Nabaz-e-punjab.com

ਗੁਰੀ ਵੜੈਚ ਦਾ 10 ਸਾਲ ਪੁਰਾਣਾ ਗੀਤ ‘ਸ਼ਰਬਤੀ ਅੱਖੀਆਂ’ ਚੋਰੀ ਕਰ ਕੇ ਪੰਜਾਬੀ ਫਿਲਮ ’ਚ ਚਲਾਉਣ ਦਾ ਦੋਸ਼

ਗੀਤਕਾਰ ਨੇ ਐਸਐਸਪੀ ਤੇ ਸਾਈਬਰ ਕਰਾਈਮ ਸੈਲ ਨੂੰ ਦਿੱਤੀ ਸ਼ਿਕਾਇਤ, ਸ਼ਰਾਰਤੀ ਅਨਸਰਾਂ ਨੇ ਯੂ-ਟਿਊਬ ਤੋਂ ਹਟਾਇਆ ਗੀਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਈ:
ਸੋਸ਼ਲ ਮੀਡੀਆ ‘ਯੂ-ਟਿਊਬ’ ਉੱਤੇ ਪਿਛਲੇ ਲਗਭਗ ਦਸ ਸਾਲਾਂ ਤੋਂ ਚੱਲ ਰਿਹਾ ‘ਸ਼ਰਬਤੀ ਅੱਖੀਆਂ’ ਗੀਤ ਕਿਸੇ ਅਣਪਛਾਤੇ ਵਿਅਕਤੀ ਨੇ ਪਾਸੇ ਹਟਾ ਕੇ ਆਉਣ ਵਾਲੀ ਨਵੀਂ ਪੰਜਾਬੀ ਫਿਲਮ ਵਿੱਚ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੰਜਾਬੀ ਗੀਤਕਾਰ ਗੁਰਸੇਵਕ ਗੁਰੀ ਉਰਫ਼ ਗੁਰੀ ਵੜੈਚ ਨੇ ਪੰਜਾਬ ਪੁਲੀਸ ਦੇ ਸਟੇਟ ਸਾਈਬਰ ਕਰਾਈਮ ਸੈੱਲ ਅਤੇ ਮੁਹਾਲੀ ਦੇ ਐਸਐਸਪੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਸਮੁੱਚੇ ਮਾਮਲੇ ਦੀ ਬਰੀਕੀ ਨਾਲ ਉੱਚ ਪੱਧਰੀ ਜਾਂਚ ਕਰਨ ਅਤੇ ਇਸ ਜਾਅਲਸਾਜ਼ੀ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਖ਼ਿਲਾਫ਼ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਅੱਜ ਇੱਥੇ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬੀ ਗੀਤਕਾਰ ਗੁਰਸੇਵਕ ਗੁਰੀ ਉਰਫ਼ ਗੁਰੀ ਵੜੈਚ ਨੇ ਦੱਸਿਆ ਕਿ ਇਹ ‘ਸ਼ਰਬਤੀ ਅੱਖੀਆਂ’ ਗੀਤ ਉਸ ਦਾ ਲਿਖਿਆ ਹੋਇਆ ਹੈ। ਜਿਸ ਨੂੰ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਬੀਬਾ ਮਨਿੰਦਰ ਦਿਓਲ ਨੇ ਗਾਇਆ ਸੀ। ਇਸ ਗਾਣੇ ਵਿੱਚ ਸੰਗੀਤ ਪ੍ਰਸਿੱਧ ਸੰਗੀਤਕਾਰ ਸਚਿਨ ਅਹੂਜਾ ਨੇ ਦਿੱਤਾ ਸੀ। ਉਸ ਗੀਤ ਦੀ ਬਕਾਇਦਾ ਵੀਡੀਓ ਵੀ ਬਣਾਈ ਗਈ ਸੀ। ਜਿਸ ਨੂੰ ਪ੍ਰਿਆ ਆਡੀਓ ਕੰਪਨੀ ਵੱਲੋਂ 5 ਸਾਲ ਪਹਿਲਾਂ 2014 ਵਿੱਚ ਯੂ-ਟਿਊਬ ਉੱਤੇ ਵੀ ਅਪਲੋਡ ਕੀਤਾ ਗਿਆ ਸੀ। ਗੀਤ ਇੰਡੀਅਨ ਪਰਫਾਰਮਿੰਗ ਰਾਈਟ ਸੁਸਾਇਟੀ (ਆਈਪੀਆਰਐਸ) ਮੁੰਬਈ ਕੋਲ ਰਜਿਸਟਰਡ ਹੈ ਅਤੇ ਗੀਤ ਦੀ ਉਸ ਨੂੰ ਬਕਾਇਦਾ ਰਾਇਲਟੀ ਵੀ ਆਉਂਦੀ ਰਹੀ ਹੈ।
ਗੁਰੀ ਵੜੈਚ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਸ ਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਉਸ ਦਾ ਯੂ-ਟਿਊਬ ’ਤੇ ਚੱਲ ਰਿਹਾ ਗੀਤ ਇਕ ਨਵੀਂ ਪੰਜਾਬੀ ਫਿਲਮ ਵਿੱਚ ਚੱਲ ਰਿਹਾ ਸੀ। ਗੀਤਕਾਰ ਨੂੰ ਉਸ ਤੋਂ ਵੀ ਵੱਧ ਹੈਰਾਨੀ ਉਸ ਸਮੇਂ ਹੋਈ ਜਦੋਂ ਉਸ ਦਾ ਪੁਰਾਣਾ ਗੀਤ ‘ਸ਼ਰਬਤੀ ਅੱਖੀਆਂ’ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਯੂ-ਟਿਊਬ ਤੋਂ ਹਟਾ ਦਿੱਤਾ ਗਿਆ ਸੀ। ਜਦੋਂ ਗੁਰੀ ਨੇ ਉਕਤ ਫ਼ਿਲਮ ਬਣਾਉਣ ਵਾਲੀ ਕੰਪਨੀ ਦੇ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਤਾਂ ਉਹ ਇਸ ਬਾਰੇ ਕੋਈ ਠੋਸ ਜਵਾਬ ਨਹੀਂ ਦੇ ਸਕੇ।
ਪ੍ਰੈੱਸ ਕਾਨਫਰੰਸ ਵਿੱਚ ਹਾਜ਼ਰ ਪ੍ਰਸਿੱਧ ਪੰਜਾਬੀ ਗੀਤਕਾਰ ਭੱਟੀ ਭੜੀ ਵਾਲਾ ਅਤੇ ਪ੍ਰੋਡਿਊਸਰ ਡਾਇਰੈਕਟਰ ਰਾਜਾ ਵਿਰਕ ਨੇ ਵੀ ਗੀਤਕਾਰ ਗੁਰੀ ਵੜੈਚ ਦੇ ਗੀਤ ‘ਸ਼ਰਬਤੀ ਅੱਖੀਆਂ ਦੀ ਹੂ-ਬ-ਹੂ ਸ਼ਬਦਾਵਲੀ ਚੋਰੀ ਕਰਨ ਅਤੇ ਕਿਸੇ ਨਵੀਂ ਪੰਜਾਬੀ ਫਿਲਮ ਵਿੱਚ ਚਲਾਉਣ ਦੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਨੇ ਅਜਿਹਾ ਕਰ ਕੇ ਗੀਤਕਾਰ ਦੀ ਕਲਮ ਨਾਲ ਧੋਖਾ ਕੀਤਾ ਹੈ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…