
ਪ੍ਰਕਾਸ਼ ਪੁਰਬ: ਗੁਰਦੁਆਰਾ ਤਾਲਮੇਲ ਕਮੇਟੀ ਵੱਲੋਂ 17 ਨਵੰਬਰ ਨੂੰ ਨਗਰ ਕੀਰਤਨ ਸਜਾਉਣ ਦਾ ਫੈਸਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਨਵੰਬਰ:
ਗੁਰਦੁਆਰਾ ਤਾਲਮੇਲ ਕਮੇਟੀ ਐਸ.ਏ.ਐਸ. ਨਗਰ (ਮੁਹਾਲੀ) ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਵਿੱਚ 17 ਨਵੰਬਰ ਨੂੰ ਸ਼ਹਿਰ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਇਹ ਫੈਸਲਾ ਅੱਜ ਇੱਥੇ ਤਾਲਮੇਲ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੌਂਧੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਗੋਬਿੰਦਸਰ ਪਿੰਡ ਮੁਹਾਲੀ ਵਿਖੇ ਹੋਈ ਵਿਸ਼ੇਸ਼ ਮੀਟਿੰਗ ਵਿੱਚ ਲਿਆ ਗਿਆ। ਇਹ ਜਾਣਕਾਰੀ ਦਿੰਦਿਆਂ ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰੈਸ ਸਕੱਤਰ ਮਨਜੀਤ ਸਿੰਘ ਭੱਲਾ ਨੇ ਦੱਸਿਆ ਕਿ ਮੁਹਾਲੀ ਵਿੱਚ 19 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। ਇਸ ਸਬੰਧੀ 17 ਨਵੰਬਰ ਨੂੰ ਸਵੇਰੇ ਸਾਢੇ 10 ਵਜੇ ਗੁਰਦੁਆਰਾ ਗੋਬਿੰਦਸਰ ਮੁਹਾਲੀ ਪਿੰਡ ਤੋਂ ਨਗਰ ਕੀਰਤਨ ਆਰੰਭ ਹੋਵੇਗਾ, ਜੋ ਗੁਰਦੁਆਰਾ ਨੇੜਲੀ ਮਾਰਕੀਟ ਤੋਂ ਗੁਰਦੁਆਰਾ ਸ੍ਰੀ ਸਿੰਘ ਸਭਾ ਫੇਜ਼-1, ਪੁਰਾਣਾ ਡੀਸੀ ਦਫ਼ਤਰ, ਫਰੈਂਕੋ ਹੋਟਲ, ਫੇਜ਼-2 ਅਤੇ ਫੇਜ਼-4 ਚੌਂਕ, ਮਦਨਪੁਰਾ ਚੌਕ, ਫੇਜ਼-3\5 ਦੇ ਟਰੈਫ਼ਿਕ ਲਾਈਟ ਪੁਆਇੰਟ, ਗੁਰਦੁਆਰਾ ਸਾਚਾ ਧਨ ਸਾਹਿਬ, ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਤੋਂ ਅੱਗੇ ਫੇਜ਼-9 ਤੇ ਫੇਜ਼-10 ਤੋਂ ਹੁੰਦਾ ਹੋਇਆ ਰਾਤ ਕਰੀਬ 8 ਵਜੇ ਗੁਰਦੁਆਰਾ ਸ੍ਰੀ ਸਿੰਘ ਸਭਾ ਫੇਜ਼-11 ਵਿਖੇ ਪਹੁੰਚ ਕੇ ਸੰਪੂਰਨ ਹੋਵੇਗਾ।
ਇਸ ਸਬੰਧੀ ਤਾਲਮੇਲ ਕਮੇਟੀ ਨੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਸੰਗਤ ਦੀ ਸੁਰੱਖਿਆ ਅਤੇ ਆਵਾਜਾਈ ਦੇ ਸੰਚਾਲਨ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਮੀਟਿੰਗ ਵਿੱਚ ਮਨਜੀਤ ਸਿੰਘ ਮਾਨ, ਪ੍ਰੀਤਮ ਸਿੰਘ, ਕਰਮ ਸਿੰਘ ਬਬਰਾ, ਬਲਵਿੰਦਰ ਸਿੰਘ ਟੌਹੜਾ, ਅਮਰੀਕ ਸਿੰਘ ਸੰਧੂ, ਪਰਮਜੀਤ ਸਿੰਘ ਸੰਧੂ, ਗੁਰਚਰਨ ਸਿੰਘ, ਭੁਪਿੰਦਰ ਸਿੰਘ, ਜਰਨੈਲ ਸਿੰਘ, ਬਲਦੇਵ ਸਿੰਘ, ਤਰਸੇਮ ਸਿੰਘ, ਰਜਿੰਦਰ ਸਿੰਘ, ਗੁਰਮੀਤ ਸਿੰਘ ਅਤੇ ਅਮਨਦੀਪ ਸਿੰਘ ਵੀ ਮੌਜੂਦ ਸਨ।