Nabaz-e-punjab.com

ਸਮੂਹ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਦਿੱਲੀ ਪੁਲੀਸ ਵਿਰੁੱਧ ਵਿਸ਼ਾਲ ਰੋਸ ਮਾਰਚ

ਦਿੱਲੀ ਪੁਲੀਸ ਵੱਲੋਂ ਸਿੱਖ ਆਟੋ ਚਾਲਕ ਤੇ ਉਸ ਦੇ ਨਾਬਾਲਗ ਪੁੱਤਰ ’ਤੇ ਤਸ਼ੱਦਦ ਢਾਹੁਣ ਦਾ ਮਾਮਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੂਨ:
ਗੁਰਦੁਆਰਾ ਤਾਲਮੇਲ ਕਮੇਟੀ ਐਸ.ਏ.ਐਸ. ਨਗਰ (ਮੁਹਾਲੀ) ਸਮੇਤ ਸਮੁੱਚੇ ਟਰਾਈ ਸਿਟੀ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਹੋਰ ਸਿੱਖ ਜਥੇਬੰਦੀਆਂ ਨੇ ਪਿਛਲੇ ਦਿਨੀਂ ਦਿੱਲੀ ਵਿੱਚ ਸ਼ਰ੍ਹੇਆਮ ਸਿੱਖ ਆਟੋ ਚਾਲਕ ਅਤੇ ਉਸ ਦੇ ਨਾਬਾਲਗ ਪੁੱਤਰ ’ਤੇ ਦਿੱਲੀ ਪੁਲੀਸ ਵੱਲੋਂ ਕੀਤੇ ਗਏ ਅਣਮਨੁੱਖੀ ਵਰਤਾਰੇ ਦੀ ਸਖ਼ਤ ਨਿਖੇਧੀ ਕਰਦਿਆਂ ਬੁੱਧਵਾਰ ਨੂੰ ਦੇਰ ਸ਼ਾਮ ਰੋਸ ਮਾਰਚ ਕੀਤਾ ਗਿਆ। ਇੱਥੋਂ ਦੇ ਗੁਰਦੁਆਰਾ ਸਾਚਾ ਧਨੁ ਸਾਹਿਬ ਫੇਜ਼-3ਬੀ1 ਤੋਂ ਅਰਦਾਸ ਉਪਰੰਤ ਸ਼ੁਰੂ ਹੋਇਆ ਇਹ ਵਿਸ਼ਾਲ ਰੋਸ ਮਾਰਚ ਸਥਾਨਕ ਫੇਜ਼-7 ਦੇ ਟਰੈਫ਼ਿਕ ਲਾਈਟ ਚੌਕ ’ਤੇ ਪਹੁੰਚ ਕੇ ਸਮਾਪਤ ਗਿਆ। ਇੱਥੇ ਸਿੱਖਾਂ ਨੇ ਕੁਝ ਸਮੇਂ ਲਈ ਸੜਕ ’ਤੇ ਚੱਕਾ ਜਾਮ ਕਰਕੇ ਦਿੱਲੀ ਪੁਲੀਸ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੋਂਧੀ, ਜਨਰਲ ਸਕੱਤਰ ਪਰਮਜੀਤ ਸਿੰਘ ਗਿੱਲ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਪਿਛਲੇ ਦਿਨੀਂ ਦਿੱਲੀ ਪੁਲੀਸ ਵੱਲੋਂ ਸਿੱਖ ਆਟੋ ਚਾਲਕ ਅਤੇ ਉਸ ਦੇ ਪੁੱਤਰ ਦੀ ਸ਼ਰੇਆਮ ਕੁੱਟਮਾਰ ਕਰਨ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਨੂੰ ਦੇਖਣ ਤੋਂ ਬਾਅਦ ਦੁਨੀਆ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਅਤੇ ਗੁੱਸਾ ਵਧਦਾ ਜਾ ਰਿਹਾ ਹੈ।
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇਸ ਘਟਨਾ ਨੇ ਸਿੱਖਾਂ ਨੂੰ 35 ਸਾਲਾਂ ਬਾਅਦ ਮੁੜ ਨਵੰਬਰ 84 ਦੀ ਘਟਨਾ ਤਾਜ਼ਾ ਕਰਵਾ ਦਿੱਤੀ ਹੈ। ਇਸ ਘਿਨੌਣੇ ਹਾਦਸੇ ਕਾਰਨ ਸਿੱਖਾਂ ਦੇ ਹਿਰਦੇ ਵਲੂੰਧਦੇ ਗਏ ਹਨ। ਦਿੱਲੀ ਪੁਲੀਸ ਦੇ ਕਰਮਚਾਰੀ ਸ਼ਰ੍ਹੇਆਮ ਸਿੱਖ ਆਟੋ ਚਾਲਕ ਅਤੇ ਉਸ ਦੇ ਬੇਟੇ ਨੂੰ ਬੂਰੀ ਤਰ੍ਹਾਂ ਕੁੱਟਦੇ ਮਾਰਦੇ, ਪਿਸਤੌਲ ਦੇ ਬੱਟ ਅਤੇ ਮੂੰਹ ’ਤੇ ਜੁੱਤੀਆਂ ਨਾਲ ਠੁੱਡੇ ਮਾਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਵੀਡੀਓ ਵਿੱਚ ਦਿਖਾਈ ਦੇ ਰਹੇ ਪੁਲੀਸ ਕਰਮਚਾਰੀਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਦੇ ਖ਼ਿਲਾਫ਼ ਫੌਜਦਾਰੀ ਕੇਸ ਦਰਜ ਕੀਤਾ ਜਾਵੇ ਅਤੇ ਘਟਨਾ ਲਈ ਜ਼ਿੰਮੇਵਾਰ ਪੁਲੀਸ ਵਾਲਿਆਂ ਨੂੰ ਫੌਰੀ ਤੌਰ ’ਤੇ ਨੌਕਰੀ ਤੋਂ ਫਾਰਗ ਕੀਤਾ ਜਾਵੇ।
ਇਸ ਮੌਕੇ ਅਮਰਜੀਤ ਸਿੰਘ ਪਾਹਵਾ, ਕਰਮ ਸਿੰਘ ਬਬਰਾ, ਪਰਦੀਪ ਸਿੰਘ ਭਾਰਜ, ਮਨਜੀਤ ਸਿੰਘ ਭੱਲਾ, ਪ੍ਰੀਤਮ ਸਿੰਘ, ਦਲਬੀਰ ਸਿੰਘ ਸੰਧੂ, ਸਵਰਨ ਸਿੰਘ ਭੁੱਲਰ, ਸੁਰਜੀਤ ਸਿੰਘ ਮਠਾੜੂ, ਸਾਧੂ ਸਿੰਘ ਲਾਂਬਾ, ਰਘਬੀਰ ਸਿੰਘ, ਬਲਬੀਰ ਸਿੰਘ ਖਾਲਸਾ, ਹਰਪਾਲ ਸਿੰਘ ਸੋਢੀ, ਭਾਈ ਹਰਿੰਦਰ ਸਿੰਘ ਚੁੰਨੀ ਮਾਜਰੇ ਵਾਲੇ, ਰਘਬੀਰ ਸਿੰਘ ਰਾਮਪੁਰ ਸਮੇਤ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…