
ਗੁਰਦੁਆਰਾ ਚੋਣਾਂ: ਮਤਦਾਤਾ ਬਣਨ ਲਈ ਫਾਰਮ ਨਾਲ ਪਛਾਣ ਦਸਤਾਵੇਜ਼ ਲਾਉਣਾ ਲਾਜ਼ਮੀ
ਨਬਜ਼-ਏ-ਪੰਜਾਬ, ਮੁਹਾਲੀ, 21 ਅਕਤੂਬਰ:
ਗੁਰਦੁਆਰਾ ਚੋਣ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਿੱਖ ਗੁਰਦੁਆਰਾ ਬੋਰਡ ਚੋਣ ਨਿਯਮ 1959 ਦੇ ਨਿਯਮ 6 ਤੋਂ 12 ਅਨੁਸਾਰ ਵੋਟਰ ਸੂਚੀ ਤਿਆਰੀ ਸਬੰਧੀ ਅੱਜ ਤੋਂ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ। ਜਿਸ ਤਹਿਤ 15 ਨਵੰਬਰ ਤੱਕ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਅੱਜ ਦੇਰ ਸ਼ਾਮ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਗੁਰਦੁਆਰਾ ਚੋਣ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਬਣਾਉਣ ਸਬੰਧੀ ਫਾਰਮ 3 (1) ਨਾਲ ਕੋਈ ਇੱਕ ਦਸਤਾਵੇਜ਼ ਪਛਾਣ ਲਈ ਅਤੇ ਇੱਕ ਰੰਗਦਾਰ ਫੋਟੋ ਲਗਾਉਣ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਚੋਣ ਕਮਿਸ਼ਨਰ ਵੱਲੋਂ ਪ੍ਰਵਾਨਿਤ ਅਧਿਕਾਰਿਤ ਪਛਾਣ ਦਸਤਾਵੇਜ਼ਾਂ ਵਿੱਚ ਆਧਾਰ ਕਾਰਡ, ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਵੋਟਰ ਫੋਟੋ ਪਛਾਣ ਪੱਤਰ, ਭਾਰਤੀ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਕੇਂਦਰ/ਰਾਜ ਸਰਕਾਰ/ਪੀਐਸਯੂ/ਪਬਲਿਕ ਲਿਮਟਿਡ ਅਦਾਰਿਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਫੋਟੋ ਵਾਲੇ ਸੇਵਾ ਪਛਾਣ ਪੱਤਰ, ਬੈਂਕ/ਡਾਕਘਰ ਵੱਲੋਂ ਜਾਰੀ ਕੀਤੀਆਂ ਗਈਆਂ ਫੋਟੋਆਂ ਵਾਲੀਆਂ ਪਾਸ-ਬੱੁਕਾਂ, ਪੈੱਨ ਕਾਰਡ, ਆਰਜੀਆਈ ਤਹਿਤ ਐਨਪੀਆਰ ਵੱਲੋਂ ਜਾਰੀ ਸਮਾਰਟ ਕਾਰਡ, ਮਗਨਰੇਗਾ ਜੌਬ ਕਾਰਡ, ਕਿਰਤ ਮੰਤਰਾਲੇ ਦੀ ਸਕੀਮ ਅਧੀਨ ਜਾਰੀ ਕੀਤੇ ਗਏ ਸਿਹਤ ਬੀਮਾ ਸਮਾਰਟ ਕਾਰਡ, ਫੋਟੋ ਸਮੇਤ ਸਰਕਾਰੀ ਪੈਨਸ਼ਨ ਦਸਤਾਵੇਜ਼, ਸੰਸਦ ਮੈਂਬਰਾਂ/ਵਿਧਾਇਕਾਂ/ਐਮਐਲਸੀ ਨੂੰ ਜਾਰੀ ਕੀਤਾ ਗਿਆ ਅਧਿਕਾਰਤ ਪਛਾਣ ਪੱਤਰ ਸ਼ਾਮਲ ਹਨ।
ਡੀਸੀ ਆਸ਼ਿਕਾ ਜੈਨ ਨੇ ਮੁਹਾਲੀ ਜ਼ਿਲ੍ਹੇ ਵਿੱਚ ਇਸ ਸਬੰਧੀ ਲਗਾਏ ਗਏ ਰਿਵਾਈਜਿੰਗ ਅਥਾਰਟੀ ਅਫ਼ਸਰਾਂ (ਐਸਡੀਐਮਜ਼) ਨੂੰ ਗੁਰਦੁਆਰਾ ਚੋਣ ਕਮਿਸ਼ਨਰ ਦੀਆਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਮਤਦਾਤਾ ਬਣਨ ਦੇ ਚਾਹਵਾਨ ਲੋਕਾਂ ਨੂੰ ਵੀ 15 ਨਵੰਬਰ ਤੱਕ ਆਪਣੇ ਫਾਰਮ ਉਕਤ ਪਛਾਣ ਪੱਤਰਾਂ ਦੇ ਨਾਲ ਸਬੰਧਤ ਸਬ ਡਿਵੀਜ਼ਨਾਂ ਦੇ ਐਸਡੀਐਮ ਦਫ਼ਤਰਾਂ ਵਿੱਚ ਜਮਾਂ ਕਰਵਾਉਣ ਦੀ ਅਪੀਲ ਕੀਤੀ ਹੈ।