ਸੋਹਾਣਾ ਦੇ ਪੰਜਾਬੀ ਢਾਬਾ ਵਿੱਚ ਚਲੀਆਂ ਗੋਲੀਆਂ, ਢਾਬੇ ਦੇ ਮਾਲਕ ਸਣੇ ਤਿੰਨ ਜ਼ਖ਼ਮੀ

ਆਪਸੀ ਰੰਜ਼ਿਸ਼ ਦੇ ਚੱਲਦਿਆਂ ਜੀਜੇ ਨੇ ਸਾਲ ਨੂੰ ਮਾਰੀਆਂ ਗੋਲੀਆਂ, ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਪਰੈਲ:
ਨਜ਼ਦੀਕੀ ਪਿੰਡ ਸੋਹਾਣਾ ਵਿੱਚ ਗੁਰਦੁਆਰਾ ਅਕਾਲ ਆਸ਼ਰਮ ਨੇੜੇ ਸਥਿਤ ਪੰਜਾਬੀ ਢਾਬਾ ਵਿੱਚ ਅੱਜ ਢਾਬਾ ਮਾਲਕ ਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਵਲੋੱ ਆਪਸੀ ਰੰਜਿਸ਼ ਤੇ ਹੋਈ ਬਹਿਸਬਾਜ਼ੀ ਤੋਂ ਬਾਅਦ ਰਿਵਾਲਵਰ ਕੱਢ ਕੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਢਾਬਾ ਮਾਲਕ ਅਤੇ ਹਮਲਾਵਰ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਮਲੇ ਵਿੱਚ ਗੋਲੀਆਂ ਚਲਾਉਣ ਵਾਲੇ ਵਿਅਕਤੀ ਦੀ ਬਾਂਹ ਵਿੱਚ ਗੋਲੀ ਲੱਗੀ ਹੈ। ਤੀਜਾ ਵਿਅਕਤੀ ਵੀ ਇਹਨਾਂ ਦੋਵਾਂ ਦਾ ਕਰੀਬੀ ਰਿਸ਼ਤੇਦਾਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 44 ਦੇ ਵਸਨੀਕ ਤਰਲੋਕ ਸਿੰਘ ਨਾਮ ਦੇ ਇੱਕ ਵਿਅਕਤੀ ਵੱਲੋਂ ਇੱਥੇ ਪੰਜਾਬੀ ਢਾਬਾ ਚਲਾਇਆ ਜਾ ਰਿਹਾ ਹੈ। ਤਰਲੋਕ ਸਿੰਘ ਦੀ ਆਪਣੇ ਜੀਜੇ ਕਰਤਾਰ ਸਿੰਘ ਨਾਲ ਨਿੱਜੀ ਰੰਜਿਸ਼ ਚਲ ਰਹੀ ਸੀ। ਅੱਜ ਸਵੇਰੇ ਤਰਲੋਕ ਸਿੰਘ ਆਪਣੇ ਭਾਣਜੇ ਹਨੀ ਦੇ ਨਾਲ ਦੁਕਾਨ ਤੇ ਮੌਜੂਦ ਸੀ ਜਦੋਂ ਕਰਤਾਰ ਸਿੰਘ ਵੀ ਉੱਥੇ ਆ ਗਿਆ ਅਤੇ ਉਸਦੀ ਤਰਲੋਕ ਸਿੰਘ ਨਾਲ ਕਿਸੇ ਗੱਲੋੱ ਬਹਿਸ ਸ਼ੁਰੂ ਹੋ ਗਈ ਜਿਸਤੋੱ ਬਾਅਦ ਕਰਤਾਰ ਸਿੰਘ ਵੱਲੋਂ ਆਪਣੀ ਲਾਈਸੰਸੀ ਰਿਵਾਲਵਰ ਕੱਢ ਕੇ ਤਰਲੋਕ ਸਿੰਘ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੌਰਾਨ ਜਦੋੱ ਤਰਲੋਕ ਸਿੰਘ ਦੇ ਭਾਣਜੇ ਹਨੀ ਨੇ ਤਰਲੋਕ ਸਿੰਘ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਜਖਮੀ ਹੋ ਗਿਆ ਅਤੇ ਇਸ ਦੌਰਾਨ ਕਰਤਾਰ ਸਿੰਘ ਨੂੰ ਵੀ ਗੋਲੀ ਲੱਗੀ ਹੈ।
ਇਸ ਮੌਕੇ ਆਸ ਪਾਸ ਦੇ ਦੁਕਾਨਦਾਰ ਅਤੇ ਵਸਨੀਕ ਇਕੱਠੇ ਹੋ ਗਏ ਜਿਹਨਾਂ ਵਲੋੱ ਜਖਮੀਆਂ ਨੂੰ ਸੋਹਾਣਾ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਪਹੁੰਚਾਇਆ ਗਿਆ ਅਤੇ ਪੁਲੀਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਮੁਹਾਲੀ ਦੇ ਐਸਪੀ ਪਰਮਿੰਦਰ ਸਿੰਘ ਭੰਡਾਲ, ਡੀ ਐਸ ਪੀ ਸਿਟੀ 2 ਅਤੇ ਐਸ ਐਚ ਓ ਰਾਜਨ ਪਰਮਿੰਦਰ ਸਿੰਘ ਵੀ ਮੌਕੇ ’ਤੇ ਪਹੁੰਚੇ। ਇਸ ਮੌਕੇ ਪੁਲੀਸ ਵੱਲੋਂ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਵਾਲੀ ਹਾਰਡ ਡਿਸਕ ਵੀ ਹਾਸਿਲ ਕੀਤੀ ਹੈ ਜਿਸ ਵਿੱਚ ਇਸ ਪੂਰੀ ਘਟਨਾ ਦੇ ਰਿਕਾਰਡ ਹੋਣ ਦੀ ਸੰਭਾਵਨਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਤਰਲੋਕ ਸਿੰਘ ਦੇ ਢਿੱਡ ਵਿੱਚ ਗੋਲੀਆਂ ਵੱਜੀਆਂ ਹਨ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਦੌਰਾਨ ਦੁਪਹਿਰ ਵੇਲੇ ਸੋਹਾਣਾ ਹਸਪਤਾਲ ਦੇ ਡਾਕਟਰਾਂ ਵਲੋੱ ਉਸਦੇ ਪੇਟ ਦਾ ਆਪਰੇਸ਼ਨ ਕੀਤਾ ਗਿਆ ਹੈ ਅਤੇ ਗੋਲੀਆਂ ਵੀ ਕੱਢ ਦਿੱਤੀਆਂ ਗਈਆਂ ਹਨ ਪਰੰਤੂ ਉਸਦੀ ਹਾਲਤ ਹੁਣੇ ਵੀ ਗੰਭੀਰ ਬਣੀ ਹੋਈ ਹੈ ਜਦੋਂ ਕਿ ਕਰਤਾਰ ਸਿੰਘ ਅਤੇ ਹਨੀ ਦੀ ਹਾਲਤ ਖਤਰੇ ਤੋੱ ਬਾਹਰ ਦੱਸੀ ਗਈ ਹੈ। ਕਰਤਾਰ ਸਿੰਘ ਦੀ ਬਾਂਹ ਦਾ ਭਲਕੇ ਆਪਰੇਸ਼ਨ ਕੀਤਾ ਜਾਵੇਗਾ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਜ਼ਿਲ੍ਹਾ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਇਹ ਮਾਮਲਾ ਪਰਿਵਾਰਕ ਰੰਜਿਸ਼ ਦਾ ਹੈ ਜਿਸ ਵਿੱਚ ਫੇਜ਼ 11 ਦੇ ਵਸਨੀਕ ਇੱਕ ਵਿਅਕਤੀ ਕਰਤਾਰ ਸਿੰਘ ਵੱਲੋਂ ਆਪਣੇ ਸਾਲੇ ਤਰਲੋਕ ਸਿੰਘ ਨਾਲ ਹੋਈ ਬਹਿਸ ਤੋੱ ਬਾਅਦ ਉਸਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਉਹਨਾਂ ਦੱਸਿਆ ਕਿ ਤਰਲੋਕ ਸਿੰਘ ਨੂੰ ਗੋਲੀ ਮਾਰਨ ਤੋੱ ਬਾਅਦ ਕਰਤਾਰ ਸਿੰਘ ਵਲੋੱ ਆਪਣੀ ਬਾਂਹ ਤੇ ਵੀ ਗੋਲੀ ਮਾਰ ਲਈ ਗਈ। ਉਹਨਾਂ ਦੱਸਿਆ ਕਿ ਘਟਨਾ ਵਿੱਚ ਵਰਤਿਆ ਗਿਆ। .32 ਬੋਰ ਦਾ ਰਿਵਾਲਵਰ ਕਰਤਾਰ ਸਿੰਘ ਦਾ ਲਾਈਸੰਸੀ ਹੈ ਅਤੇ ਪੁਲੀਸ ਵਲੋੱ ਕਰਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਪੁਲੀਸ ਵੱਲੋਂ ਕਰਤਾਰ ਸਿੰਘ ਦੇ ਵਿਰੁੱਧ ਆਈਪੀਸੀ ਦੀ ਧਾਰਾ 307 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …