Nabaz-e-punjab.com

ਸੈਲੂਨ ਤੇ ਨਾਈ ਦੀਆਂ ਦੁਕਾਨਾਂ ’ਚ ਸਾਫ਼-ਸਫ਼ਾਈ ਤੇ ਸੈਨੇਟਾਈਜ਼ੇਸ਼ਨ ਲਈ ਦਿਸ਼ਾ ਨਿਰਦੇਸ਼ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਈ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਸਿਹਤ ਵਿਭਾਗ ਪੰਜਾਬ ਦੀ ਐਡਵਾਈਜ਼ਰੀ ਅਨੁਸਾਰ ਕਰੋਨਾਵਾਇਰਸ ਤੋਂ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਾਈ ਦੀਆਂ ਦੁਕਾਨਾਂ ਅਤੇ ਵਾਲ ਕੱਟਣ ਵਾਲੇ ਸੈਲੂਨ ਦੀ ਸਫ਼ਾਈ ਅਤੇ ਸਵੱਛਤਾ ਬਣਾਈ ਰੱਖਣ ਦੇ ਤਾਜ਼ਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਨਾਈ ਦੀਆਂ ਦੁਕਾਨਾਂ/ਸੈਲੂਨ ਦੇ ਮਾਲਕ ਇਹ ਯਕੀਨੀ ਬਣਾਉਣਗੇ ਕਿ ਕੋਵਿਡ-19 (ਬੁਖ਼ਾਰ, ਸੁੱਕੀ ਖੰਘ, ਸਾਹ ਲੈਣ ਵਿੱਚ ਮੁਸਕਲ) ਦੇ ਲੱਛਣ ਹੋਣ ਵਾਲਾ ਕੋਈ ਵੀ ਸਟਾਫ਼ ਮੈਂਬਰ ਘਰ ਹੀ ਰਹੇਗਾ ਅਤੇ ਡਾਕਟਰੀ ਸਲਾਹ ਲਵੇਗਾ। ਇਸੇ ਤਰ੍ਹਾਂ, ਅਜਿਹਾ ਲੱਛਣਾਂ ਵਾਲੇ ਕਿਸੇ ਵੀ ਗਾਹਕ ਨੂੰ ਸੇਵਾਵਾਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ। ਸੈਲੂਨ/ਨਾਈ ਦੀ ਦੁਕਾਨ ਦੇ ਮਾਲਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੁਕਾਨਾਂ ਵਿੱਚ ਬੇਲੋੜੀ ਭੀੜ ਜਮ੍ਹਾ ਨਾ ਹੋਵੇ। ਸੇਵਾਵਾਂ ਪ੍ਰਾਪਤ ਕਰਨ ਸਮੇਂ ਗਾਹਕਾਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ। ਮਾਲਕਾਂ ਅਤੇ ਸਟਾਫ਼ ਮੈਂਬਰਾਂ ਨੂੰ ਵੀ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ।
ਸ੍ਰੀ ਦਿਆਲਨ ਨੇ ਕਿਹਾ ਕਿ ਕੋਵਿਡ-19 ਦੀ ਰੋਕਥਾਮ ਨਾਲ ਸਬੰਧਤ ਸਾਰੇ ਦਿਸ਼ਾ-ਨਿਰਦੇਸ਼ ਜਿਵੇਂ ਕਿ ਸਾਬਣ ਅਤੇ ਪਾਣੀ ਜਾਂ ਅਲਕੋਹਲ ਆਧਾਰਿਤ ਸੈਨੇਟਾਈਜ਼ਰ ਨਾਲ ਹੱਥ ਧੋਣ ਅਤੇ 1 ਮੀਟਰ ਦੀ ਦੂਰੀ ਬਣਾਈ ਰੱਖਣਾ, ਸਾਹ ਅੰਗਾਂ ਦੀ ਸਫ਼ਾਈ, ਬਿਮਾਰੀ ਦੇ ਲੱਛਣਾਂ ’ਤੇ ਨਜ਼ਰ ਰੱਖਣਾ, ਜਨਤਕ ਥਾਵਾਂ ’ਤੇ ਥੁੱਕਣਾ ਨਹੀਂ ਚਾਹੀਦਾ। ਹਾਲਾਂਕਿ ਦੁਕਾਨ ਦੇ ਮਾਲਕਾਂ ਨੂੰ ਡਿਜੀਟਲ ਭੁਗਤਾਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਪਰ ਨਗਦ ਲੈਣ-ਦੇਣ ਦੇ ਢੰਗ ਦੀ ਵਰਤੋਂ ਦੀ ਸਥਿਤੀ ਵਿੱਚ ਦੁਕਾਨਦਾਰ, ਸਟਾਫ਼ ਅਤੇ ਗਾਹਕਾਂ ਨੂੰ ਨਗਦ ਲੈਣ-ਦੇਣ ਤੋਂ ਪਹਿਲਾਂ ਅਤੇ ਤੁਰੰਤ ਬਾਅਦ ਆਪਣੇ ਹੱਥਾਂ ਨੂੰ ਸਾਫ਼ ਕਰਨਾ ਚਾਹੀਦਾ ਹੈ। ਅੰਦਰਲੇ ਖੇਤਰ ਸਮੇਤ ਸਰਵਿਸ ਰੂਮ, ਇੰਤਜ਼ਾਰ ਖੇਤਰ, ਵਰਕ ਸਟੇਸ਼ਨਾਂ ਨੂੰ ਹਰ 2-3 ਘੰਟਿਆਂ ਬਾਅਦ ਸਾਫ਼ ਕਰਨਾ ਚਾਹੀਦਾ ਹੈ। ਜ਼ਮੀਨੀ ਫ਼ਰਸ਼ ਨੂੰ 1 ਫੀਸਦੀ ਸੋਡੀਅਮ ਹਾਈਪੋਕਲੋਰਾਈਟ ਨਾਲ ਸਾਫ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਫ਼ਰਨੀਚਰ ਅਤੇ ਅਕਸਰ ਛੋਹਦੀਆਂ ਸਤਹਾਂ ਅਤੇ ਚੀਜ਼ਾਂ ਨੂੰ ਨਿਯਮਤ ਤੌਰ ’ਤੇ ਸਾਫ਼/ਰੋਗਾਣੂ-ਮੁਕਤ ਕੀਤਾ ਜਾਣਾ ਚਾਹੀਦਾ ਹੈ।
ਡੀਸੀ ਨੇ ਕਿਹਾ ਕਿ ਰੇਜਰ, ਕੈਂਚੀ, ਕੰਘੀ ਅਤੇ ਸਟਾਈਲਿੰਗ ਟੂਲਜ਼ ਨੂੰ ਵਰਤੋਂ ਤੋਂ ਬਾਅਦ 1 ਫੀਸਦੀ ਸੋਡੀਅਮ ਹਾਈਪੋਕਲੋਰਾਈਟ ਨਾਲ ਸਾਫ਼ ਕੀਤਾ ਜਾਣਾ ਚਾਹੀਦਾ ਹੈ। ਕੋਟ, ਤੌਲੀਏ ਅਤੇ ਇਸ ਨਾਲ ਸਬੰਧਤ ਚੀਜ਼ਾਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਤੌਲੀਏ ਨੂੰ ਇਕ ਤੋਂ ਵੱਧ ਗਾਹਕਾਂ ਲਈ ਦੁਬਾਰਾ ਇਸਤੇਮਾਲ ਨਾ ਕੀਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…