nabaz-e-punjab.com

ਗੁਰਦੁਆਰਾ ਕਮੇਟੀਆਂ ਵੱਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਵੋਟਾਂ ਨਾ ਪਾਉਣ ਦੀ ਅਪੀਲ

ਗੁਰਦੁਆਰਾ ਤਾਲਮੇਲ ਕਮੇਟੀ ਵੱਲੋਂ ਚੰਦੂਮਾਜਰਾ ਨੂੰ ਸਮਰਥਨ ਦੇਣ ਦਾ ਮਾਮਲਾ ਭਖਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਈ:
ਗੁਰਦੁਆਰਾ ਤਾਲਮੇਲ ਕਮੇਟੀ ਐਸ.ਏ.ਐਸ. ਨਗਰ (ਮੁਹਾਲੀ) ਦੇ ਇਕ ਧੜੇ ਵੱਲੋਂ ਬੀਤੇ ਦਿਨੀਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸਮਰਥਨ ਦੇਣ ਦਾ ਮਾਮਲਾ ਕਾਫੀ ਭਖ ਗਿਆ ਹੈ। ਗੁਰਦੁਆਰਿਆਂ ਦੀ ਉਕਤ ਸੰਸਥਾ ਦੇ ਬਾਦਲ ਦਲ ਨੂੰ ਸਮਰਥਨ ਦੇ ਫੈਸਲੇ ਖ਼ਿਲਾਫ਼ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਅਤੇ ਗੁਰਦੁਆਰਾ ਤਾਲਮੇਲ ਕਮੇਟੀ ਦੇ ਚੇਅਰਮੈਨ ਹਰਦਿਆਲ ਸਿੰਘ ਮਾਨ ਸਾਂਝਾ ਬਿਆਨ ਜਾਰੀ ਕਰ ਕੇ ਸ਼ਹਿਰ ਦੇ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹਿੰਦੂ, ਮੁਸਲਿਮ ਅਤੇ ਇਸਾਈ ਮੱਤ ਦੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਵੋਟ ਨਾ ਪਾਈ ਜਾਵੇ।
ਅੱਜ ਇੱਥੇ ਜਾਰੀ ਬਿਆਨ ਵਿੱਚ ਗੁਰਦੁਆਰਾ ਤਲਮੇਲ ਕਮੇਟੀ ਦੇ ਚੇਅਰਮੈਨ ਹਰਦਿਆਲ ਸਿੰਘ ਮਾਨ, ਡਾ. ਸੋਹਣ ਸਿੰਘ ਸੂਦ, ਹਰਪਾਲ ਸਿੰਘ ਸੋਢੀ, ਬਲਬੀਰ ਸਿੰਘ ਖਾਲਸਾ, ਜਤਿੰਦਰਪਾਲ ਸਿੰਘ, ਮਨਮੋਹਨ ਸਿੰਘ ਲੰਗ, ਭੁਪਿੰਦਰ ਸਿੰਘ, ਚੰਨਣ ਸਿੰਘ, ਪਰਮਿੰਦਰ ਸਿੰਘ, ਦਰਬਾਰਾ ਸਿੰਘ, ਨਰਿੰਦਰ ਸਿੰਘ ਲਾਂਬਾ, ਅਮਰਜੀਤ ਸਿੰਘ ਪਟਿਆਲਵੀ, ਅਜੀਤ ਸਿੰਘ, ਐਨਐਸ ਸੇਖੋਂ, ਸੁਖਵਿੰਦਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਰਾਜਸੀ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹਿੰਦੂ, ਮੁਸਲਿਮ ਅਤੇ ਇਸਾਈ ਮੱਤ ਦੇ ਪਵਿੱਤਰ ਗ੍ਰੰਥਾਂ ਦੀ ਵਾਰ-ਵਾਰ ਬੇਅਦਬੀ ਕੀਤੀ ਗਈ ਹੈ ਅਤੇ ਜਿਨ੍ਹਾਂ ਲੋਕਾਂ ਨੇ ਬੇਅਦਬੀ ਮਾਮਲਿਆਂ ਦੇ ਖ਼ਿਲਾਫ਼ ਇਨਸਾਫ਼ ਮੰਗਣ ਲਈ ਸ਼ਾਂਤਮਈ ਸੰਘਰਸ਼ ਕਰਨ ਵਾਲੀ ਸੰਗਤ ਨੂੰ ਲਾਠੀਆਂ ਨਾਲ ਕੁੱਟਿਆ, ਗੋਲੀਆਂ ਨਾਲ ਵਿੰਨਿਆਂ ਅਤੇ ਪੁਲੀਸ ਥਾਣਿਆਂ ਵਿੱਚ ਬੇਤਹਾਸ਼ਾ ਤਸੱਦਦ ਢਾਹਿਆ ਅਤੇ ਅੱਤਿਆਚਾਰ ਕੀਤਾ ਹੈ, ਉਨ੍ਹਾਂ ਬਾਰੇ ਪੰਜਾਬ ਵਾਸੀ ਜ਼ਰੂਰ ਸੋਚਣ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿਆਸੀ ਲੋਕਾਂ ਨੇ ਖ਼ੁਦ ਹੁਕਮਨਾਮੇ ਲਿਖ ਕੇ ਸ੍ਰੀ ਅਕਾਲ ਤਖ਼ਤ ਦੀ ਤਰਫ਼ੋਂ ਜਾਰੀ ਕਰਾਏ ਗਏ ਹਨ ਅਤੇ ਇਨ੍ਹਾਂ ਹੀ ਲੋਕਾਂ ਨੇ ਡੇਰਾ ਸਿਰਸਾ ਦੇ ਮੁਖੀ ਵੱਲੋਂ ਮੁਆਫ਼ੀ ਦੀ ਅਰਜ਼ੀ ਆਪਣੇ ਕੋਲੋਂ ਲਿਖ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀਨਾਮਾ ਦਿਵਾਇਆ ਗਿਆ ਅਤੇ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਤੋਂ ਇਸ ਮੁਆਫ਼ੀਨਾਮੇ ਨੂੰ ਸਹੀ ਕਰਾਰ ਦੇਣ ਲਈ ਗੁਰੂ ਦੀਆਂ ਗੋਲਕਾਂ ਦਾ ਕਰੀਬ 95 ਲੱਖ ਰੁਪਏ ਇਸ਼ਤਿਹਾਰਾਂ ’ਤੇ ਬੇਫਜ਼ੂਲ ਖਰਚਿਆ ਗਿਆ ਹੈ। ਇਸ ਸਬੰਧੀ ਪੰਥਕ ਧਿਰਾਂ ਦੇ ਰੋਹ ਨੂੰ ਦੇਖਦਿਆਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹ ਮੁਆਫੀਨਾਮਾ ਵਾਪਸ ਲਿਆ ਗਿਆ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਸਭਾ ਦੀਆਂ ਚੋਣਾਂ ਦੌਰਾਨ ਅਜਿਹੇ ਸਿਆਸੀ ਬੰਦਿਆਂ ਨੂੰ ਵੋਟ ਪਾਉਣ ਤੋਂ ਗੁਰੇਜ਼ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਗੁਰਦੁਆਰਾ ਤਾਲਮੇਲ ਕਮੇਟੀ ਦੇ ਇਕ ਧੜੇ ਵੱਲੋਂ ਬਾਦਲ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸਮਰਥਨ ਦੇਣ ਦੇ ਫੈਸਲੇ ਨੂੰ ਮੰਦਭਾਗਾ ਦੱਸਦਿਆਂ ਇਹ ਫੈਸਲਾ ਤੁਰੰਤ ਵਾਪਸ ਲੈਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਗੁਰਦੁਆਰਾ ਕਮੇਟੀਆਂ ਨੇ ਉਕਤ ਫੈਸਲੇ ਨੂੰ ਨਹੀਂ ਬਦਲਿਆ ਗਿਆ ਤਾਂ ਉਹ ਚੋਣਾਂ ਤੋਂ ਬਾਅਦ ਗੁਰਦੁਆਰਾ ਤਾਲਮੇਲ ਕਮੇਟੀ ਅਤੇ ਇਸ ਵਿੱਚ ਸ਼ਾਮਲ ਸਮੂਹ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕਾਂ ਦੇ ਖ਼ਿਲਾਫ਼ ਜਨ ਅੰਦੋਲਨ ਵਿੱਢਣਗੇ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …