ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਕਰੀਬੀ ਗੁਰਧਿਆਨ ਸਿੰਘ ਦੁਰਾਲੀ ਨੇ ਖ਼ੁਦਕੁਸ਼ੀ ਕੀਤੀ

ਰੂਪਨਗਰ ਨੇੜੇ ਭਾਖੜਾ ਨਹਿਰ ’ਚੋਂ ਮਿਲੀ ਲਾਸ਼ ਤੇ ਇਨਡੀਵਰ ਗੱਡੀ, ਮਾਨਸਿਕ ਪ੍ਰੇਸ਼ਾਨੀ ਕਾਰਨ ਚੁੱਕਿਆ ਕਦਮ

ਗੁਰਧਿਆਨ ਸਿੰਘ ਦੁਰਾਲੀ ਵਿਰੁੱਧ ਸੋਹਾਣਾ ਥਾਣੇ ਵਿੱਚ ਦਰਜ ਸੀ ਅਪਰਾਧਿਕ ਕੇਸ

ਕਾਂਗਰਸ ਆਗੂ ਦੇ ਵਾਰਸਾਂ ਦੇ ਬਿਆਨਾਂ ’ਤੇ ਦੂਜੀ ਧਿਰ ਖ਼ਿਲਾਫ਼ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਈ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਮੁਹਾਲੀ ਦੇ ਸਾਬਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਕੱਟੜ ਸਮਰਥਕ ਅਤੇ ਜ਼ਿਲ੍ਹਾ ਪਰਿਸ਼ਦ ਮੁਹਾਲੀ ਦੀ ਚੇਅਰਪਰਸਨ ਜਸਵਿੰਦਰ ਕੌਰ ਦੇ ਪਤੀ ਗੁਰਧਿਆਨ ਸਿੰਘ ਦੁਰਾਲੀ ਨੇ ਅੱਜ ਸਵੇਰੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਰੂਪਨਗਰ ਨੇੜਲੇ ਪਿੰਡ ਰੰਗੀਲਪੁਰ ਕੋਲੋਂ ਲੰਘਦੀ ਭਾਖੜਾ ਨਹਿਰ ’ਚੋਂ ਕਾਂਗਰਸ ਆਗੂ ਦੀ ਇਨਡੀਵਰ ਕਾਰ ਬਰਾਮਦ ਕੀਤੀ ਹੈ। ਹਾਲਾਂਕਿ ਗੋਤਾਖੋਰਾਂ ਨੇ ਨਹਿਰ ਵਿੱਚ ਡੁੱਬ ਰਹੀ ਕਾਰ ਦੇ ਚਾਲਕ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਪਰ ਚਾਲਕ (ਕਾਂਗਰਸ ਆਗੂ) ਨੇ ਕਾਰ ਦੀ ਤਾਕੀ ਜਾਂ ਸ਼ੀਸ਼ਾ ਨਹੀਂ ਖੋਲ੍ਹਿਆਂ। ਘਟਨਾ ਅੱਜ ਸਵੇਰੇ 9 ਕੁ ਵਜੇ ਵਾਪਰੀ ਦੱਸੀ ਜਾ ਰਹੀ ਹੈ।
ਕਾਂਗਰਸ ਆਗੂ ਨੇ ਆਪਣੀ ਕਾਰ ਭਾਖੜਾ ਨਹਿਰ ਦਾ ਪੁਲ ਪਾਰ ਕਰਨ ਤੋਂ ਬਾਅਦ ਕੱਚੀ ਪਟੜੀ ’ਤੇ ਲਿਆ ਕੇ ਨਹਿਰ ਵਿੱਚ ਸੁੱਟ ਦਿੱਤੀ। ਇਸ ਘਟਨਾ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੁੰਦੇ ਹੀ ਕਾਂਗਰਸ ਆਗੂ ਦੀ ਖ਼ੁਦਕੁਸ਼ੀ ਦੀ ਖ਼ਬਰ ਪੂਰੇ ਇਲਾਕੇ ਵਿੱਚ ਜੰਗਲ ਦੀ ਅੱਜ ਵਾਂਗ ਫੈਲ ਗਈ। ਮਿਲੀ ਜਾਣਕਾਰੀ ਅਨੁਸਾਰ ਗੋਤਾਖ਼ੋਰਾਂ ਨੇ ਪੁਲੀਸ ਨੂੰ ਇਤਲਾਹ ਦਿੱਤੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਕਾਰ ਨੂੰ ਨਹਿਰ ’ਚੋਂ ਬਾਹਰ ਕੱਢਿਆ। ਉਧਰ, ਸੂਚਨਾ ਮਿਲਦੇ ਹੀ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਅਤੇ ਹੋਰ ਕਾਂਗਰਸ ਆਗੂ ਅਤੇ ਨਜ਼ਦੀਕੀ ਰਿਸ਼ਤੇਦਾਰ ਵੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਪੰਜਾਬ ਦੀ ਆਪ ਸਰਕਾਰ ’ਤੇ ਕਾਂਗਰਸੀ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ। ਸਿੱਧੂ ਨੇ ਕਿਹਾ ਕਿ ਆਪ ਸਰਕਾਰ ਦੀਆਂ ਵਧੀਕੀਆਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਦੱਸਿਆ ਗਿਆ ਹੈ ਕਿ ਸੱਤਾ ਪਰਿਵਰਤਨ ਤੋਂ ਬਾਅਦ ਮ੍ਰਿਤਕ ਗੁਰਧਿਆਨ ਸਿੰਘ ਦੁਰਾਲੀ, ਉਸ ਦੇ ਬੇਟੇ ਅਤੇ ਭਤੀਜੇ ਦੇ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਅਪਰਾਧਿਕ ਕੇਸ ਕੀਤਾ ਗਿਆ ਸੀ। ਉਹ ਪਿਛਲੇ ਕਈ ਦਿਨਾਂ ਤੋਂ ਰੂਪੋਸ਼ ਚੱਲ ਰਿਹਾ ਸੀ। ਹਾਲਾਂਕਿ ਜ਼ਿਲ੍ਹਾ ਅਦਾਲਤ ਵੱਲੋਂ ਕਾਂਗਰਸ ਆਗੂ ਦੀ ਜ਼ਮਾਨਤ ਰੱਦ ਕਰਨ ਤੋਂ ਬਾਅਦ ਹਾਈ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਸੀ, ਪ੍ਰੰਤੂ ਉਸ ਦੇ ਬੇਟੇ ਜਸਪ੍ਰੀਤ ਸਿੰਘ ਅਤੇ ਭਤੀਜੇ ਨੂੰ ਵੀ ਅਦਾਲਤ ਤੋਂ ਕੋਈ ਰਾਹਤ ਨਹੀਂ ਮਿਲੀ ਸੀ। ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ। ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆਂ ਹੈ। ਗੁਰਧਿਆਨ ਦੀ ਮੌਤ ਕਾਰਨ ਪਿੰਡ ਦੁਰਾਲੀ ਵਿੱਚ ਸੋਗ ਦੀ ਲਹਿਰ ਹੈ।
ਸੋਹਾਣਾ ਥਾਣਾ ਦੇ ਐਸਐਚਓ ਇੰਸਪੈਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਗੁਰਧਿਆਨ ਸਿੰਘ, ਉਸ ਦੇ ਬੇਟੇ ਜਸਪ੍ਰੀਤ ਸਿੰਘ ਅਤੇ ਭਤੀਜੇ ਵਿਰੁੱਧ ਲੜਾਈ ਝਗੜੇ ਸਬੰਧੀ ਸੋਹਾਣਾ ਥਾਣੇ ਵਿੱਚ ਪਿਛਲੀ ਕਾਂਗਰਸ ਸਰਕਾਰ ਸਮੇਂ ਕਰਾਸ ਪਰਚਾ ਦਰਜ ਸੀ। ਪਰ ਹੁਣ ਨਵੀਂ ਸਰਕਾਰ ਬਣਨ ਤੋਂ ਬਾਅਦ ਦੂਜੀ ਪੀੜਤ ਧਿਰ ਨੇ ਮਾਮਲੇ ਦੀ ਨਵੇਂ ਸਿਰਿਓਂ ਜਾਂਚ ਕਰਨ ਦੀ ਗੁਹਾਰ ਲਗਾਉਂਦਿਆਂ ਦਰਖਾਸਤ ਦਿੱਤੀ ਸੀ ਅਤੇ ਐਸ (ਰੂਰਲ) ਨੇ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਪੜਤਾਲ ਕੀਤੀ ਗਈ ਅਤੇ ਜਾਂਚ ਮਗਰੋਂ ਸ਼ਿਕਾਇਤ ਕਰਤਾ ਧਿਰ ਖ਼ਿਲਾਫ਼ ਕਰਾਸ ਕੇਸ ਵਿੱਚ ਲੱਗੀ ਧਾਰਾ 307 ਤੋੜ ਕੇ ਇਸ ਮਾਮਲੇ ਵਿੱਚ ਗੁਰਧਿਆਨ ਸਿੰਘ ਵਗੈਰਾ ਨੂੰ ਇਕਤਰਫ਼ਾ ਨਾਮਜ਼ਦ ਕੀਤਾ ਗਿਆ ਸੀ।
ਥਾਣਾ ਮੁਖੀ ਨੇ ਦੱਸਿਆ ਕਿ ਜ਼ਿਲ੍ਹਾ ਅਦਾਲਤ ਨੇ ਗੁਰਧਿਆਨ ਸਿੰਘ ਜ਼ਮਾਨਤ ਰੱਦ ਕਰ ਦਿੱਤੀ ਸੀ ਪਰ 10 ਕੁ ਦਿਨ ਪਹਿਲਾਂ ਹਾਈ ਕੋਰਟ ਨੇ ਉਸ ਦੀ ਜ਼ਮਾਨਤ ਮਨਜ਼ੂਰ ਕਰ ਲਈ ਸੀ ਪਰ ਜ਼ਮਾਨਤ ਮਿਲਣ ਤੋਂ ਬਾਅਦ ਵੀ ਗੁਰਧਿਆਨ ਕਦੇ ਥਾਣੇ ਨਹੀਂ ਆਇਆ। ਉਧਰ, ਰੂਪਨਗਰ ਦੇ ਸਿੰਘਪੁਰਾ ਥਾਣੇ ਵਿੱਚ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਦੂਜੀ ਧਿਰ ਦੇ 6 ਵਿਅਕਤੀਆਂ ਖ਼ਿਲਾਫ਼ ਧਾਰਾ 306 ਅਧੀਨ ਕਾਂਗਰਸ ਆਗੂ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਪਰਚਾ ਦਰਜ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …