ। ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਅਤੇ ਪਿੰਡ ਵਾਸੀਆਂ ਨੇ ਮੀਡੀਆ ਵਿੱਚ ਇਸ ਘਪਲੇਬਾਜ਼ੀ ਦਾ ਖ਼ੁਲਾਸਾ ਕੀਤਾ ਸੀ। ਇਸ ਤੋਂ ਬਾਅਦ ਵਿਜੀਲੈਂਸ ਵੱਲੋਂ ਸਮੁੱਚੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਗਈ। ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਵਿੱਚ ਕਈ ਉੱਚ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਵਿਜੀਲੈਂਸ ਵੱਲੋਂ ਬੀਤੇ ਦਿਨੀਂ ਉਕਤ ਮੁਲਜ਼ਮ ਦੇ ਸਾਥੀ ਪਟਵਾਰੀ ਸੁਰਿੰਦਰਪਾਲ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਸੁਰਿੰਦਰਪਾਲ ਨੇ ਗਲਤ ਤਰੀਕੇ ਨਾਲ ਆਯੋਗ ਲਾਭਪਾਤਰੀਆਂ ਨੂੰ ਮੁਆਵਜ਼ੇ ਦਾ ਲਾਭ ਦਿਵਾਉਣ ਲਈ ਗਲਤ ਸੂਚਨਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਬਾਗ਼ਬਾਨੀ ਵਿਭਾਗ ਵੱਲੋਂ ਮੁਆਵਜ਼ੇ ਦੀ ਸਿਫ਼ਾਰਸ਼ ਲਈ ਐਲਏਸੀ ਗਮਾਡਾ ਨੂੰ ਭੇਜੀ ਗਈ ਮੁਲਾਂਕਣ ਰਿਪੋਰਟ ਵਿੱਚ ਕੁਝ ਜ਼ਮੀਨ ਮਾਲਕਾਂ ਦੇ ਨਾਂ ਅਤੇ ਜ਼ਮੀਨ ਦਾ ਹਿੱਸਾ ਮਾਲ ਰਿਕਾਰਡ ਦੇ ਹਿਸਾਬ ਨਾਲ ਸਹੀ ਨਹੀਂ ਸੀ ਪ੍ਰੰਤੂ ਇਸ ਦੇ ਬਾਵਜੂਦ ਉਕਤ ਪਟਵਾਰੀ ਨੇ ਇਸ ’ਤੇ ਇਤਰਾਜ਼ ਲਗਾਉਣ ਦੀ ਬਜਾਏ ਬਾਗ਼ਬਾਨੀ ਵਿਭਾਗ ਦੀ ਰਿਪੋਰਟ ਅਨੁਸਾਰ ਮੁਆਵਜ਼ਾ ਰਾਸ਼ੀ ਜਾਰੀ ਕਰਨ ਦੀ ਰਿਪੋਰਟ ਕਰ ਦਿੱਤੀ। ਉਕਤ ਪਟਵਾਰੀ ਦੀ ਰਿਪੋਰਟ ਦੇ ਆਧਾਰ ’ਤੇ ਨਾਇਬ-ਤਹਿਸੀਲਦਾਰ ਨੇ ਇਹ ਕੇਸ ਤਤਕਾਲੀ ਐਲਏਸੀ ਨੂੰ ਅੱਗੇ ਭੇਜ ਦਿੱਤਾ, ਜਿਸ ਵੱਲੋਂ ਬਾਅਦ ਵਿੱਚ ਮੁਆਵਜ਼ੇ ਦੀਆਂ ਅਦਾਇਗੀਆਂ ਜਾਰੀ ਕਰ ਦਿੱਤੀਆਂ ਗਈਆਂ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਸੁਰਿੰਦਰਪਾਲ ਵਾਸੀ ਸੈਕਟਰ-70, ਮੁਹਾਲੀ ਨੂੰ ਅਮਰੂਦਾਂ ਦੇ ਬੂਟਿਆਂ ਦੇ ਬਹੁ-ਕਰੋੜੀ ਮੁਆਵਜ਼ਾ ਘੁਟਾਲੇ ਵਿੱਚ ਬਤੌਰ ਮੁਲਜ਼ਮ ਵਜੋਂ ਨਾਮਜ਼ਦ ਕਰਕੇ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ।

Load More Related Articles

Check Also

Punjab Police Thwarts Possible Terror Attack with Arrest of Two Operatives of Pak-ISI Backed Terror Module; 2.8kg IED Recovered

Punjab Police Thwarts Possible Terror Attack with Arrest of Two Operatives of Pak-ISI Back…