Nabaz-e-punjab.com

ਨਾਜਾਇਜ਼ ਕਬਜ਼ੇ ਹਟਾਉਣ ਦੀ ਆੜ ਵਿੱਚ ਹਰਿਆਲੀ ਨੂੰ ਕੀਤਾ ਜਾ ਰਿਹਾ ਹੈ ਤਹਿਸ ਨਹਿਸ

ਪੁਲੀਸ ਅਫ਼ਸਰਾਂ ਤੇ ਸਿਆਸੀ ਪਹੁੰਚ ਵਾਲੇ ਲੋਕਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਨਹੀਂ ਆ ਰਹੇ ਨਜ਼ਰ

ਨਾਜਾਇਜ਼ ਕਬਜ਼ੇ ਹਟਾਉਣ ਲਈ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਜਾਵੇਗਾ: ਕਮਿਸ਼ਨਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਦਸੰਬਰ
ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਦੇ ਰਿਹਾਇਸ਼ੀ ਖੇਤਰ ’ਚੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਆੜ ਵਿੱਚ ਸ਼ਰ੍ਹੇਆਮ ਹਰਿਆਲੀ ਨੂੰ ਤਹਿਸ ਨਹਿਸ ਕੀਤਾ ਜਾ ਰਿਹਾ ਹੈ। ਹਾਲਾਂਕਿ ਘਰਾਂ ਦੇ ਮੂਹਰੇ ਅਤੇ ਸਾਈਡ ਵਿੱਚ ਖਾਲੀ ਪਈ ਥਾਂ ਵਿੱਚ ਲੋਕਾਂ ਨੇ ਆਪਣੇ ਪੱਧਰ ’ਤੇ ਫੁੱਲ ਬੂਟੇ ਲਗਾ ਕੇ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਏ ਗਏ ਹਨ ਪ੍ਰੰਤੂ ਗਰੀਨ ਬੈਲਟਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਨਗਰ ਨਿਗਮ ਦੇ ਸਟਾਫ਼ ਵੱਲੋਂ ਆਮ ਲੋਕਾਂ ਦੇ ਘਰਾਂ ਨੂੰ ਤਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਲੇਕਿਨ ਉੱਥੇ ਨੇੜੇ-ਤੇੜੇ ਹੀ ਰਹਿੰਦੇ ਸੀਨੀਅਰ ਪੁਲੀਸ ਅਫ਼ਸਰਾਂ ਅਤੇ ਸਿਆਸੀ ਪਹੁੰਚ ਵਾਲੇ ਵਿਅਕਤੀਆਂ ਵੱਲੋਂ ਕਾਫੀ ਦੂਰ ਤੱਕ ਸਰਕਾਰੀ ਜ਼ਮੀਨ ’ਤੇ ਕੀਤੇ ਨਾਜਾਇਜ਼ ਕਬਜ਼ੇ ਨਿਗਮ ਸਟਾਫ਼ ਨੂੰ ਨਜ਼ਰ ਨਹੀਂ ਆ ਰਹੇ ਹਨ।
ਇਸ ਤਰ੍ਹਾਂ ਦਾ ਇਕ ਤਾਜ਼ਾ ਮਾਮਲਾ ਇੱਥੋਂ ਦੇ ਫੇਜ਼-3ਬੀ1 ਵਿੱਚ ਦੇਖਣ ਨੂੰ ਮਿਲਿਆ ਹੈ। ਨਗਰ ਨਿਗਮ ਦੇ ਐਸਡੀਓ ਸੁਖਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ। ਪੀੜਤ ਮਨਜੀਤ ਸਿੰਘ ਮੁਲਤਾਨੀ ਅਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਨਿਗਮ ਟੀਮ ਨੇ ਸਿਰਫ਼ ਕੁਝ ਕੁ ਘਰਾਂ ’ਤੇ ਇਹ ਕਾਰਵਾਈ ਕਰਦਿਆਂ ਹਰੇ ਭਰੇ ਬਗੀਚਿਆਂ ਨੂੰ ਤਹਿਸ ਨਹਿਸ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਅਸ਼ੋਕਾ ਦਰੱਖਤ ਵੀ ਪੁੱਟ ਦਿੱਤੇ ਗਏ ਹਨ ਪ੍ਰੰਤੂ ਨਾਲ ਲਗਦੇ ਪੁਲੀਸ ਅਧਿਕਾਰੀਆਂ ਅਤੇ ਹੋਰ ਰਸੂਖਵਾਨਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਨਹੀਂ ਹਟਾਏ ਗਏ। ਸਗੋਂ ਜਿੰਨੀ ਥਾਂ ਵਿੱਚ ਪਹੁੰਚ ਵਾਲੇ ਵਿਅਕਤੀਆਂ ਨੇ ਕਬਜ਼ਾ ਕੀਤਾ ਹੋਇਆ ਹੈ। ਉਸ ਦੇ ਆਲੇ ਦੁਆਲੇ ਪੇਵਰ ਬਲਾਕ ਲਗਾ ਕੇ ਉਸ ਥਾਂ ਨੂੰ ਪੱਕਾ ਕੀਤਾ ਗਿਆ ਹੈ।
ਇਕ ਪੀੜਤ ਪਰਿਵਾਰ ਦੀਆਂ ਅੌਰਤਾਂ ਨੇ ਦੱਸਿਆ ਕਿ ਨਗਰ ਨਿਗਮ ਨੇ ਇਸ ਕਾਰਵਾਈ ਨੂੰ ਉਦੋਂ ਅੰਜਾਮ ਦਿੱਤਾ ਜਦੋਂ ਉਹ ਘਰ ਵਿੱਚ ਮੌਜੂਦ ਨਹੀਂ ਸਨ ਜਦੋਂਕਿ ਅਜਿਹਾ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਅਗਾਊਂ ਜਾਣਕਾਰੀ ਦੇਣੀ ਬਣਦੀ ਸੀ। ਅੌਰਤਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਐਸਡੀਓ ਨੂੰ ਪੁਲੀਸ ਅਫ਼ਸਰਾਂ ਅਤੇ ਹੋਰਨਾਂ ਘਰਾਂ ਵੱਲੋਂ ਕੀਤੇ ਕਬਜ਼ਿਆਂ ਨੂੰ ਨਾ ਹਟਾਉਣ ਬਾਰੇ ਪੁੱਛਿਆ ਗਿਆ ਤਾਂ ਐਸਡੀਓ ਨੇ ਇਹ ਕਹਿ ਕੇ ਆਪਣਾ ਪੱਲਾ ਛੁਡਵਾ ਲਿਆ ਕਿ ਉਹ ਮਜਬੂਰ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇੱਥੋਂ ਦੇ ਫੇਜ਼-10 ਦੇ ਰਿਹਾਇਸ਼ੀ ਖੇਤਰ ਵਿੱਚ ਘਰਾਂ ਦੇ ਮੂਹਰੇ ਬਣੇ ਰੈਂਪ ਤੋੜਨ ਦੀ ਕਾਰਵਾਈ ਨੂੰ ਅੰਜਾਮ ਦੇਣ ਵੇਲੇ ਨਿਗਮ ਸਟਾਫ਼ ਵੱਲੋਂ ਪੱਖਪਾਤ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਪੀੜਤ ਮਕਾਨ ਮਾਲਕ ਪਰਵਿੰਦਰ ਸਿੰਘ ਨੇ ਨਗਰ ਨਿਗਮ ਦੀ ਟੀਮ ’ਤੇ ਪੱਖਪਾਤ ਕਰਨ ਦਾ ਦੋਸ਼ ਲਗਾਉਂਦਿਆਂ ਦੱਸਿਆ ਸੀ ਕਿ ਨਿਗਮ ਸਟਾਫ਼ ਨੇ ਇਕ ਸਿਰੇ ਤੋਂ ਕਾਰਵਾਈ ਨੂੰ ਅੰਜਾਮ ਦੇਣ ਦੀ ਥਾਂ ਅਧ ਵਿਚਾਲਿਓਂ ਸਿਰਫ਼ ਉਸ ਦੇ ਮਕਾਨ ਨੂੰ ਹੀ ਨਿਸ਼ਾਨਾ ਬਣਾਇਆ ਗਿਆ।
(ਬਾਕਸ ਆਈਟਮ)
ਮੁਹਾਲੀ ਨਿਗਮ ਦੇ ਕਮਿਸ਼ਨਰ ਕਮਲ ਗਰਗ ਨੇ ਕਿਹਾ ਕਿ ਸ਼ਹਿਰ ਵਿੱਚ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨਾਲ ਕੋਈ ਲਿਹਾਜ਼ ਨਹੀਂ ਕੀਤੀ ਜਾਵੇਗੀ ਅਤੇ ਸਾਰੇ ਸ਼ਹਿਰ ’ਚੋਂ ਬਿਨਾਂ ਪੱਖਪਾਤ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾਣਗੇ। ਉਨ੍ਹਾਂ ਪੱਖਪਾਤ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਕਸੂਰਵਾਰ ਲੋਕ ਅਕਸਰ ਕਾਰਵਾਈ ਤੋਂ ਬਚਨ ਲਈ ਝੂਠੇ ਦੋਸ਼ ਲਗਾਉਂਦੇ ਰਹਿੰਦੇ ਹਨ। ਉਂਜ ਏਨਾ ਜ਼ਰੂਰ ਕਿਹਾ ਕਿ ਜੇਕਰ ਇਸ ਕਾਰਵਾਈ ਦੌਰਾਨ ਨਿਗਮ ਸਟਾਫ਼ ਦੀ ਲਾਪਰਵਾਹੀ ਜਾਂ ਪੱਖਪਾਤ ਦੀ ਗੱਲ ਸਾਹਮਣੇ ਆਈ ਤਾਂ ਸਬੰਧਤ ਸਟਾਫ਼ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ ਅਤੇ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …