
ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਵਿਖੇ ਤਿੰਨ ਰੋਜ਼ਾ ਸਾਲਾਨਾ ਗੁਰਮਤਿ ਸਮਾਗਮ ਸੰਪੰਨ
ਬੇਸਹਾਰਾ ਤੇ ਲੋੜਵੰਦਾਂ ਦੇ ਮੁਫ਼ਤ ਇਲਾਜ ਲਈ ਜਨਰਲ ਹਸਪਤਾਲ ਤੇ ਕੈਂਸਰ ਹਸਪਤਾਲ ਬਣਾਉਣ ਦਾ ਐਲਾਨ
ਵੱਖ-ਵੱਖ ਜਥਿਆਂ ਨੇ ਭਾਈ ਦਵਿੰਦਰ ਸਿੰਘ ਖਾਲਸਾ ਦੇ ਉਪਰਾਲੇ ਦੀ ਸ਼ਲਾਘਾ, ਸੈਂਕੜੇ ਪ੍ਰਾਣੀ ਗੁਰੂ ਵਾਲੇ ਬਣੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਾਰਚ:
ਇੱਥੋਂ ਦੇ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿਖੇ ਐਤਵਾਰ ਨੂੰ ਤਿੰਨ ਰੋਜ਼ਾ ਸਾਲਾਨਾ ਗੁਰਮਤਿ ਸਮਾਗਮ ਸਮਾਪਤ ਹੋ ਗਿਆ। ਅਖੀਰਲੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਦੂਰ-ਦੁਰਾਡੇ ਦੀ ਸੰਗਤ ਨੇ ਸ਼ਮੂਲੀਅਤ ਕੀਤੀ। ਟਰੱਸਟੀ ਗੁਰਮੀਤ ਸਿੰਘ ਅਤੇ ਮੁੱਖ ਪ੍ਰਸ਼ਾਸਨਿਕ ਅਫ਼ਸਰ ਆਦਰਸ਼ ਸੂਰੀ ਨੇ ਦੱਸਿਆ ਕਿ ਸਮਾਗਮ ਦੀ ਅਰੰਭਤਾ ਭਾਈ ਦਵਿੰਦਰ ਸਿੰਘ ਖਾਲਸਾ ਖੰਨੇ ਵਾਲਿਆਂ ਦੇ ਅੰਮ੍ਰਿਤ ਵੇਲੇ ਸਿਮਰਨ ਸਾਧਨਾ ਰਾਹੀਂ ਹੋਈ। ਉਪਰੰਤ ਆਸਾ ਕੀ ਵਾਰ ਭਾਈ ਤਜਿੰਦਰ ਸਿੰਘ ਸ਼ਿਮਲਾ ਵਾਲੇ, ਗੁਰਸ਼ਬਦ ਵਿਚਾਰ ਲਈ ਗਿਆਨੀ ਜਸਵੰਤ ਸਿੰਘ ਪਰਵਾਨਾ, ਬੀਬੀ ਮਨਦੀਪ ਕੌਰ ਖਾਲਸਾ ਲੁਧਿਆਣਾ, ਭਾਈ ਇੰਦਰਪ੍ਰੀਤ ਸਿੰਘ ਸੋਹਾਣਾ, ਭਾਈ ਪ੍ਰਦੀਪ ਸਿੰਘ, ਐਜੂਕੇਟ ਪੰਜਾਬ ਪ੍ਰਾਜੈਕਟ ਦੇ ਕੀਰਤਨੀ ਜਥਾ, ਭਾਈ ਜੋਰਾ ਸਿੰਘ, ਗਿਆਨੀ ਅਮਰਜੀਤ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਭਾਈ ਸਿਮਰਨਜੀਤ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਗਿਆਨੀ ਗੁਰਦੇਵ ਸਿੰਘ ਆਸਟ੍ਰੇਲੀਆ ਵਾਲੇ, ਭਾਈ ਜਬਰਤੋੜ ਸਿੰਘ, ਮੀਰੀ ਪੀਰੀ ਜਥਾ ਜਗਾਧਰੀ ਵਾਲੇ, ਗਿਆਨੀ ਹਰਪਾਲ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਫਤਹਿਗੜ੍ਹ ਸਾਹਿਬ ਨੇ ਕਥਾ, ਕੀਰਤਨ ਅਤੇ ਗੁਰਮਤਿ ਵਿਚਾਰਾਂ ਦਿਨ ਭਰ ਸੰਗਤ ਨੂੰ ਨਿਹਾਲ ਕੀਤਾ।
ਟਰੱਸਟੀ ਅਮਰਦੀਪ ਸਿੰਘ, ਸੁਖਦੀਪ ਸਿੰਘ ਅਤੇ ਸਰਬਜੀਤ ਸਿੰਘ ਨੇ ਦੱਸਿਆ ਕਿ ਸਮੂਹ ਕੀਰਤਨੀ, ਰਾਗੀ ਅਤੇ ਢਾਢੀ ਜਥਿਆਂ ਦਾ ਸਨਮਾਨ ਕੀਤਾ ਅਤੇ ਸੈਂਕੜੇ ਪਾਣੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ। ਸਮਾਗਮ ਦੌਰਾਨ ਵੱਖ-ਵੱਖ ਰਾਗੀ ਜਥਿਆਂ ਅਤੇ ਬੁਲਾਰਿਆਂ ਨੇ ਭਾਈ ਦਵਿੰਦਰ ਸਿੰਘ ਖਾਲਸਾ ਖੰਨੇ ਵਾਲਿਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਭਾਈ ਦਵਿੰਦਰ ਸਿੰਘ ਖਾਲਸਾ ਨੇ ਐਲਾਨ ਕੀਤਾ ਕਿ ਚੈਰੀਟੇਬਲ ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ ਜਲਦ ਹੀ ਗੁਰਦੁਆਰਾ ਕੰਪਲੈਕਸ ਵਿੱਚ ਇਕ ਮੁਫ਼ਤ ਜਨਰਲ ਹਸਪਤਾਲ ਅਤੇ ਇਕ ਕੈਂਸਰ ਹਸਪਤਾਲ ਬਣਾਇਆ ਜਾ ਰਿਹਾ ਹੈ। ਜਿੱਥੇ ਲੋੜਵੰਦ ਅਤੇ ਬੇਸਹਾਰਾ ਵਿਅਕਤੀਆਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਚੈਰੀਟੇਬਲ ਟਰੱਸਟ ਵੱਲੋਂ ਗੁਰਦੁਆਰਾ ਕੰਪਲੈਕਸ ਦੇ ਸਾਹਮਣੇ ਜਨਰਲ ਅਤੇ ਅੱਖਾਂ ਦਾ ਹਸਪਤਾਲ ਚਲਾਇਆ ਜਾ ਰਿਹਾ ਹੈ। ਜਿੱਥੇ ਟਰਾਈਸਿਟੀ ਦੇ ਹੋਰਨਾਂ ਪ੍ਰਾਈਵੇਟ ਹਸਪਤਾਲਾਂ ਦੇ ਮੁਕਾਬਲੇ ਬਹੁਤ ਘੱਟ ਕੀਮਤ ’ਤੇ ਇਲਾਜ ਕੀਤਾ ਜਾਂਦਾ ਹੈ।