
ਗੁਰਦੁਆਰਾ ਯਾਦਗਾਰ ਸ਼ਹੀਦ ਭਾਈ ਜੈਤਾ ਜੀ ਕਮੇਟੀ ਦਾ ਵਫ਼ਦ ਕੈਬਨਿਟ ਮੰਤਰੀ ਵੇਰਕਾ ਨੂੰ ਮਿਲਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਕਤੂਬਰ:
ਗੁਰਦੁਆਰਾ ਯਾਦਗਾਰ ਸ਼ਹੀਦ ਭਾਈ ਜੈਤਾ ਜੀ (ਸ਼ਹੀਦ ਬਾਬਾ ਜੀਵਨ ਸਿੰਘ ਜੀ) ਫੇਜ਼-3ਏ ਮੁਹਾਲੀ ਦੀ ਪ੍ਰਬੰਧਕ ਕਮੇਟੀ ਦਾ ਵਫ਼ਦ ਪ੍ਰਧਾਨ ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੂੰ ਮਿਲ ਕੇ ਪੰਜਾਬ ਦੀ ਕਿਸੇ ਵੀ ਯੂਨੀਵਰਸਿਟੀ ਵਿੱਚ ‘ਭਾਈ ਜੈਤਾ ਜੀ ਚੇਅਰ’ ਸਥਾਪਿਤ ਕਰਨ ਲਈ ਮੰਗ ਪੱਤਰ ਦਿੱਤਾ। ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ‘ਭਾਈ ਜੈਤਾ ਜੀ ਚੇਅਰ’ ਸਥਾਪਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਛੇਤੀ ਹੀ ਇਸ ਦਿਸ਼ਾ ਵਿੱਚ ਕਦਮ ਚੁੱਕੇ ਜਾਣਗੇ।
ਵਫ਼ਦ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੀ ਅਕਾਲੀ ਸਰਕਾਰ ਨੇ 10 ਸਾਲ ਰਾਜ ਕੀਤਾ ਅਤੇ ਅਨੇਕਾਂ ਹੀ ਸੰਤਾਂ-ਮਹਾਂਪੁਰਸ਼ਾਂ ਦੀਆਂ ਇਤਿਹਾਸਕ ਯਾਦਗਾਰਾਂ ਬਣਾਈਆਂ ਗਈਆਂ ਪ੍ਰੰਤੂ ਗੁਰੂ ਘਰ ਲਈ ਭਾਈ ਜੈਤਾ ਜੀ ਦੀ ਲਾਸਾਨੀ ਸੇਵਾ ਨੂੰ ਅੱਖੋ-ਪਰੋਖੇ ਕਰਕੇ ਉਨ੍ਹਾਂ ਦੀ ਯਾਦਗਾਰ ਬਣਾਉਣੀ ਵਿਸਰ ਗਈ ਜਦੋਂਕਿ ਦਸਮੇਸ਼ ਪਿਤਾ ਨੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਚੁੱਕ ਕੇ ਲਿਆਉਣ ਲਈ ਭਾਈ ਜੈਤਾ ਜੀ ਨੂੰ ‘ਰੰਘਰੇਟਾ ਗੁਰੂ ਕਾ ਬੇਟਾ’ ਦਾ ਖ਼ਿਤਾਬ ਬਖ਼ਸ਼ਿਆਂ ਸੀ। ਭਾਈ ਜੈਤਾ ਨੇ 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਉਨ੍ਹਾਂ ਦਾ ਸੀਸ ਚੁੱਕ ਕੇ 15 ਨਵੰਬਰ 1675 ਨੂੰ ਕਰੀਬ 350 ਕਿੱਲੋਮੀਟਰ ਲੰਮਾ ਪੈਂਡਾ ਪੈਦਲ ਤੈਅ ਕਰਕੇ ਗੁਰੂ ਸਾਹਿਬ ਦਾ ਸੀਸ ਸ੍ਰੀ ਅਨੰਦਪੁਰ ਸਾਹਿਬ ਪਹੁੰਚਾਇਆ ਸੀ। ਵਫ਼ਦ ਨੇ ਇਹ ਵੀ ਮੰਗ ਕੀਤੀ ਕਿ ਕਿਹੜੇ ਰਾਹਾਂ ਦਾ ਸਫ਼ਰ ਕੀਤਾ ਇਹ ਇੱਕ ਖੋਜ ਦਾ ਵਿਸ਼ਾ ਹੈ। ਇਹ ਖੋਜ ‘ਭਾਈ ਜੈਤਾ ਜੀ ਚੇਅਰ’ ਸਥਾਪਿਤ ਕਰਕੇ ਹੀ ਹੋ ਸਕਦੀ ਹੈ। ਕੈਬਨਿਟ ਮੰਤਰੀ ਨੂੰ ਮਿਲੇ ਵਫ਼ਦ ਵਿੱਚ ਜਨਰਲ ਸਕੱਤਰ ਰਣਜੀਤ ਸਿੰਘ, ਸਾਬਕਾ ਪ੍ਰਧਾਨ ਐਡਵੋਕੇਟ ਈਸ਼ਰ ਸਿੰਘ, ਨਾਨਕ ਸਿੰਘ ਸਾਬਕਾ ਇੰਸਪੈਕਟਰ, ਦਲੀਪ ਸਿੰਘ ਮੈਨੇਜਰ, ਅਵਤਾਰ ਸਿੰਘ ਮੀਤ ਸਕੱਤਰ, ਸੁਖਦੇਵ ਸਿੰਘ ਸਹੋਤਾ, ਮਲਕੀਤ ਸਿੰਘ ਕਲਿਆਣ, ਕਮਲਜੀਤ ਸਿੰਘ ਸਿੱਧੂ, ਅਤੇ ਜਗਜੀਵਨ ਸਿੰਘ ਵੀ ਸ਼ਾਮਲ ਸਨ।