ਆਖਰਕਾਰ ਗੁਰਦੁਆਰਾ ਸੰਤ ਬਾਬਾ ਸਮੀਰ ਸਿੰਘ ਜੀ ਬਲੌਂਗੀ ਸਿੱਖ ਸੰਗਤ ਨੂੰ ਸਮਰਪਿਤ

ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪੂਰਾ ਦਿਨ ਚੱਲਿਆਂ ਗੁਰਬਾਣੀ ਕੀਰਤਨ, ਉੱਘੀਆਂ ਸ਼ਖ਼ਸੀਅਤਾਂ ਦਾ ਕੀਤਾ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਾਰਚ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀ ਜੂਹ ਵਿੱਚ ਵਸਦੇ ਕਸਬਾ ਨੁਮਾ ਪਿੰਡ ਬਲੌਂਗੀ ਵਿੱਚ ਨੰਬਰਦਾਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਅਤੇ ਸੇਵਾਦਾਰ ਤਰਲੋਚਨ ਸਿੰਘ ਮਾਨ ਵੱਲੋਂ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਬਣਾਏ ਗਏ ਗੁਰਦੁਆਰਾ ਸੰਤ ਬਾਬਾ ਸਮੀਰ ਸਿੰਘ ਜੀ ਬਲੌਂਗੀ ਦੀ ਆਲੀਸ਼ਾਨ ਇਮਾਰਤ ਨੂੰ ਅੱਜ ਸਿੱਖ ਸੰਗਤ ਨੂੰ ਸਮਰਪਿਤ ਕਰਨ ਲਈ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਉਪਰੰਤ ਪੂਰਾ ਦਿਨ ਨਵੀਂ ਇਮਾਰਤ ਵਿੱਚ ਗੁਰਬਾਣੀ ਦਾ ਅਲੌਕਿਕ ਕੀਰਤਨ ਹੋਇਆ।
ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਤਰਲੋਚਨ ਸਿੰਘ ਮਾਨ ਨੇ ਸੰਗਤ ਨੂੰ ਦੱਸਿਆ ਕਿ ਸਾਲ 2006 ਵਿੱਚ ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਨੂੰ ਢਾਹ ਕੇ ਪਿੰਡ ਵਾਸੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਨਵੀਂ ਆਲੀਸ਼ਾਨ ਇਮਾਰਤ ਦਾ ਨਿਰਮਾਣ ਸ਼ੁਰੂ ਕੀਤਾ ਸੀ। ਇਸ ਸਬੰਧੀ ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆਲਾ ਅਤੇ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ ਨਕਸ਼ੇ ਦੇਖਣ ਤੋਂ ਬਾਅਦ ਆਰਕੀਟੈਕਟ ਤੋਂ ਸਪੈਸ਼ਲ ਨਕਸ਼ਾ ਤਿਆਰ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਦੌਰਾਨ ਕਾਰਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ (ਅੰਮ੍ਰਿਤਸਰ) ਵੱਲੋਂ ਲੇਬਰ ਮੁਹੱਈਆ ਕਰਵਾਈ ਗਈ ਜਦੋਂਕਿ ਬਾਕੀ ਸਾਰਾ ਖਰਚਾ ਪ੍ਰਬੰਧਕ ਕਮੇਟੀ ਅਤੇ ਸੇਵਾਦਾਰ ਤਰਲੋਚਨ ਸਿੰਘ ਮਾਨ ਦੇ ਉਪਰਾਲਿਆਂ ਸਦਕਾ ਨੇਪਰੇ ਚੜ੍ਹਿਆ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ’ਤੇ ਤਕਰੀਬਨ ਅੱਠ ਕਰੋੜ ਰੁਪਏ ਖਰਚਾ ਆਇਆ ਹੈ।
ਇਸ ਤੋਂ ਪਹਿਲਾਂ ਧਾਰਮਿਕ ਸਮਾਗਮ ਦਾ ਆਗਾਜ਼ ਇਸਤਰੀ ਸਤਿਸੰਗ ਦੀਆਂ ਬੀਬੀਆਂ ਦੇ ਕੀਰਤਨ ਨਾਲ ਹੋਇਆ। ਇਸ ਉਪਰੰਤ ਹਜ਼ੂਰੀ ਰਾਗੀ ਭਾਈ ਗੁਰਕੀਰਤ ਸਿੰਘ, ਹੈੱਡ ਗਰੰਥੀ ਗਿਆਨੀ ਜਗਤਾਰ ਸਿੰਘ, ਹਜ਼ੂਰੀ ਰਾਗੀ ਭਾਈ ਸੁਖਜੀਤ ਸਿੰਘ, ਗਿਆਨੀ ਰਘਬੀਰ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਢਾਡੀ ਜਥਾ ਗੁਰਪ੍ਰੀਤ ਸਿੰਘ ਆਦਿ ਜਥਿਆਂ ਨੇ ਢਾਡੀ ਵਾਰਾਂ, ਕਥਾ, ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ਵਿੱਚ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਅਤੇ ਸੇਵਾਦਾਰ ਤਰਲੋਚਨ ਸਿੰਘ ਮਾਨ, ਜਥੇਦਾਰ ਪੂਰਨ ਸਿੰਘ, ਪ੍ਰੇਮ ਸਿੰਘ, ਪਰਮਜੀਤ ਸਿੰਘ ਵਾਲੀਆ, ਡਾ. ਸੁਰਜੀਤ ਸਿੰਘ, ਚਰਨਜੀਤ ਸਿੰਘ ਸੈਣੀ, ਪੀ.ਐਸ. ਮਹਿੰਮੀ, ਪ੍ਰਿਤਪਾਲ ਸਿੰਘ, ਕੁਲਵੰਤ ਕੌਰ ਮਾਨ ਸਮੇਤ ਹੋਰ ਉੱਘੀਆਂ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…