Nabaz-e-punjab.com

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਕੌਣ ਬਣੇਗਾ ਪਿਆਰੇ ਦਾ ਪਿਆਰਾ’ ਗੁਰਮਤਿ ਮੁਕਾਬਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਸਤੰਬਰ:
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਗਵਾਨ ਸਿੰਘ ਖੋਜੀ ਦੇ ਸਹਿਯੋਗ ਨਾਲ ‘ਕੌਣ ਬਣੇਗਾ ਪਿਆਰੇ ਦਾ ਪਿਆਰਾ’ ਸਿਰਲੇਖ ਅਧੀਨ ਗੁਰਮਤਿ ਮੁਕਾਬਲਾ ਕਰਵਾਇਆ ਗਿਆ। ਇਸ ਗੁਰਮਤਿ ਮੁਕਾਬਲੇ ਵਿੱਚ 485 ਬੱਚਿਆਂ ਨੇ ਭਾਗ ਲਿਆ। ਮੁਕਾਬਲੇ ਵਿੱਚ ਭਾਗ ਲੈਣ ਲਈ ਪਹਿਲਾਂ ਤੋਂ ਹੀ ਬੱਚਿਆਂ ਨੂੰ ਸਿਲੇਬਸ ਵਜੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ’ਤੇ ਆਧਾਰਿਤ 550 ਸਵਾਲਾਂ ਅਤੇ ਜਵਾਬਾਂ ’ਤੇ ਆਧਾਰਿਤ ਕਿਤਾਬ ‘ਕੌਣ ਬਣੇਗਾ ਪਿਆਰੇ ਦਾ ਪਿਆਰਾ’ ਦਿੱਤੀ ਗਈ ਸੀ। ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ, ਉਨ੍ਹਾਂ ਦੁਆਰਾ ਰਚੀ ਗਈ ਬਾਣੀ ਅਤੇ ਸਮੂਹ ਮਾਨਵਤਾ ਦੀ ਭਲਾਈ ਲਈ ਕੀਤੀਆ ਚਾਰੇ ਉਦਾਸੀਆਂ ਤੇ ਆਧਾਰਿਤ ਸੀ। ਇਸ ਉਪਰੰਤ ਸਿਲੇਬਸ ਦੇ ਆਧਾਰ ’ਤੇ ਬੱਚਿਆਂ ਦਾ ਲਿਖਤੀ ਟੈਸਟ ਲਿਆ ਗਿਆ। ਜਿਸ ’ਚੋਂ 10 ਬੱਚਿਆਂ ਦੀ ਚੋਣ ਕੀਤੀ ਗਈ। ਇਨ੍ਹਾਂ ਬੱਚਿਆਂ ਨੂੰ ਹਾਟ ਸੀਟ ’ਤੇ ਬਿਠਾ ਕੇ 13-13 ਸਵਾਲ ਪੁੱਛੇ ਗਏ। ਜਿਨ੍ਹਾਂ ’ਚੋਂ ਤਿੰਨ ਬੱਚਿਆਂ ਜਸ਼ਨਪ੍ਰੀਤ ਕੌਰ ਨੇ ਪਹਿਲਾ, ਸਾਹਿਲ ਸ਼ਰਮਾ ਨੇ ਦੂਜਾ ਅਤੇ ਜਸਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਉੱਘੇ ਸਮਾਜ ਸੇਵਕ ਭਾਈ ਸਰਵਜੀਤ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੇਤੂ ਵਿਦਿਆਰਥੀਆਂ ਅਤੇ ਮੈਰਿਟ ਵਿੱਚ ਆਉਣ ਵਾਲੇ ਬੱਚਿਆਂ ਨੂੰ ਇਨਾਮ, ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਨਾਲ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਪਾਰਟੀਸੀਪੇਸ਼ਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਭਾਈ ਸੰਦੀਪ ਸਿੰਘ ਸ਼੍ਰੋਮਣੀ ਪ੍ਰਚਾਰਕ ਸ੍ਰੀ ਅਨੰਦਪੁਰ ਸਾਹਿਬ ਵਾਲੇ, ਭਾਈ ਜਤਿੰਦਰ ਸਿੰਘ, ਸੁਖਵਿੰਦਰ ਸਿੰਘ ਨੇ ਜੱਜ ਦੀ ਸੇਵਾ ਨਿਭਾਈ ਅਤੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਭਾਈ ਹਰਜਿੰਦਰ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਬੱਚਿਆਂ ਨੂੰ ਸਿੱਖ ਇਤਿਹਾਸ, ਧਰਮ ਅਤੇ ਵਿਰਸੇ ਦੀ ਜਾਣਕਾਰੀ ਅਤੇ ਸਿੱਖੀ ਨਾਲ ਜੋੜਨ ਲਈ ਇਹੋ ਜਿਹੇ ਪ੍ਰੋਗਰਾਮ ਕਰਵਾਉਣ ਦੀ ਸਖ਼ਤ ਜ਼ਰੂਰਤ ਹੈ। ਇਸ ਮੰਤਵ ਦੀ ਪ੍ਰਾਪਤੀ ਲਈ ਆਉਣ ਵਾਲੇ ਸਮੇਂ ਵਿੱਚ ਗੁਰਦੁਆਰਾ ਸਾਹਿਬ ਵੱਲੋਂ ਸਮੇਂ ਸਮੇਂ ’ਤੇ ਪ੍ਰੋਗਰਾਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਪਤਿਤਪੁਣੇ ਤੋਂ ਬਚਾਉਣਾ ਹੈ ਤਾਂ ਜੋ ਉਹ ਚੰਗੇ ਉਸਾਰੂ ਕੰਮ ਕਰਕੇ ਸਮਾਜਿਕ ਪਰਿਵਰਤਨ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਣ।

Load More Related Articles
Load More By Nabaz-e-Punjab
Load More In General News

Check Also

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਹਰਜੀਤ ਗਰੇਵਾਲ ਸਕੱਤਰ ਤੇ ਹਰਸ਼ਰਨ …