
ਗੁਰਿੰਦਰ ਸਿੰਘ ਸੋਢੀ ਨੇ ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ) ਵਜੋਂ ਅਹੁਦਾ ਸੰਭਾਲਿਆ
ਸਿੱਖਿਆ ਵਿਭਾਗ ਮੁਲਾਜ਼ਮ ਜਥੇਬੰਦੀ ਵੱਲੋਂ ਨਵੇਂ ਡਾਇਰੈਕਟਰ ਦਾ ਨਿੱਘਾ ਸਵਾਗਤ
ਨਬਜ਼-ਏ-ਪੰਜਾਬ, ਮੁਹਾਲੀ, 21 ਅਪਰੈਲ:
ਪੰਜਾਬ ਸਰਕਾਰ ਵੱਲੋਂ ਗੁਰਿੰਦਰ ਸਿੰਘ ਸੋਢੀ ਨੂੰ ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ) ਲਗਾਇਆ ਗਿਆ। ਉਨ੍ਹਾਂ ਨੇ ਅੱਜ ਸਿੱਖਿਆ ਭਵਨ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ। ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ ਦਫ਼ਤਰ ਡਾਇਰੈਕਟਰ ਸਕੂਲ ਐਜੂਕੇਸ਼ਨ ਵੱਲੋਂ ਨਵ-ਨਿਯੁਕਤ ਡਾਇਰੈਕਟਰ ਗੁਰਿੰਦਰ ਸੋਢੀ ਦਾ ਦਫ਼ਤਰ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨ ਕੀਤਾ।
ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਰਣਜੋਧ ਸਿੰਘ ਅਤੇ ਜਨਰਲ ਸਕੱਤਰ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਮੈਂਬਰਾਂ ਨੇ ਨਵੇਂ ਡਾਇਰੈਕਟਰ ਗੁਰਿੰਦਰ ਸਿੰਘ ਸੋਢੀ ਨਾਲ ਮੁਲਾਕਾਤ ਕਰਕੇ ਵਧਾਈ ਦਿੱਤੀ ਅਤੇ ਜਥੇਬੰਦੀ ਵੱਲੋਂ ਉਨ੍ਹਾਂ ਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਡਾਇਰੈਕਟਰ ਗੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਸੌਂਪੀ ਗਈ ਨਵੀਂ ਡਿਊਟੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸਕੂਲੀ ਸਿੱਖਿਆ ਵਿੱਚ ਹੋਰ ਵਧੇਰੇ ਸੁਧਾਰ ਲਿਆਉਣ ਸਮੇਤ ਅਧਿਆਪਕਾਂ ਦੇ ਮਸਲਿਆਂ ਨੂੰ ਮਿਲ ਬੈਠ ਕੇ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ।
ਇਸ ਮੌਕੇ ਡਾਇਰੈਕਟਰ ਦੇ ਪੀਏ ਰਤਨ ਭੂਸ਼ਣ, ਮੁਲਾਜ਼ਮ ਜਥੇਬੰਦੀ ਦੀ ਕੈਸ਼ੀਅਰ ਪ੍ਰਿਆ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਗਰਗ ਤੇ ਹਰਜਿੰਦਰ ਸਿੰਘ, ਮੀਤ ਪ੍ਰਧਾਨ ਵਿਸ਼ਵ ਕੁਮਾਰ, ਸੰਗਠਨ ਸਕੱਤਰ ਓਂਕਾਰ ਸਿੰਘ, ਸੰਯੁਕਤ ਸਕੱਤਰ ਧਰਮਪਾਲ ਸਿੰਘ, ਪ੍ਰੈਸ ਸਕੱਤਰ ਸੁਖਦੀਪ ਕੌਰ, ਸਟੇਜ ਸਕੱਤਰ ਹਰਮਨਦੀਪ ਕੌਰ ਹਾਜ਼ਰ ਸਨ।