
ਮੁਹਾਲੀ ਪੁਲੀਸ ਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ, ਦੋ ਗੈਂਗਸਟਰ ਜ਼ਖ਼ਮੀ
ਫਿਰੌਤੀ ਮੰਗਣ ਦੇ ਮਾਮਲਿਆਂ ਵਿੱਚ ਪੁਲੀਸ ਨੂੰ ਲੋੜੀਂਦੇ ਸਨ ਮੁਲਜ਼ਮ
ਨਬਜ਼-ਏ-ਪੰਜਾਬ, ਮੁਹਾਲੀ, 17 ਦਸੰਬਰ:
ਪਿੰਡ ਸਨੇਟਾ-ਲਾਂਡਰਾਂ ਮੁੱਖ ਸੜਕ ’ਤੇ ਪੁਲੀਸ ਚੌਂਕੀ ਨੇੜੇ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਅਤੇ ਫਿਰੌਤੀ ਵਸੂਲਣ ਵਾਲੇ ਗੈਂਗਸਟਰਾਂ ਵਿਚਾਲੇ ਆਹਮੋ-ਸਾਹਮਣੇ ਹੋਈ ਗੋਲੀਬਾਰੀ ਤੋਂ ਬਾਅਦ ਪੁਲੀਸ ਨੇ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮੁਹਾਲੀ ਵਿੱਚ ਅਜਿਹੀਆਂ ਕਈ ਵਾਰਦਾਤਾਂ ਹੋਈਆਂ ਹਨ। ਜਿਨ੍ਹਾਂ ਵਿੱਚ ਗੱਡੀਆਂ ਦੀ ਖੋਹ ਕੀਤੀ ਗਈ ਹੈ। ਜਿਨ੍ਹਾਂ ਵਿੱਚ ਇੱਕ ਕੈਬ ਡਰਾਈਵਰ ਦੀ ਕਾਰ, ਡਿਜਾਇਰ ਅਤੇ ਥਾਰ ਗੱਡੀ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਪੁਲੀਸ ਨੂੰ ਉਪਰੋਕਤ ਮਾਮਲਿਆਂ ਦੀ ਜਾਂਚ ਦੌਰਾਨ ਪਤਾ ਲੱਗਿਆ ਸੀ ਕਿ ਇਸ ਖੇਤਰ ਵਿੱਚ ਕੁੱਝ ਸ਼ੱਕੀ ਵਿਅਕਤੀ ਰਹਿ ਰਹੇ ਹਨ ਅਤੇ ਘੁੰਮ ਫਿਰ ਰਹੇ ਹਨ। ਜਿਸ ’ਤੇ ਪੁਲੀਸ ਵੱਲੋਂ ਨਾਕਾਬੰਦੀ ਕੀਤੀ ਗਈ ਅਤੇ ਸ਼ੱਕੀ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਗਈ।
ਐਸਐਸਪੀ ਗਰਗ ਨੇ ਦੱਸਿਆ ਕਿ ਇਸ ਦੌਰਾਨ ਪੁਲੀਸ ਨਾਕਾ ਦੇਖ ਕੇ ਇੱਕ ਗੱਡੀ ਪਹਿਲਾਂ ਹੀ ਰੁਕ ਗਈ। ਇਸ ’ਤੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਅਤੇ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਨੇ ਆਪਣੀਆਂ ਗੱਡੀਆਂ ਉਸ ਕਾਰ ਦੇ ਸਾਹਮਣੇ ਲਗਾ ਕੇ ਕਾਰ ਵਿੱਚ ਸਵਾਰ ਵਿਅਕਤੀਆਂ ਨੂੰ ਬਾਹਰ ਆਉਣ ਲਈ ਕਿਹਾ ਗਿਆ। ਕਾਰ ਸਵਾਰਾਂ ਨੇ ਪਹਿਲਾਂ ਪੁਲੀਸ ਦੀ ਗੱਡੀ ਵਿੱਚ ਆਪਣੀ ਗੱਡੀ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲੀਸ ਦੀਆਂ ਦੋ ਗੱਡੀਆਂ ਦਾ ਘੇਰਾ ਪੈਣ ਕਾਰਨ ਮੁਲਜ਼ਮਾਂ ਨੇ ਪੁਲੀਸ ਟੀਮ ’ਤੇ ਫਾਇਰਿੰਗ ਕਰ ਦਿੱਤੀ।
ਇਸ ਦੌਰਾਨ ਪੁਲੀਸ ਜੀਪ ਦੇ ਅਗਲੇ ਸ਼ੀਸ਼ੇ ’ਤੇ ਵੀ ਗੋਲੀ ਲੱਗੀ ਪ੍ਰੰਤੂ ਪੁਲੀਸ ਮੁਲਾਜ਼ਮਾਂ ਦਾ ਬਚਾਅ ਰਿਹਾ। ਇਸ ਤੋਂ ਬਾਅਦ ਇਹ ਦੋਵੇਂ ਵਿਅਕਤੀ ਕਾਰ ’ਚੋਂ ਥੱਲੇ ਉਤਰ ਕੇ ਮੌਕੇ ’ਤੇ ਭੱਜਣ ਲੱਗੇ ਤਾਂ ਪੁਲੀਸ ਵੱਲੋਂ ਪਹਿਲਾਂ ਹਵਾ ਵਿੱਚ ਗੋਲੀ ਚਲਾ ਕੇ ਉਨ੍ਹਾਂ ਨੂੰ ਰੁਕਣ ਲਈ ਕਿਹਾ ਗਿਆ ਪ੍ਰੰਤੂ ਉਹ (ਮੁਲਜ਼ਮ) ਪੁਲੀਸ ’ਤੇ ਗੋਲੀਆਂ ਚਲਾਉਂਦੇ ਰਹੇ। ਆਪਣਾ ਬਚਾਅ ਕਰਦਿਆਂ ਪੁਲੀਸ ਕਰਮਚਾਰੀਆਂ ਮੁਲਜ਼ਮਾਂ ਵੱਲ ਫਾਇਰਿੰਗ ਕੀਤੀ ਗਈ। ਇਸ ਤਰ੍ਹਾਂ ਦੋ ਮੁਲਜ਼ਮ ਪੁਲੀਸ ਦੀ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਪੁਲੀਸ ਨੇ ਮੌਕੇ ’ਤੇ ਹੀ ਕਾਬੂ ਕਰ ਲਿਆ।

ਐਸਐਸਪੀ ਗਰਗ ਨੇ ਦੱਸਿਆ ਕਿ ਜ਼ਖ਼ਮੀ ਹੋਏ ਦੋਵੇਂ ਗੈਂਗਸਟਰਾਂ ਦੀ ਪਛਾਣ ਪ੍ਰਿੰਸ ਵਾਸੀ ਰਾਜਪੁਰਾ ਅਤੇ ਕਰਮਜੀਤ ਵਾਸੀ ਕੁਰਕਸ਼ੇਤਰਾ ਵਜੋਂ ਹੋਈ ਹੈ। ਬਾਅਦ ਵਿੱਚ ਦੋਵੇਂ ਗੈਂਗਸਟਰਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਮੁਕਾਬਲੇ ਦੌਰਾਨ ਪ੍ਰਿੰਸ ਨੂੰ ਦੋ ਗਲੀਆਂ ਲੱਗੀਆਂ ਹਨ ਜਦੋਂਕਿ ਕਰਮਜੀਤ ਦੇ ਵੀ ਇੱਕ ਗੋਲੀ ਲੱਗੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਜਿਹੜੀ ਸਵਿਫ਼ਟ ਡਿਜਾਇਰ ਕਾਰ ਬਰਾਮਦ ਹੋਈ ਹੈ, ਉਹ ਵੀ ਉਨ੍ਹਾਂ ਨੇ ਹਥਿਆਰ ਦੀ ਨੋਕ ’ਤੇ ਖੋਹੀ ਸੀ। ਮੁਲਜ਼ਮਾਂ ਨੇ ਜ਼ੀਰਕਪੁਰ ਵਿੱਚ ਤਿੰਨ ਥਾਵਾਂ ’ਤੇ ਵਸੂਲੀ ਕਰਨ ਲਈ ਧਮਕੀ ਦੇਣ ਦੀ ਗੱਲ ਵੀ ਕਬੂਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਮੁਲਜ਼ਮਾਂ ਦੇ ਕਿਸੇ ਗੈਂਗ ਨਾਲ ਸਬੰਧ ਹੋਣ ਦੀ ਫਿਲਹਾਲ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਪ੍ਰੰਤੂ ਉਹ ਖ਼ੁਦ ਹੀ ਆਪਣਾ ਵੱਖਰਾ ਗੈਂਗਸਟਰ ਗੈਂਗ ਬਣਾ ਰਹੇ ਸੀ ਅਤੇ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।