nabaz-e-punjab.com

ਗੁਰਦੁਆਰਾ ਅਕਾਲ ਆਸ਼ਰਮ ਸੋਹਾਣਾ ਤੇ ਲੰਬਿਆਂ ਸਾਹਿਬ ਵਿੱਚ ਵਿੱਚ ਸਾਲਾਨਾ ਗੁਰਮਤਿ ਸਮਾਗਮ ਮੁਲਤਵੀ

ਕਰੋਨਾਵਾਇਰਸ ਦੇ ਮੱਦੇਨਜ਼ਰ ਸ਼ਰਧਾਲੂਆਂ ਦੇ ਬਚਾਅ ਲਈ ਮੰਦਰ ਦੀ ਘੰਟੀ ਲਾਹੀ, ਗੜਵੀਆਂ ਚੁੱਕੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਾਰਚ:
ਇੱਥੋਂ ਦੇ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿੱਚ 26 ਤੋਂ 29 ਮਾਰਚ ਤੱਕ ਕਰਵਾਏ ਜਾਣ ਵਾਲਾ ਚਾਰ ਰੋਜ਼ਾ ਸਾਲਾਨਾ ਗੁਰਮਤਿ ਸਮਾਗਮ ਕਰੋਨਾਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਮੁਲਤਵੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਮੁਖੀ ਭਾਈ ਦਵਿੰਦਰ ਸਿੰਘ ਖਾਲਸਾ ਅਤੇ ਸਕੱਤਰ ਭਾਈ ਗੁਰਮੀਤ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਤੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਸਮੂਹ ਟਰੱਸਟੀਆਂ ਅਤੇ ਸੇਵਕਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਸਮੂਹ ਦੇਸ਼ ਵਾਸੀਆਂ ਦੀ ਚੜ੍ਹਦੀ ਕਲਾਂ ਅਤੇ ਕਰੋਨਾਵਾਇਰਸ ਦੇ ਪ੍ਰਕੋਪ ਤੋਂ ਬਚਾਅ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ। ਉਨ੍ਹਾਂ ਇਸ ਸਬੰਧੀ ਜਾਗਰੂਕਤਾ ਫੈਲਾਉਣ ਲਈ ਸਮੂਹ ਸੰਗਤਾਂ ਨੂੰ ਆਪਣਾ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਕਰੋਨਾਵਾਇਰਸ ਦੇ ਕਹਿਰ ਤੋਂ ਬਚਣ ਲਈ ਭੀੜ ਵਾਲੇ ਇਲਾਕਿਆਂ ਵਿੱਚ ਜਾਣ ਤੋਂ ਗੁਰੇਜ਼ ਕੀਤਾ ਜਾਵੇ।
ਉਧਰ, ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਸਾਲਾਨਾ ਧਾਰਮਿਕ ਦੀਵਾਨ ਭਲਕੇ 19 ਤੋਂ 23 ਮਾਰਚ ਤੱਕ ਰੋਜ਼ਾਨਾ ਸ਼ਾਮ 7 ਤੋਂ ਰਾਤ 10 ਵਜੇ ਤੱਕ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲੰਬਿਆਂ ਫੇਜ਼-8 ਵਿੱਚ ਕਰਵਾਏ ਜਾ ਰਹੇ ਸਨ। ਲੇਕਿਨ ਕਰੋਨਾਵਾਇਰਸ ਦੇ ਮੱਦੇਨਜ਼ਰ ਪੰਜ ਰੋਜ਼ਾ ਸਮਾਗਮ ਰੱਦ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਸੰਤ ਬਾਬਾ ਈਸ਼ਰ ਸਿੰਘ ਸੰਤ ਮੰਡਲ ਫਾਊਂਡੇਸ਼ਨ ਦੇ ਜਨਰਲ ਸਕੱਤਰ ਅਤੇ ਪ੍ਰਚਾਰਕ ਭਾਈ ਅਮਰਾਓ ਸਿੰਘ ਨੇ ਦੱਸਿਆ ਕਿ ਸਮਾਗਮ ਵਿੱਚ ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਅਤੇ ਸੰਤ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਤੋਂ ਇਲਾਵਾ ਹੋਰ ਵੀ ਧਾਰਮਿਕ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਨੀ ਸੀ ਪਰ ਇਸ ਬਿਮਾਰੀ ਕਰਕੇ ਸਮੂਹ ਪ੍ਰਬੰਧਕਾਂ ਨੇ ਇਹ ਫੈਸਲਾ ਲਿਆ ਹੈ ਅਤੇ ਹਾਲ ਹੀ ਘੜੀ ਦੇ ਇਹ ਦੀਵਾਨ ਰੱਦ ਕੀਤੇ ਜਾਣ ਅਤੇ ਹਾਲਾਤ ਆਮ ਵਾਂਗ ਹੋਣ ਤੋਂ ਬਾਅਦ ਹੀ ਸਮਾਗਮ ਦਾ ਪ੍ਰੋਗਰਾਮ ਉਲੀਕਿਆਂ ਜਾਵੇਗਾ।
ਇਸੇ ਤਰ੍ਹਾਂ ਕਰੋਨਾਵਾਇਰਸ ਦੇ ਖਤਰੇ ਨੂੰ ਧਿਆਨ ਵਿੱਚ ਰੱਖਦਿਆਂ ਲੋਕਾਂ ਦੇ ਬਚਾਓ ਲਈ ਇੱਥੋਂ ਦੇ ਫੇਜ਼-9 ਦੇ ਸ੍ਰੀ ਸ਼ਿਵ ਮੰਦਰ ਅਤੇ ਧਰਮਸ਼ਾਲਾ ਵਿੱਚ ਮੰਦਰ ਕਮੇਟੀ ਦੇ ਪ੍ਰਧਾਨ ਸ਼ਿਵ ਕੁਮਾਰ ਦੁੱਗਲ ਦੀ ਅਗਵਾਈ ਹੇਠ ਮੰਦਰ ਵਿੱਚ ਲੱਗੀ ਵੱਡੀ ਘੰਟੀ (ਟੱਲ) ਨੂੰ ਉੱਥੋਂ ਹਟਾ ਦਿੱਤਾ ਗਿਆ ਹੈ ਤਾਂ ਜੋ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਵੱਲੋਂ ਘੰਟੀ ਨੂੰ ਛੂਹਣ ਕਾਰਨ ਇਨਫੈਕਸ਼ਨ ਨਾ ਫੈਲ ਸਕੇ। ਮੰਦਰ ਕਮੇਟੀ ਦੇ ਜਨਰਲ ਸਕੱਤਰ ਅਨਿਲ ਕੁਮਾਰ ਆਨੰਦ ਨੇ ਦੱਸਿਆ ਕਿ ਦੁਨੀਆਂ ਭਰ ਵਿੱਚ ਫੈਲੇ ਇਸ ਖ਼ਤਰਨਾਕ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਇਹ ਕਦਮ ਚੁੱਕੇ ਗਏ ਹਨ ਤਾਂ ਜੋ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਮੰਦਰ ਵਿੱਚ ਸ਼ਿਵਲਿੰਗ ’ਤੇ ਦੁੱਧ ਜਾਂ ਜਲ ਚੜ੍ਹਾਉਣ ਲਈ ਰੱਖੀਆਂ ਗਈਆਂ ਗੜਵੀਆਂ ਨੂੰ ਵੀ ਕੁਝ ਸਮੇਂ ਲਈ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮੰਦਰ ਦੀ ਧਰਮਸ਼ਾਲਾ ਦੇ ਕਮਰਿਆਂ ਅਤੇ ਬਾਕੀ ਦੇ ਖੇਤਰ ਨੂੰ ਸੈਨੀਟਾਈਜ ਕਰਵਾਇਆ ਗਿਆ ਹੈ। ਉਂਜ ਉਨ੍ਹਾਂ ਕਿਹਾ ਕਿ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂ ਜੇਕਰ ਸ਼ਿਵਲਿੰਗ ’ਤੇ ਦੁੱਧ ਜਾਂ ਜਲ ਚੜ੍ਹਾਉਣਾ ਚਾਹੁੰਦੇ ਹਨ ਤਾਂ ਉਹ ਆਪਣੇ ਘਰਾਂ ਤੋਂ ਬਰਤਨ ਲੈ ਕੇ ਆਉਣ। ਇਸ ਮੌਕੇ ਮੰਦਰ ਕਮੇਟੀ ਦੇ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਅਤੇ ਕੈਸ਼ੀਅਰ ਆਈਡੀ ਗਰਗ ਵੀ ਹਾਜ਼ਰ ਸਨ।

Load More Related Articles

Check Also

ਵਿਜੀਲੈਂਸ ਬਿਊਰੋ ਵੱਲੋਂ 3.50 ਲੱਖ ਰੁਪਏ ਰਿਸ਼ਵਤ ਲੈਂਦਾ ਹੋਮਿਓਪੈਥਿਕ ਡਾਕਟਰ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ 3.50 ਲੱਖ ਰੁਪਏ ਰਿਸ਼ਵਤ ਲੈਂਦਾ ਹੋਮਿਓਪੈਥਿਕ ਡਾਕਟਰ ਗ੍ਰਿਫ਼ਤਾਰ ਐਸਐਮਓ ਡਾ. ਸੁਮਿਤ ਸ…