Share on Facebook Share on Twitter Share on Google+ Share on Pinterest Share on Linkedin ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨੂੰ ਲਾਗੂ ਕਰਵਾਉਣ ਲਈ ਯਤਨ ਕਰੇ ਗੁਰਦੁਆਰਾ ਤਾਲਮੇਲ ਕਮੇਟੀ: ਬੇਦੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੁਲਾਈ: ਸਮਾਜ ਸੇਵੀ ਅਤੇ ਨਗਰ ਨਿਗਮ ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਵੱਲੋਂ ਇੱਕ ਨਵੀਂ ਪਹਿਲਕਦਮੀ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਸਮਾਗਮਾਂ ਮੌਕੇ ਗੁਰੂ ਸਾਹਿਬ ਦੇ ਫ਼ਲਸਫ਼ੇ ਨੂੰ ਕੁਦਰਤ ਦੇ ਨਿਯਮ ਮੁਤਾਬਕ ਲਾਗੂ ਕਰਵਾਉਣ ਦਾ ਬੀੜਾ ਚੁੱਕਿਆ ਹੈ। ਉਹ ਸ਼ਹਿਰ ਦੇ ਸਾਰੇ ਗੁਰਦੁਆਰਾ ਸਾਹਿਬਾਨ ਵਿੱਚ ‘ਸੋਲਰ ਸਿਸਟਮ’, ‘ਰੇਨ ਹਾਰਵੈਸਟਿੰਗ ਸਿਸਟਮ’ ਤੇ ਪੌਦੇ ਲਗਵਾਉਣ ਸਬੰਧੀ ਸੁਝਾਅ ਲੈ ਕੇ ਆਏ ਹਨ। ਉਕਤ ਸੁਝਾਅ ਦੇਣ ਸਬੰਧੀ ਸ੍ਰੀ ਬੇਦੀ ਨੇ ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੋਂਧੀ ਅਤੇ ਹੋਰ ਅਹੁਦੇਦਾਰਾਂ ਅਮਰਜੀਤ ਸਿੰਘ ਪਾਹਵਾ, ਸੁਖਦੀਪ ਸਿੰਘ, ਮਨਜੀਤ ਸਿੰਘ ਮਾਨ, ਪਰਮਜੀਤ ਸਿੰਘ ਗਿੱਲ, ਮਨਜੀਤ ਸਿੰਘ ਭੱਲਾ ਦੀ ਹਾਜ਼ਰੀ ਵਿਚ ਕਮੇਟੀ ਨੂੰ ਇਕ ਲਿਖਤੀ ਸੁਝਾਅ ਪੱਤਰ ਵੀ ਦਿੱਤਾ ਹੈ। ਸ੍ਰੀ ਬੇਦੀ ਨੇ ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ ਨੂੰ ਦਿੱਤੇ ਪੱਤਰ ਵਿਚ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਸਮਾਗਮ ਪੂਰੇ ਦੇਸ਼ ਭਰ ਵਿੱਚ ਬੜੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ। ਦੇਸ਼ ਇਸ ਸਮੇਂ ਗਲੋਬਲ ਵਾਰਮਿੰਗ ਦੇ ਦੌਰ ’ਚੋਂ ਗੁਜ਼ਰ ਰਿਹਾ ਹੈ, ਧਰਤੀ ਹੇਠਾਂ ਪਾਣੀ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਉਹ ਮਹਿਸੂਸ ਕਰਦੇ ਹਨ ਕਿ ਜੇਕਰ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਮੰਨਦੇ ਹੋਏ ਇਸ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ ਦਾ ਯਤਨ ਕਰੀਏ ਤਾਂ ਵਾਤਾਵਰਨ ਨੂੰ ਬਚਾਉਣ ਅਤੇ ਧਰਤੀ ਹੇਠਾਂ ਪਾਣੀ ਦੇ ਪੱਧਰ ਨੂੰ ਵੀ ਨੀਵਾਂ ਜਾਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਸੁਝਾਅ ਦਿੱਤਾ ਹੈ ਕਿ ਗੁਰੂ ਸਾਹਿਬ ਦੇ 550 ਸਾਲਾ ਜਨਮ ਸ਼ਤਾਬਦੀ ਸਮਾਗਮਾਂ ਦੇ ਮੌਕੇ ਸ਼ਹਿਰ ਦੇ ਸਾਰੇ ਗੁਰਦੁਆਰਾ ਸਾਹਿਬਾਨ ਦੀਆਂ ਛੱਤਾਂ ਉੱਤੇ ‘ਸੋਲਰ ਸਿਸਟਮ’ ਲਗਾ ਦਿੱਤੇ ਜਾਣ, ਗੁਰਦੁਆਰਾ ਸਾਹਿਬਾਨ ਵਿੱਚ ਪਾਣੀ ਨੂੰ ਬਚਾਉਣ ਲਈ ‘ਰੇਨ ਹਾਰਵੈਸਟਿੰਗ ਸਿਸਟਮ’ ਲਗਾਏ ਜਾਣ ਅਤੇ ਹਰੇਕ ਗੁਰਦੁਆਰਾ ਸਾਹਿਬਾਨ ਦੀ ਕਮੇਟੀ ਵੱਲੋਂ ਜਿੱਥੇ ਕਿਤੇ ਵੀ ਜਗ੍ਹਾ ਮਿਲੇ ਉੱਥੇ 550 ਪੌਦੇ ਲਗਵਾਏ (ਪੌਦਿਆਂ ਨੂੰ ਵੰਡਿਆ ਵੀ ਜਾ ਸਕਦਾ ਹੈ) ਜਾਣ। ਉਨ੍ਹਾਂ ਤਾਲਮੇਲ ਕੇਮਟੀ ਦੇ ਪ੍ਰਧਾਨ ਅਤੇ ਹੋਰਨਾਂ ਅਹੁਦੇਦਾਰਾਂ ਤੋਂ ਮੰਗ ਕੀਤੀ ਕਿ ਉਨ੍ਹਾਂ ਵੱਲੋਂ ਦਿੱਤੇ ਉਕਤ ਸੁਝਾਵਾਂ ਨੂੰ ਗੁਰਦੁਆਰਾ ਤਾਲਮੇਲ ਕਮੇਟੀ ਦੀ ਮੀਟਿੰਗ ਵਿੱਚ ਰੱਖਿਆ ਜਾਵੇ ਅਤੇ ਇਨ੍ਹਾਂ ਉਤੇ ਸਮੂਹ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਰਾਹੀਂ ਅਮਲ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਸੁਝਾਵਾਂ ਉੱਤੇ ਅਮਲ ਕੀਤਾ ਜਾਂਦਾ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਮੌਕੇ ਸਿੱਖ ਕੌਮ ਦਾ ਇਹ ਬਹੁਤ ਵੱਡਾ ਉਪਰਾਲਾ ਹੋਵੇਗਾ ਅਤੇ ਅਸੀਂ ਗੁਰੂ ਸਾਹਿਬ ਦੇ ਫਲਸਫੇ ਨੂੰ ਅਮਲੀ ਢੰਗ ਨਾਲ ਲਾਗੂ ਕਰਨ ਵਿਚ ਕਾਮਯਾਬ ਹੋਵਾਂਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ