ਗੁਪਤ ਦਾਨੀ ਵੱਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੂੰ ਮਹਿੰਦਰਾ 3200 ਮਿੰਨੀ ਟਰੱਕ ਭੇਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਕਤੂਬਰ:
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਕਾਰਸੇਵਾ ਲਈ ਗੁਪਤ ਦਾਨੀ ਵੱਲੋਂ ਟਾਪ ਮਾਡਲ ਮਹਿੰਦਰਾ 3200 ਮਿੰਨੀ ਟਰੱਕ ਗੁਪਤ ਦਾਨ ਵਜੋਂ ਭੇਟ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਅੱਜ ਸਵੇਰੇ ਕੋਈ ਦਾਨੀ ਸੱਜਣ ਇਸ ਮਿੰਨੀ ਟਰੱਕ ਦੇ ਕੈਬਿਨ ਦਾ ਸ਼ੀਸ਼ਾ ਹੇਠਾਂ ਉਤਾਰ ਕੇ, ਚਾਬੀ ਵਿੱਚ ਹੀ ਲਗਾ ਕੇ ਨਿਸ਼ਾਨ ਸਾਹਿਬ ਦੇ ਬਿਲਕੁਲ ਨੇੜੇ ਖੜ੍ਹਾ ਕਰਕੇ ਬਿਨਾਂ ਕਿਸੇ ਨੂੰ ਕੁੱਝ ਦੱਸੇ ਉੱਥੋਂ ਚਲਾ ਗਿਆ। ਪਹਿਰੇਦਾਰ ਦੀ ਜਾਣਕਾਰੀ ਮਿਲਣ ’ਤੇ ਮੌਕੇ ’ਤੇ ਪਹੁੰਚੇ ਪ੍ਰਬੰਧਕਾਂ ਨੇ ਗੱਡੀ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਗੱਡੀ ਦੇ ਸਾਰੇ ਕਾਗਜ਼ਾਤ, ਬੀਮਾ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨਾਮ ’ਤੇ ਹਨ। ਕਾਗਜ਼ਾਂ ਦੇ ਮੁਤਾਬਕ ਗੱਡੀ ਦੀ ਕੀਮਤ 10 ਲੱਖ 85 ਹਜ਼ਾਰ ਰੁਪਏ ਹੈ। ਦਾਨੀ ਸੱਜਣ ਵੱਲੋਂ ਟਰੱਕ ’ਤੇ ਲੱਗਣ ਵਾਲਾ ਸਾਰਾ ਸਮਾਨ ਵੀ ਲਗਵਾ ਕੇ ਦਿੱਤਾ ਗਿਆ ਹੈ। ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਗੁਪਤ ਦਾਨੀ ਸੱਜਣ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗੁਪਤ ਅਤੇ ਪ੍ਰਤੱਖ ਦਾਨੀ ਸੱਜਣਾਂ ਵੱਲੋਂ ਸਮੇਂ ਸਮੇਂ ਸਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ ਏਅਰ ਕੰਡੀਸ਼ਨਡ ਬੱਸ, ਕਵਾਲਿਸ, ਸਕਾਰਪਿਓ, 3 ਮਾਰੂਤੀ ਈਕੋ, ਮਾਰੂਤੀ ਵਰਸਾ, ਮਹਿੰਦਰਾ ਜ਼ਾਇਲੋ ਗੱਡੀਆਂ ਭੇਟ ਕੀਤੀਆਂ ਗਈਆਂ ਹਨ। ਕਾਰ ਸੇਵਾ ਲਈ ਗੱਡੀਆਂ ਟਾਟਾ 207, ਟਾਟਾ 709, 2 ਮਹਿੰਦਰਾ ਅਰਜਨ ਟਰੈਕਟਰ, 2 ਸਵਰਾਜ ਟਰੈਕਟਰ, 1 ਫੋਰਡ ਟਰੈਕਟਰ, ਮਹਿੰਦਰਾ ਪਿੱਕਅੱਪ, 2 ਮਹਿੰਦਰਾ ਯੂਟੀਲਿਟੀ, ਮਹਿੰਦਰਾ ਕੈਂਪਰ, ਟਾਟਾ ਐਲਪੀ ਟਰੱਕ, ਅਸ਼ੋਕਾ ਲੇਲੈਂਡ ਟਰੱਕ ਅਤੇ ਬੇਅੰਤ ਮਾਇਆ, ਸੋਨਾ ਆਦਿ ਭੇਟ ਕੀਤਾ ਜਾ ਚੁੱਕਾ ਹੈ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ ਮੁਹਾਲੀ-ਖਰੜ…