Nabaz-e-punjab.com

ਸੰਨੀ ਇਨਕਲੇਵ ਖਰੜ ਵਿੱਚ ਮਹਿਲਾ ਅਧਿਆਪਕਾ ਦਾ ਗੋਲੀਆਂ ਮਾਰ ਕੇ ਕਤਲ

ਪਹਿਲਾਂ ਤੋਂ ਇੰਤਜਾਰ ਕਰ ਰਹੇ ਅਣਪਛਾਤੇ ਹਮਲਾਵਰ ਨੇ ਮਾਰੀਆਂ ਗੋਲੀਆਂ, ਐਸਐਸਪੀ ਵੀ ਮੌਕੇ ’ਤੇ ਪੁੱਜੇ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 5 ਦਸੰਬਰ:
ਇੱਥੋਂ ਦੇ ਸੰਨੀ ਇਨਕਲੇਵ ਵਿੱਚ ਸਥਿਤ ਦਾ ਨਾਲੇਜ ਬੱਸ ਗਲੋਬਲ ਸਕੂਲ ਦੇ ਬਾਹਰ ਅੱਜ ਸਵੇਰੇ ਆਪਣਾ ਐਕਟਿਵਾ ਸਕੂਟਰ ਖੜ੍ਹਾ ਕਰ ਰਹੀ ਸਕੂਲ ਦੀ ਮਹਿਲਾ ਅਧਿਆਪਕਾ ਸਰਬਜੀਤ ਕੌਰ ਨੂੰ ਇੱਕ ਅਣਪਛਾਤੇ ਵਿਅਕਤੀ ਵਲੋੱ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਰਬਜੀਤ ਕੌਰ ਸਕੂਲ ਵਿੱਚ ਪੰਜਾਬੀ ਦੀ ਅਧਿਆਪਕਾ ਸੀ ਅਤੇ ਆਪਣੀ 7-8 ਸਾਲ ਦੀ ਬੱਚੀ ਦੇ ਨਾਲ ਸਕੂਲ ਪਹੁੰਚੀ ਸੀ। ਉਸਦੀ ਬੇਟੀ ਇਸੇ ਸਕੂਲ ਵਿੱਚ ਪੜ੍ਹਦੀ ਹੈ। ਕਾਤਲ ਵੱਲੋਂ ਸਕੂਲ ਦੇ ਬਾਹਰ ਖੜ੍ਹੇ ਹੋ ਕੇ ਸਰਬਜੀਤ ਕੌਰ ਦਾ ਇੰਤਜਾਰ ਕੀਤਾ ਜਾ ਰਿਹਾ ਸੀ ਅਤੇ ਜਦੋਂ ਉਹ ਸਕੂਲ ਦੇ ਬਾਹਰ ਪਹੁੰਚ ਕੇ ਆਪਣਾ ਸਕੂਟਰ ਖੜ੍ਹਾ ਕਰ ਰਹੀ ਸੀ ਉਸ ਵਲੇ ਕਾਤਲ ਵੱਲੋਂ ਉਸ ਨੂੰ ਗੋਲੀਆਂ ਮਾਰ ਕੇ ਉਸਨੂੰ ਕਤਲ ਕਰ ਦਿੱਤਾ ਗਿਆ। ਕਾਤਲ ਨੇ ਸਰਬਜੀਤ ਕੌਰ ਦੇ ਚਿਹਰੇ ਅਤੇ ਛਾਤੀ ਤੇ ਗੋਲੀਆਂ ਮਾਰੀਆਂ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਉਸ ਨੂੰ ਮੈਕਸ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਕਾਤਲ ਨੇ ਕੰਬਲ ਨਾਲ ਆਪਣਾ ਚਿਹਰਾ ਢਕਿਆ ਹੋਇਆ ਸੀ ਅਤੇ ਉਸਨੇ ਸਰਬਜੀਤ ਕੌਰ ਦੀ ਛੋਟੀ ਬੇਟੀ ਦੇ ਸਾਹਮਣੇ ਹੀ ਉਸਨੂੰ ਗੋਲੀਆਂ ਮਾਰੀਆਂ। ਇਸ ਘਟਨਾ ਕਾਰਨ ਬੱਚੀ ਬੁਰੀ ਤਰ੍ਹਾਂ ਸਹਿਮ ਗਈ ਹੈ। ਵਾਰਦਾਤ ਤੋਂ ਬਾਅਦ ਕਾਤਲ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਾਤਲ ਇਕੱਲਾ ਨਹੀਂ ਸੀ ਅਤੇ ਉਸਦਾ ਇੱਕ ਸਾਥੀ ਥੋੜ੍ਹੀ ਦੂਰ ਮੋਟਰਸਾਈਕਲ ਤੇ ਉਸਦਾ ਇੰਤਜਾਰ ਕਰ ਰਿਹਾ ਸੀ। ਵਾਰਦਾਤ ਤੋਂ ਬਾਅਦ ਕਾਤਲ ਆਪਣੇ ਸਾਥੀ ਦੇ ਮੋਟਰਸਾਈਕਲ ਤੇ ਬੈਠ ਕੇ ਫਰਾਰ ਹੋ ਗਿਆ।
ਘਟਨਾ ਵਾਲੀ ਥਾਂ ਤੇ ਮ੍ਰਿਤਕਾ ਦਾ ਕਾਫ਼ੀ ਖੂਨ ਡੁੱਲਿਆ ਹੋਇਆ ਸੀ। ਇਸ ਸਕੂਲ ਦੇ ਅੰਦਰ ਪਾਰਕਿੰਗ ਲਈ ਲੋੜੀਂਦੀ ਥਾਂ ਮੌਜੂਦ ਹੋਣ ਦੇ ਬਾਵਜੂਦ ਸਟਾਫ ਦੇ ਵਾਹਨ ਸਕੂਲ ਦੇ ਬਾਹਰ ਸਰਕਾਰੀ ਥਾਂ ਵਿੱਚ ਬਣਾਈ ਪਾਰਕਿੰਗ ਵਿੱਚ ਹੀ ਖੜ੍ਹਾਏ ਜਾਂਦੇ ਸਨ ਅਤੇ ਇਸਦਾ ਫਾਇਦਾ ਉਠਾ ਕੇ ਕਾਤਲ ਵੱਲੋਂ ਸਰਬਜੀਤ ਕੌਰ ਨੂੰ ਸਕੂਟਰ ਪਾਰਿਕੰਗ ਵਿੱਚ ਆਪਣਾ ਨਿਸ਼ਾਨਾ ਬਣਾਇਆ ਗਿਆ।
ਕਤਲ ਦੀ ਇਸ ਵਾਰਦਾਤ ਕਾਰਨ ਲੋਕਾਂ ਵਿੱਚ ਕਾਫੀ ਸਹਿਮ ਪਾਇਆ ਜਾ ਰਿਹਾ ਹੈ ਅਤੇ ਵਾਰਦਾਤ ਤੋਂ ਬਾਅਦ ਸਕੂਲ ਵਿੱਚ ਪੜ੍ਹਦੇ ਕਈ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਦੀ ਛੁਟੀ ਕਰਵਾ ਕੇ ਆਪਣੇ ਨਾਲ ਵਾਪਸ ਘਰ ਲੈ ਗਏ, ਇਸ ਮੌਕੇ ਸਕੂਲ ਦੇ ਪ੍ਰਬੰਧਕਾਂ ਵਲੋੱ ਕਿਸੇ ਵੀ ਬਾਹਰੀ ਵਿਅਕਤੀ ਨੂੰ ਸਕੂਲ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਅਤੇ ਪੁਲੀਸ ਟੀਮ ਵਲੋੱ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕਰਨ ਲਈ ਸਕੂਲ ਵਿੱਚ ਜਾਣ ਵੇਲੇ ਵੀ ਮੀਡੀਆ ਨੂੰ ਬਾਹਰ ਹੀ ਰੋਕ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਬਜੀਤ ਕੌਰ ਨੇ ਬੀਤੇ ਅਪ੍ਰੈਲ ਤੋਂ ਇਸ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਸੀ ਅਤੇ ਉਹ ਤਲਾਕਸ਼ੁਦਾ ਸੀ। ਉਹ ਖਰੜ ਵਿਖੇ ਇੱਕ ਫਲੈਟ ਵਿੱਚ ਆਪਣੀ ਬੇਟੀ ਦੇ ਨਾਲ ਰਹਿੰਦੀ ਸੀ। ਵਾਰਦਾਤ ਤੋਂ ਪਤਾ ਲੱਗਦਾ ਹੈ ਕਿ ਕਾਤਲ ਵਲੋੱ ਪੂਰੀ ਤਰ੍ਹਾਂ ਯੋਜਨਾ ਬਣਾ ਕੇ ਉਸਨੂੰ ਸਕੂਲ ਦੀ ਪਾਰਕਿੰਗ ਦੇ ਬਾਹਰ ਗੋਲੀਆਂ ਮਾਰੀਆਂ ਗਈਆਂ ਹਨ।
ਇਸ ਘਟਨਾ ਦੀ ਖਬਰ ਪੂਰੇ ਸ਼ਹਿਰ ਵਿੱਚ ਅੱਗ ਵਾਂਗ ਫੈਲ ਗਈ ਅਤੇ ਛੇਤੀ ਹੀ ਘਟਨਾ ਵਾਲੀ ਥਾਂ ਤੇ ਲੋਕਾਂ ਦਾ ਇਕੱਠ ਹੋ ਗਿਆ। ਸੂਚਨਾ ਮਿਲਣ ’ਤੇ ਖਰੜ ਦੇ ਡੀਐਸਪੀ ਸਿਮਰਨਜੀਤ ਸਿੰਘ ਅਤੇ ਥਾਣਾ ਸਦਰ ਦੇ ਐਸਐਚਓ ਮਨਦੀਪ ਸਿੰਘ ਵੀ ਮੌਕੇ ’ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਇਸ ਦੌਰਾਨ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਵੀ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਪੁਲੀਸ ਟੀਮ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ। ਫੋਰੈਂਸਿਕ ਟੀਮ ਨੂੰ ਵੀ ਮੌਕੇ ’ਤੇ ਸੱਦਿਆ ਗਿਆ ਅਤੇ ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕੀਤੇ ਗਏ।
ਇਸ ਮੌਕੇ ਪੱਤਰਕਾਰਾਂ ਗੱਲਬਾਤ ਦੌਰਾਨ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਪੁਲੀਸ ਨੇ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਬਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਅਧਿਆਪਕਾਂ ਦੇ ਕਾਤਲ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਢਲੀ ਜਾਣਕਾਰੀ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਰਬਜੀਤ ਕੌਰ ਪਹਿਲਾਂ ਫਰਾਂਸ ਰਹਿੰਦੀ ਸੀ ਅਤੇ ਉਸ ਦਾ ਪਤੀ ਵੀ ਫਰਾਂਸ ਵਿੱਚ ਹੀ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਪੁਲੀਸ ਸਾਰੇ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਅਤੇ ਛੇਤੀ ਹੀ ਮਾਮਲੇ ਦੀ ਪੂਰੀ ਸੱਚਾਈ ਸਾਹਮਣੇ ਆ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…