nabaz-e-punjab.com

ਪਿੰਡ ਮੌਲੀ ਬੈਦਵਾਨ ਦੇ ਗੁਰਦੁਆਰਾ ਸਾਹਿਬ ’ਚੋਂ ਗੋਲਕ ਚੋਰੀ, ਗ੍ਰੰਥੀ ਦੇ ਬਿਆਨਾਂ ’ਤੇ ਕੇਸ ਦਰਜ

ਅਣਪਛਾਤੇ ਚੋਰਾਂ ਨੇ ਗੋਲਕ ਤੋੜ ਕੇ ਪੈਸੇ ਕੱਢੇ, ਗੋਲਕ ਨੂੰ ਗੁਰਦੁਆਰੇ ਤੋਂ ਦੂਰ ਗਰਾਉਂਡ ਵਿੱਚ ਸੁੱਟ ਕੇ ਹੋਏ ਫਰਾਰ

ਗੁਰੂਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਇਕ ਮਹੀਨੇ ਤੋਂ ਖ਼ਰਾਬ, ਪੁਲੀਸ ਵੱਲੋਂ ਕੈਮਰੇ ਛੇਤੀ ਠੀਕ ਕਰਵਾਉਣ ਦੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ:
ਇੱਥੋਂ ਦੇ ਨੇੜਲੇ ਪਿੰਡ ਮੌਲੀ ਬੈਦਵਾਨ ਦੇ ਗੁਰਦੁਆਰਾ ਸਾਹਿਬ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਚੋਰ ਗੁਰੂ ਘਰ ’ਚੋਂ ਗੋਲਕ ਚੋਰੀ ਕਰ ਕੇ ਲੈ ਗਏ ਅਤੇ ਗੁਰਦੁਆਰੇ ਤੋਂ ਕਾਫੀ ਦੂਰ ਖਾਲੀ ਗਰਾਉਂਡ ਵਿੱਚ ਗੋਲਕ ’ਚੋਂ ਪੈਸੇ ਕੱਢ ਕੇ ਗੋਲਕ ਉੱਥੇ ਸੁੱਟ ਕੇ ਫਰਾਰ ਹੋ ਗਏ।
ਪਿੰਡ ਦੇ ਸਾਬਕਾ ਸਰਪੰਚ ਅਤੇ ਅਕਾਲੀ ਦਲ ਦੇ ਬਲਾਕ ਸੰਮਤੀ ਦੇ ਮੈਂਬਰ ਜਥੇਦਾਰ ਅਮਰੀਕ ਸਿੰਘ ਮੌਲੀ ਨੇ ਦੱਸਿਆ ਕਿ ਸੋਮਵਾਰ ਦੀ ਦੇਰ ਰਾਤ ਨੂੰ ਅਣਪਛਾਤੇ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸਿਓਂ ਖਿੜਕੀ ਦੀ ਗਰਿੱਲ ਤੋੜ ਕੇ ਗੁਰੂ ਘਰ ਅੰਦਰ ਦਾਖ਼ਲ ਹੋ ਗਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖੀ ਗੋਲਕ ਚੋਰੀ ਕਰ ਕੇ ਲੈ ਗਏ।
ਉਨ੍ਹਾਂ ਦੱਸਿਆ ਕਿ ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਮੰਗਲਵਾਰ ਨੂੰ ਸਵੇਰੇ ਤੜਕੇ ਗ੍ਰੰਥੀ ਅਵਤਾਰ ਸਿੰਘ ਬੱਲੀ ਰੋਜ਼ਾਨਾ ਵਾਂਗ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਆਇਆ ਤਾਂ ਉਸ ਨੇ ਦੇਖਿਆ ਕਿ ਗੁਰੂ ਮਹਾਰਾਜ ਦੇ ਅੱਗੇ ਰੱਖੀ ਗੋਲਕ ਉੱਥੋਂ ਗਾਇਬ ਸੀ। ਉਨ੍ਹਾਂ ਤੁਰੰਤ ਗੁਰਦੁਆਰਾ ਕਮੇਟੀ ਅਤੇ ਪਿੰਡ ਦੇ ਪਤਵੰਤਿਆਂ ਨੂੰ ਇਤਲਾਹ ਦਿੱਤੀ ਅਤੇ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿੱਚ ਲੋਕ ਗੁਰੂ ਘਰ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਗੋਲਕ ਦਾ ਤਾੜਾ ਤੋੜ ਕੇ ਨਗਦੀ ਕੱਢਣ ਮਗਰੋਂ ਗੋਲਕ ਨੂੰ ਗਰਾਉਂਡ ਵਿੱਚ ਸੁੱਟ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ।
ਉਧਰ, ਸੂਚਨਾ ਮਿਲਦੇ ਹੀ ਸੋਹਾਣਾ ਥਾਣੇ ’ਚੋਂ ਜਾਂਚ ਅਧਿਕਾਰੀ ਏਐਸਆਈ ਸਤਨਾਮ ਸਿੰਘ ਅਤੇ ਪੁਲੀਸ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਗੁਰੂ ਘਰ ਵਿੱਚ ਹੋਈ ਚੋਰੀ ਦੀ ਵਾਰਦਾਤ ਦਾ ਜਾਇਜ਼ਾ ਲਿਆ। ਪੁਲੀਸ ਟੀਮ ਨੇ ਗੁਰਦੁਆਰਾ ਕਮੇਟੀ ਅਤੇ ਗ੍ਰੰਥੀ ਅਵਤਾਰ ਸਿੰਘ ਅਤੇ ਹੋਰਨਾਂ ਮੋਹਤਬਰ ਵਿਅਕਤੀਆਂ ਨਾਲ ਵੀ ਗੱਲ ਕੀਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਚੋਰੀ ਦੀ ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਸਕਦੀ ਸੀ ਅਤੇ ਚੋਰਾਂ ਬਾਰੇ ਕੋਈ ਠੋਸ ਸੁਰਾਗ ਮਿਲ ਸਕਦਾ ਸੀ ਪ੍ਰੰਤੂ ਅਜਿਹਾ ਨਹੀਂ ਹੋਇਆ ਕਿਉਂਕਿ ਗੁਰਦੁਆਰਾ ਸਾਹਿਬ ਵਿੱਚ ਸੀਸੀਟੀਵੀ ਕੈਮਰੇ ਤਾਂ ਲੱਗੇ ਹੋਏ ਹਨ ਪਰ ਉਨ੍ਹਾਂ ’ਚੋਂ ਕੋਈ ਵੀ ਚਾਲੂ ਹਾਲਤ ਵਿੱਚ ਨਹੀਂ ਹੈ। ਇਸ ਸਬੰਧੀ ਪ੍ਰਬੰਧਕਾਂ ਨੇ ਪੁਲੀਸ ਨੂੰ ਦੱਸਿਆ ਕਿ ਸੀਸੀਟੀਵੀ ਕੈਮਰੇ ਪਿਛਲੇ ਇਕ ਮਹੀਨੇ ਤੋਂ ਖਰਾਬ ਪਏ ਹਨ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਗ੍ਰੰਥੀ ਅਵਤਾਰ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਥਾਣਾ ਸੋਹਾਣਾ ਵਿੱਚ ਧਾਰਾ 427, 380 ਅਤੇ 34 ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਗੁਰਦੁਆਰਾ ਕਮੇਟੀ ਅਤੇ ਪਿੰਡ ਦੇ ਪਤਵੰਤਿਆਂ ਨੂੰ ਅਪੀਲ ਕੀਤੀ ਕਿ ਗੁਰੂਘਰ ਵਿੱਚ ਬੰਦ ਪਏ ਸੀਸੀਟੀਵੀ ਕੈਮਰੇ ਜਲਦੀ ਚਾਲੂ ਕਰਵਾਏ ਜਾਣ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…