
ਗੁਲਦਾਉਦੀ ਸ਼ੋਅ: ਰੰਗ ਬਿਰੰਗੇ ਫੁੱਲਾਂ ਨਾਲ ਸਜਿਆ ਸਰਵਹਿੱਤਕਾਰੀ ਸਕੂਲ ਦਾ ਵਿਹੜਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਦਸੰਬਰ:
ਇੱਥੋਂ ਦੇ ਸੈਕਟਰ-71 ਸਥਿਤ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਲਕੇ 10 ਦਸੰਬਰ ਤੋਂ ਸ਼ੁਰੂ ਹੋ ਰਹੇ ਪਹਿਲੇ ਗੁਲਦਾਉਦੀ ਸ਼ੋਅ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਚੰਡੀਗੜ੍ਹ ਨਗਰ ਨਿਗਮ ਵੱਲੋਂ ਕਰਵਾਏ ਗਏ ਵੱਡੇ ਗੁਲਦਾਉਦੀ ਸ਼ੋਅ ਤੋਂ ਬਾਅਦ ਮੁਹਾਲੀ ਵਿੱਚ ਫੁੱਲਾਂ ਦੀ ਪਹਿਲੀ ਪ੍ਰਦਰਸ਼ਨੀ ਦੀ ਚਰਚਾ ਜ਼ੋਰਾਂ ’ਤੇ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਦਿਆ ਭਾਰਤੀ ਉਤਰ ਖੇਤਰ ਦੇ ਰਿਜਨਲ ਐਨਵਾਇਰਨਮੈਂਟ ਕੋਆਰਡੀਨੇਟਰ ਓਮ ਪ੍ਰਕਾਸ਼ ਮਨੌਲੀ ਨੇ ਦੱਸਿਆ ਕਿ ਸ਼ੋਅ ਦਾ ਉਦਘਾਟਨ ਸੀਬੀਐੱਸਈ ਦੇ ਰਿਜਨਲ ਅਫ਼ਸਰ ਸ਼ਵੇਤਾ ਅਰੋੜਾ ਕਰਨਗੇ ਜਦੋਂਕਿ ਗੈੱਸਟ ਆਫ਼ ਆਨਰ ਵਜੋਂ ਬ੍ਰਿਗੇਡੀਅਰ ਆਰਐੱਸ ਕਾਹਲੋਂ ਅਤੇ ਸਮਾਜ ਸੇਵਕਾ ਜਗਜੀਤ ਕੌਰ ਕਾਹਲੋਂ ਪੌਦਾ ਲਗਾਉਣ ਦੀ ਰਸਮ ਅਦਾ ਕਰਨਗੇ। ਇਸ ਦੌਰਾਨ ਡਾ. ਰਾਜੀਵ ਕਪਿਲਾ ਹਰਬਲ ਪਲਾਂਟਸ ਉੱਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ।

ਓਮ ਪ੍ਰਕਾਸ਼ ਮਨੌਲੀ ਨੇ ਦੱਸਿਆ ਕਿ ਗੁਲਦਾਉਦੀ ਦੀਆਂ 72 ਕਿਸਮਾਂ ਦੇ ਫੁੱਲਾਂ ਨੂੰ ਪਿਛਲੇ ਕਰੀਬ ਡੇਢ ਮਹੀਨੇ ਤੋਂ ਲਗਾਤਾਰ ਦੇਖ-ਰੇਖ ਕਰਕੇ ਸਵਾਰਿਆ ਜਾ ਰਿਹਾ ਹੈ, ਇਸ ਸਬੰਧੀ 10 ਵਿਸ਼ੇਸ਼ ਵਿਅਕਤੀਆਂ ਦੀ ਇੱਕ ਟੀਮ ਕੰਮ ਕਰ ਰਹੀ ਹੈ। ਹਰਬਲ ਸੀਡਜ਼ ਹਰਬੇਰੀਅਮ ਵਿੱਚ ਕਰੀਬ 130 ਪ੍ਰਜਾਤੀਆਂ ਦੀਆਂ ਜੜੀਆਂ ਬੂਟੀਆਂ ਦੀ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ ਜੋ ਕਿ ਪ੍ਰੋਗਰਾਮ ਦਾ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗੀ। ਮਨੌਲੀ ਨੇ ਦੱਸਿਆ ਕਿ ਸਰਵਹਿੱਤਕਾਰੀ ਸੁਸਾਇਟੀ ਵੱਲੋਂ ‘ਗੁਲਦਾਉਦੀ ਸ਼ੋਅ ਦੀ ਇਹ ਪਹਿਲਾ ਉਪਰਾਲਾ ਹੈ। ਖ਼ਾਸ ਕਰਕੇ ਵਾਤਾਵਰਨ ਦੀ ਸੰਭਾਲ ਅਤੇ ਪੌਦਿਆਂ ਨਾਲ ਪਿਆਰ ਦੀ ਭਾਵਨਾ ਬਣਾਏ ਰੱਖਣ ਲਈ ਇਹ ਉੱਦਮ ਕੀਤਾ ਜਾ ਰਿਹਾ ਹੈ।