ਗੁਰਦੁਆਰਾ ਚੋਣਾਂ: ਵੋਟਰ ਸੂਚੀ ’ਚੋਂ ਕਰਨਲ ਡੀਪੀ ਸਿੰਘ ਦੇ ਪਰਿਵਾਰ ਤੇ ਗੁਆਂਢੀਆਂ ਦੀਆਂ ਵੋਟਾਂ ਗਾਇਬ
ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਤੋਂ ਵੋਟਰ ਸੂਚੀਆਂ ਦਰੁਸਤ ਕਰਨ ਦੀ ਮੰਗ
ਨਬਜ਼-ਏ-ਪੰਜਾਬ, ਮੁਹਾਲੀ, 15 ਜਨਵਰੀ:
ਭਾਰਤੀ ਫੌਜ ਦੇ ਕਰਨਲ (ਸੇਵਾਮੁਕਤ) ਡੀਪੀ ਸਿੰਘ ਨੇ ਕਿਹਾ ਕਿ ਮੁਹਾਲੀ ਪ੍ਰਸ਼ਾਸਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਜਿਹੜੀਆਂ ਵੋਟਰ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਭਾਰੀ ਊਣਤਾਈਆਂ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਵੋਟਰ ਸੂਚੀਆਂ ਨੂੰ ਤਰਤੀਬਵਾਰ ਕੀਤਾ ਜਾਵੇ। ਅੱਜ ਇੱਥੇ ਕਰਨਲ ਡੀਪੀ ਸਿੰਘ ਨੇ ਕਿਹਾ ਕਿ ਉਹ ਸੈਕਟਰ-71 ਦੇ ਵਸਨੀਕ ਹਨ ਅਤੇ ਉਨ੍ਹਾਂ ਵੱਲੋਂ ਆਪਣਾ, ਆਪਣੀ ਪਤਨੀ ਅਤੇ ਨੂੰਹ ਦਾ ਫਾਰਮ ਖ਼ੁਦ ਆਪਣੇ ਹੱਥੀ ਭਰ ਕੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਸੈਕਟਰ-76 ਵਿਖੇ ਜਮ੍ਹਾਂ ਕਰਵਾਇਆ ਸੀ ਅਤੇ ਬਾਅਦ ਵਿੱਚ ਆਪਣੇ ਗੁਆਂਢ ਦੇ ਕੁੱਝ ਵਿਅਕਤੀਆਂ ਦੇ ਫਾਰਮ ਭਰ ਕੇ ਮੁਹਾਲੀ ਨਗਰ ਨਿਗਮ ਦੇ ਦਫ਼ਤਰ ਵਿੱਚ ਜਮਾਂ ਕਰਵਾਏ ਗਏ ਸਨ ਪ੍ਰੰਤੂ ਚੋਣਾਂ ਸਬੰਧੀ ਜਿਹੜੀ ਡਰਾਫ਼ਟ ਵੋਟਰ ਸੂਚੀ ਤਿਆਰ ਕੀਤੀ ਗਈ ਹੈ, ਉਸ ਵਿੱਚ ਇਨ੍ਹਾਂ ’ਚੋਂ ਇੱਕ ਵੀ ਵੋਟ ਸ਼ਾਮਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਬੰਧਤ ਅਮਲਾ ਉਨ੍ਹਾਂ ਨੂੰ ਨਵੇਂ ਸਿਰਿਓਂ ਫਾਰਮ ਜਮ੍ਹਾਂ ਕਰਵਾਉਣ ਲਈ ਕਹਿ ਰਿਹਾ ਹੈ।
81 ਸਾਲਾਂ ਕਰਨਲ ਡੀਪੀ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਵੀ ਫਾਰਮ ਜਮ੍ਹਾਂ ਕਰਵਾ ਚੁੱਕੇ ਹਨ ਅਤੇ ਹੁਣ ਫਿਰ ਫਾਰਮ ਜਮ੍ਹਾਂ ਕਰਵਾਉਣੇ ਪੈਣੇ ਹਨ। ਉਹ ਦਫ਼ਤਰ ਵਾਲਿਆਂ ਤੋਂ ਸੈਕਟਰ 71 ਦੀ ਵੋਟਰ ਸੂਚੀ ਲੈ ਕੇ ਆਏ ਹਨ, ਜਿਸ ਵਿੱਚ ਭਾਰੀ ਊਣਤਾਈਆਂ ਹਨ। ਇੱਕ ਘਰ ਦੀਆਂ ਵੋਟਾਂ ਵੱਖ-ਵੱਖ ਥਾਵਾਂ ’ਤੇ ਲਿਖੀਆਂ ਗਈਆਂ ਹਨ। ਇਸ ਤੋਂ ਇਲਾਵਾ ਜਿੱਥੇ ਵੱਡੀ ਗਿਣਤੀ ਲੋਕਾਂ ਦੀਆਂ ਵੋਟਾਂ ਦਰਜ ਹੀ ਨਹੀਂ ਕੀਤੀਆਂ ਗਈਆਂ, ਉੱਥੇ ਕਈ ਵੋਟਰਾਂ ਦੇ ਨਾਮ ਦੋ ਦੋ ਵਾਰ ਦਰਜ ਕੀਤੇ ਗਏ ਹਨ।
ਉਨ੍ਹਾਂ ਐਸਡੀਐਮ ਤੋਂ ਮੰਗ ਕੀਤੀ ਕਿ ਵੋਟਰ ਸੂਚੀਆਂ ਵਿਚਲੀਆਂ ਊਣਤਾਈਆਂ ਨੂੰ ਦੂਰ ਕਰ ਕੇ ਤਰਤੀਬਵਾਰ ਤਿਆਰ ਕਰਵਾਉਣ ਤਾਂ ਜੋ ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰ ਸਕਣ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਵੋਟਰ ਸੂਚੀਆਂ ਤਿਆਰ ਕਰਦੇ ਹਨ, ਉਨ੍ਹਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਗਲਤ ਤਰੀਕੇ ਨਾਲ ਵੋਟਾਂ ਤਿਆਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕੀਤੀ ਜਾਵੇ।