
ਗੁਰਦੁਆਰਾ ਵਿਵਾਦ: ਮੁਹਾਲੀ ਅਦਾਲਤ ਵੱਲੋਂ ਥਾਣਾ ਮੁਖੀ ਨੂੰ ਨੋਟਿਸ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਨਵੰਬਰ:
ਇੱਥੋਂ ਦੇ ਫੇਜ਼-4 ਸਥਿਤ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਕੁਝ ਸਮਾਂ ਪਹਿਲਾਂ ਦੋ ਧਿਰਾਂ ਵਿੱਚ ਹੋਏ ਲੜਾਈ ਝਗੜੇ ਦੇ ਮਾਮਲੇ ਵਿੱਚ ਮੁਹਾਲੀ ਦੀ ਜੁਡੀਸ਼ਲ ਮੈਜਿਸਟਰੇਟ (ਪਹਿਲਾ ਦਰਜਾ) ਜੈਸਿਕਾ ਸੂਦ ਨੇ ਫੇਜ਼-1 ਥਾਣਾ ਦੇ ਐਸਐਚਓ ਇੰਸਪੈਕਟਰ ਮਨਫੂਲ ਸਿੰਘ ਨੂੰ ਨੋਟਿਸ ਜਾਰੀ ਕਰਕੇ ਹੁਕਮ ਦਿੱਤੇ ਗਏ ਹਨ ਕਿ ਗੁਰੂਘਰ ਦੇ ਸੇਵਾਦਾਰ ਅਮਰਜੀਤ ਸਿੰਘ ਦੀ ਕੁੱਟਮਾਰ ਸਬੰਧੀ ਸਟੇਟਸ ਰਿਪੋਰਟ 27 ਨਵੰਬਰ ਤੱਕ ਅਦਾਲਤ ਵਿੱਚ ਜਮਾ ਕਰਵਾਈ ਜਾਵੇ।
ਇਸ ਮਾਮਲੇ ਵਿੱਚ ਸੇਵਾਦਾਰ ਅਮਰਜੀਤ ਸਿੰਘ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਮੰਗ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਉਸ ਦੀ ਕੁੱਟਮਾਰ ਦੇ ਮਾਮਲੇ ਵਿੱਚ ਪੁਲੀਸ ਨੂੰ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਉਹ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼-4 ਵਿੱਚ ਸੇਵਾ ਕਰਦੇ ਹਨ ਅਤੇ ਬੀਤੀ 27 ਜੂਨ ਨੂੰ ਜਦੋਂ ਉਹ ਗੁਰਦੁਆਰੇ ਦੇ ਮੈਨੇਜਰ ਆਰਪੀ ਸਿੰਘ, ਕੈਸ਼ੀਅਰ ਮਲਕੀਤ ਸਿੰਘ ਅਤੇ ਦੋ ਸੇਵਾਦਾਰਾਂ ਸਮੇਤ ਗੁਰਦੁਆਰਾ ਸਾਹਿਬ ਦੀ ਗੋਲਕ ਖੋਲ੍ਹਣ ਲਈ ਗੁਰਦੁਆਰਾ ਕੰਪਲੈਕਸ ਅੰਦਰ ਗਏ ਤਾਂ ਕਈ ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਮੂੰਹ ’ਤੇ ਮੁੱਕੇ ਮਾਰ ਕੇ ਉਸ ਦਾ ਦੰਦ ਤੋੜ ਦਿੱਤਾ ਅਤੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ। ਇਸ ਸਬੰਧੀ ਉਸ ਨੇ ਪੁਲੀਸ ਨੂੰ ਕਈ ਵਾਰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਪ੍ਰੰਤੂ ਹੁਣ ਤੱਕ ਹਮਲਾਵਰਾਂ ਖ਼ਿਲਾਫ਼ ਬਣਦੀ ਕਾਰਵਾਈ ਨਹੀਂ ਕੀਤੀ ਗਈ। ਜਿਸ ਕਾਰਨ ਉਸ ਨੂੰ ਇਨਸਾਫ਼ ਪ੍ਰਾਪਤੀ ਲਈ ਅਦਾਲਤ ਦਾ ਬੂਹਾ ਖੜਕਾਉਣਾ ਪਿਆ ਹੈ।