Nabaz-e-punjab.com

ਕਰੋਨਾ ਵਾਇਰਸ ਨਾਲ ਫੌਤ ਹੋਏ ਲੋਕਾਂ ਦੀਆਂ ਅੰਤਿਮ ਰਸਮਾਂ ਨਿਭਾਉਣ ਬਾਰੇ ਹਦਾਇਤਨਾਮਾ ਜਾਰੀ ਹੋਵੇ: ਗਰੇਵਾਲ

ਕੌਂਸਲ ਵੱਲੋਂ ਕਰੋਨਾ ਦੇ ਫੈਲਣ ਸੰਬੰਧੀ ਪੈਦਾ ਹੋਏ ਭਰਮ ਅਤੇ ਖ਼ੌਫ਼ ਨੂੰ ਦੂਰ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 7 ਅਪ੍ਰੈਲ:
ਪੰਜਾਬੀ ਕਲਚਰਲ ਕੌਂਸਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਵਿਡ-19 ਵਾਇਰਸ ਤੋਂ ਪੀੜਤ ਮ੍ਰਿਤਕਾਂ ਦੀਆਂ ਦੇਹਾਂ ਦੀਆਂ ਅੰਤਿਮ ਰਸਮਾਂ ਸਨਮਾਨਜਨਕ ਢੰਗ ਨਾਲ ਨਿਭਾਉਣ ਸਬੰਧੀ ਸਖਤ ਹਦਾਇਤਨਾਮਾ ਜਾਰੀ ਕੀਤਾ ਜਾਵੇ ਤਾਂ ਜੋ ਕੋਈ ਵੀ ਪਿੰਡ ਅਤੇ ਸ਼ਹਿਰ ਦੀ ਸ਼ਮਸ਼ਾਨ ਭੂਮੀ ਵਿੱਚ ਅੰਤਿਮ ਰਸਮਾਂ ਕਰਨ ਤੋਂ ਰੋਕ ਨਾ ਸਕੇ। ਨਾਲ ਹੀ ਕੌਂਸਲ ਨੇ ਮੰਗ ਕੀਤੀ ਹੈ ਕਿ ਇਸ ਬਿਮਾਰੀ ਦੇ ਫੈਲਣ ਸੰਬੰਧੀ ਪੈਦਾ ਹੋਏ ਭਰਮ ਅਤੇ ਖ਼ੌਫ਼ ਨੂੰ ਦੂਰ ਕਰਵਾਉਣ ਅਤੇ ਲੋਕਾਂ ਵਿੱਚ ਸਮਾਜਿਕ ਸਰੋਕਾਰਾਂ ਸੰਬੰਧੀ ਵਿਸ਼ਵਾਸ਼ ਬਹਾਲੀ, ਭਰੋਸਾ ਅਤੇ ਭਾਈਚਾਰਕ ਨੇੜਤਾ ਮੁੜ੍ਹ ਬਹਾਲ ਕਰਾਉਣ ਦੇ ਯਤਨ ਕੀਤੇ ਜਾਣ।
ਅੱਜ ਇੱਥੇ ਇੱਕ ਬਿਆਨ ਵਿੱਚ ਪੰਜਾਬੀ ਕਲਚਰਲ ਕੌਂਸਲ (ਰਜਿ) ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਆਖਿਆ ਕਿ ਪਿਛਲੇ ਦਿਨਾਂ ਦੌਰਾਨ ਦੇਖਣ ਵਿੱਚ ਆਇਆ ਹੈ ਕਿ ਕਰੋਨਾ ਵਾਇਰਸ ਨਾਲ ਫੌਤ ਹੋਏ ਕੁਝ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਬਿਮਾਰੀ ਫੈਲਣ ਸੰਬੰਧੀ ਪੈਦਾ ਹੋਏ ਖ਼ੌਫ਼ ਕਾਰਨ ਸਸਕਾਰ ਦੀਆਂ ਅੰਤਿਮ ਰਸਮਾਂ ਨਿਭਾਉਣ ਅਤੇ ਮ੍ਰਿਤਕ ਦੇਹਾਂ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਗਿਆ। ਉਪਰੰਤ ਸਥਾਨਕ ਪੱਧਰ ਉਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਹ ਰਸਮਾਂ ਆਪਣੇ ਪੱਧਰ ਉਪਰ ਹੀ ਨਿਭਾਈਆਂ ਗਈਆਂ।
ਤਰਕਹੀਣ ਭਰਮਾਂ ਸਦਕਾ ਖ਼ੌਫ਼ਜਦਾ ਲੋਕਾਂ ਵੱਲੋਂ ਆਪਣੇ ਫ਼ੌਤ ਹੋਏ ਪਰਿਵਾਰਕ ਮੈਂਬਰਾਂ ਨੂੰ ਤਿਆਗੇ ਜਾਣ ਉਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਸਮਾਜ ਸੇਵੀ ਸ੍ਰੀ ਗਰੇਵਾਲ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਪੰਜਾਬ ਦੀ ਮਾਣਮੱਤੀ ਸਮਾਜਿਕ ਨੇੜਤਾ ਅਤੇ ਇੱਕ ਦੂਜੇ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋਣ ਦੀ ਭਾਈਚਾਰਕ ਸਾਂਝ ਨੂੰ ਤਕੜਾ ਝਟਕਾ ਲੱਗਾ ਹੈ ਜਿਸ ਦੇ ਭਵਿੱਖ ਵਿੱਚ ਦੂਰਰਸੀ ਸਿੱਟੇ ਨਿੱਕਲ ਸਕਦੇ ਹਨ।
ਕੌਂਸਲ ਦੇ ਮੁਖੀ ਸ੍ਰੀ ਗਰੇਵਾਲ ਨੇ ਕਿਹਾ ਕਿ ਕਰੋਨਾ ਪੀੜਤ ਮ੍ਰਿਤਕ ਦੇਹਾਂ ਦੇ ਸਨਮਾਨਜਨਕ ਸਸਕਾਰ ਕਰਨ ਜਾਂ ਦਫਨਾਉਣ ਦੇ ਮੁੱਦੇ ਉਤੇ ਸਥਾਨਕ ਸਰਕਾਰਾਂ ਅਤੇ ਪੰਚਾਇਤ ਵਿਭਾਗ ਰਾਹੀਂ ਹੇਠਲੇ ਪੱਧਰ ਤੱਕ ਹਦਾਇਤਨਾਮਾ ਜਾਂ ਆਰਡੀਨੈਂਸ ਜਾਰੀ ਕੀਤਾ ਜਾਣਾ ਚਾਹੀਦਾ ਤਾਂ ਜੋ ਭਾਰਤੀ ਖ਼ਾਸ ਕਰ ਪੰਜਾਬ ਦੀਆਂ ਸਮਾਜਿਕ ਰਵਾਇਤਾਂ ਨੂੰ ਆਂਚ ਨਾਂ ਆਵੇ ਅਤੇ ਕੋਈ ਵੀ ਸ਼ਹਿਰੀ ਜਾਂ ਪਿੰਡ ਵਾਸੀ ਅਜਿਹੇ ਦੁੱਖ ਦੀ ਘੜੀ ਮੌਕੇ ਕਿਸੇ ਨੂੰ ਵੀ ਸਸਕਾਰ ਜਾਂ ਦਫਨਾਉਣ ਤੋਂ ਮਨਾ ਨਾਂ ਕਰ ਸਕੇ। ਅਜਿਹੀ ਉਲੰਘਣਾ ਲਈ ਜੁਰਮਾਨੇ ਜਾਂ ਜੇਲ੍ਹ ਦੀ ਵਿਵਸਥਾ ਕੀਤੀ ਜਾ ਸਕਦੀ ਹੈ।
ਪੰਜਾਬੀ ਕਲਚਰਲ ਕੌਂਸਲ ਨੇ ਮੰਗ ਕੀਤੀ ਹੈ ਕਿ ਕਿਸੇ ਸਥਿਤੀ ਵਿੱਚ ਪੀੜਤ ਪਰਿਵਾਰ ਵੱਲੋਂ ਮ੍ਰਿਤਕ ਦੇਹ ਦਾ ਸਸਕਾਰ ਨਾਂ ਕਰਨ ਜਾ ਦਫਨਾਉਣ ਤੋਂ ਮਨਾ ਕਰਨ ਦੀ ਸੂਰਤ ਵਿੱਚ ਕੋਈ ਪੱਕੀ ਅਖਤਿਆਰੀ ਕਮੇਟੀ ਕਾਇਮ ਕੀਤੀ ਜਾਵੇ ਜਿਸ ਵਿੱਚ ਇਲਾਕੇ ਦਾ ਕੌਂਸਲਰ/ਨੰਬਰਦਾਰ/ਸਰਪੰਚ ਜਾਂ ਪੰਚਾਇਤ ਮੈਂਬਰ ਆਪਣੇ ਸ਼ਹਿਰ ਜਾਂ ਪਿੰਡ ਵਿੱਚ ਸਸਕਾਰ ਕਰਨ ਜਾਂ ਦਫਨਾਉਣ ਸੰਬੰਧੀ ਅੰਤਿਮ ਰਸਮਾਂ ਨਿਭਾਵੇ। ਇਸ ਤੋਂ ਇਲਾਵਾ ਸੰਬੰਧਤ ਮ੍ਰਿਤਕ ਦਾ ਅੰਤਿਮ ਭੋਗ ਜਾਂ ਰਸਮ ਉਠਾਲਾ/ਚੌਥਾ ਆਦਿ ਕਿਸੇ ਵੀ ਗੁਰਦਵਾਰਾ, ਮੰਦਰ, ਮਸਜਿਦ ਜਾਂ ਚਰਚ ਆਦਿ ਵਿੱਚ ਨਿਭਾਉਣ ਦੀ ਵਿਵਸਥਾ ਪੰਚਾਇਤ ਵਿਭਾਗ ਅਤੇ ਸਥਾਨਕ ਸਰਕਾਰਾਂ ਵਿਭਾਗ ਰਾਹੀਂ ਹੇਠਲੇ ਪੱਧਰ ਉਤੇ ਕਾਇਮ ਕੀਤੀ ਜਾਵੇ।
ਸ੍ਰੀ ਗਰੇਵਾਲ ਨੇ ਕਿਹਾ ਕਿ ਆਮ ਲੋਕ ਇਸ ਵਾਇਰਸ ਦੇ ਫੈਲਣ ਪ੍ਰਤੀ ਕਾਫ਼ੀ ਖ਼ੌਫ਼ਜਦਾ ਹਨ ਅਤੇ ‘ਸਮਾਜਿਕ ਦੂਰੀ’ ਰੱਖਣ ਦੇ ਨਾਅਰੇ ਨੇ ਅਸਲ ਮਾਅਨਿਆਂ ਵਿੱਚ ਪੁਸ਼ਤੈਨੀ ਨੇੜਤਾ ਨੂੰ ਖੋਰਾ ਲਾਇਆ ਹੈ। ਇਸ ਕਰਕੇ ਇਸ ਨਾਅਰੇ ਦੀ ਥਾਂ ‘ਆਪਸੀ ਜਾਂ ਸਰੀਰਕ ਦੂਰੀ’ ਦਾ ਨਾਮ ਦਿੱਤਾ ਜਾਵੇ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਸਿਹਤ ਵਿਭਾਗ ਦੇ ਮਾਹਿਰਾਂ ਰਾਹੀ ਦੁਵੱਲ਼ੀ ਵਿਸ਼ਵਾਸ ਬਹਾਲੀ ਕਰਨ ਅਤੇ ਲੋਕਾਂ ਨੂੰ ਭਾਈਚਾਰਕ ਸਾਂਝਾਂ ਕਾਇਮ ਰੱਖਣ ਲਈ ਉਤਸ਼ਾਹਿਤ ਕੀਤਾ ਜਾਵੇ।

Load More Related Articles
Load More By Nabaz-e-Punjab
Load More In Important Stories

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…