Nabaz-e-punjab.com

ਐਸਜੀਪੀਸੀ ਵੱਲੋਂ ਪ੍ਰਕਾਸ਼ ਪੁਰਬ ਮੌਕੇ ਇਕ ਲੱਖ ਦੇਸੀ ਘੀ ਦੇ ਦੀਵੇ ਬਾਲਣਾ ਗੁਰਮਤਿ ਨਹੀਂ ਮਨਮਤ ਹੈ: ਬੀਰਦਵਿੰਦਰ ਸਿੰਘ

ਪੰਜਾਬ ਸਰਕਾਰ ਵੱਲੋਂ ਉਸਾਰੇ ਜਾ ਰਹੇ ਵਿਸ਼ਾਲ ਪੰਡਾਲ ਨੂੰ ਸਾਂਝੇ ਧਾਰਮਿਕ ਸਮਾਗਮ ਲਈ ਮਨਜ਼ੂਰ ਕਰਨ ਦੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਕਤੂਬਰ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਸ਼ ਦੀ ਖ਼ੁਸ਼ੀ ਵਿੱਚ ਐਸਜੀਪੀਸੀ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਕਰੀਬ ਇਕ ਲੱਖ ਦੇਸੀ ਘੀ ਦੇ ਦੀਵੇ ਬਾਲਣ ਦੇ ਬਿਆਨ ’ਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਦੇਸੀ ਘੀ ਦੇ ਦੀਵੇ ਬਾਲਣਾ ਗੁਰਮਤਿ ਨਹੀਂ ਬਲਕਿ ਮਨਮਤ ਹੈ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦੇ ਕੁਝ ਅਜਿਹੇ ਅਮਲ ਸਾਹਮਣੇ ਆ ਰਹੇ ਹਨ ਜੋ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਦੇ ਬਿਲਕੁਲ ਉਲਟ ਹਨ। ਮਿਸਾਲ ਦੇ ਤੌਰ ’ਤੇ ਸ੍ਰੀ ਦਰਬਾਰ ਸਾਹਿਬ ਵਿੱਚ ਇਕ ਲੱਖ ਦੇਸੀ ਘੀ ਦੇ ਦੀਵੇ ਬਾਲਣਾ, ਕਿਹੜੀ ਗੁਰਮਤਿ ਹੈ ਅਤੇ ਗੁਰੂ ਨਾਨਕ ਦੇਵ ਜੀ ਕਿਹੜੇ ਫ਼ਲਸਫ਼ੇ ਦੀ ਤਰਜਮਾਨੀ ਕਰਦਾ ਹੈ? ਜਦੋਂਕਿ ਗੁਰੂ ਸਾਹਿਬ ਨੇ ਤਾਂ ਦੁਆਰਕਾ ਪੁਰੀ ਜਾ ਕੇ ਦੀਵਿਆਂ ਦੀ ਆਰਤੀ ਦਾ ਤਰਕ ਅਤੇ ਦਲੀਲ ਨਾਲ ਵਿਰੋਧ ਕੀਤਾ ਸੀ ਅਤੇ ਇਸ ਵਹਿਮ ਅਤੇ ਪਾਖੰਡ ’ਚੋਂ ਲੋਕਾਂ ਨੂੰ ਮੁਕਤ ਹੋਣ ਦਾ ਉਪਦੇਸ਼ ਦਿੰਦੇ ਹੋਏ ਆਦਿ ਤੋਂ ਪ੍ਰਵਾਹਿਤ ਹੋ ਰਹੀ ਕੁਦਰਤ ਦੀ ਇਕ ਨਿਵੇਕਲੀ ਆਰਤੀ ਦਾ ਉਚਾਰਣ ਕਰਦੇ ਹਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਦਰਜ ਹੈ।
ਗਗਨ ਮੇ ਥਾਲ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥
ਧੂਪੁ ਮਲਆਨ ਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 663)
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਇਹ ਵਰਤਾਰਾ ਜਿੱਥੇ ਮਨਮਤ ਦੀ ਨੰਗੀ ਨੁਮਾਇਸ਼ ਹੈ, ਉੱਥੇ ਹੀ ਗੁਰੂ ਕੀ ਗੋਲਕ ਦੀ ਵੀ ਕੁਵਰਤੋਂ ਵੀ ਹੈ। ਇਸ ਤੋਂ ਇਲਾਵਾ ਜਦੋਂ ਇਕ ਲੱਖ ਦੇਸੀ ਘੀ ਦੇ ਦੀਵੇ ਸਾਰੀ ਰਾਤ ਜਗਣਗੇ ਤਾਂ ਸ੍ਰੀ ਦਰਬਾਰ ਸਾਹਿਬ ਦਾ ਸਾਰਾ ਪਵਿੱਤਰ ਵਾਤਾਵਰਨ, ਦੀਵਿਆਂ ਦੇ ਧੰੂਏਂ ਨਾਲ ਪ੍ਰਦੂਸ਼ਿਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਕੀ ਗੋਲਕ, ਸਿੱਖ ਸੰਗਤਾਂ ਦੇ ਸ਼ਰਧਾ ਪੂਰਵਕ ਦਸਵੰਧ ਅਤੇ ਤਿਲ-ਫੁਲ ਭੇਟਾਵਾਂ ਨਾਲ ਭਰਪੂਰ ਹੁੰਦੀ ਹੈ, ਉਸ ਨੂੰ ਬੇਦਰਦੀ ਅਤੇ ਬੇਸਮਝੀ ਨਾਲ ਅੰਝਾਈ ਗਵਾਉਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਅਤੇ ਸਿੱਖ ਧਰਮ ਦੀ ਫ਼ਿਲਾਸਫ਼ੀ ਵਿੱਚ ਅਜਿਹੇ ਬੇਸਮਝ ਅਤੇ ਬਿਪਰ ਵਰਤਾਰਿਆਂ ਲਈ ਕੋਈ ਥਾਂ ਨਹੀਂ ਹੈ। ਲਿਹਾਜ਼ਾ ਗੁਰੂ ਕੀ ਗੋਲਕ ਦੀ ਅਜਿਹੀ ਦੁਰਵਰਤੋਂ ਕਤਈ ਸ਼ੋਭਾ ਨਹੀਂ ਦਿੰਦੀ।
ਬੀਰਦਵਿੰਦਰ ਸਿੰਘ ਨੇ ਕਿਹਾ ਕਿ ਮੇਰੀ ਜਾਚੇ ਐਸਜੀਪੀਸੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਸੁਲਤਾਨਪੁਰ ਲੋਧੀ ਦੇ ਅਸਥਾਨ ’ਤੇ ਪੰਡਾਲ ਸਜਾਉਣ ਲਈ ਨੋਇਡਾ ਦੀ ਕਿਸੇ ਪ੍ਰਾਈਵੇਟ ਕੰਪਨੀ ਨੂੰ 12 ਕਰੋੜ ਰੁਪਏ ਦਾ ਠੇਕਾ ਦੇਣਾ ਵੀ ਫਜ਼ੂਲ ਖ਼ਰਚੀ ਹੈ। ਇਹ ਵੀ ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਗੁਰੂ ਕੀ ਗੋਲਕ ’ਚੋਂ ਕੇਵਲ ਪੰਡਾਲ ਸਜਾਉਣ ਲਈ 12 ਕਰੋੜ ਦਾ ਵੱਡਾ ਠੇਕਾ ਦੇਣ ਲਈ। ਇਕ ਖ਼ਾਸ ਪਰਿਵਾਰ ਦੇ ਸਮਰਥਕ ਬੰਦਿਆਂ ਨੇ ਕਮਿਸ਼ਨ ਦੀ ਮੋਟੀ ਰਾਸ਼ੀ ਪੇਸ਼ਗੀ ਵਸੂਲ ਕੀਤੀ ਹੈ। ਇਸ ਲਈ ਵੱਖਰਾ ਪੰਡਾਲ ਸਜਾਉਣਾ ਹੁਣ ਐਸਜੀਪੀਸੀ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ। ਖ਼ਾਸ ਕਰ ਉਸ ਵੇਲੇ ਜਦੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਭੇਜ ਕੇ ਸਾਰੀ ਗੱਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਦਾਨਾਈ ’ਤੇ ਛੱਡ ਦਿੱਤੀ ਹੈ ਤਾਂ ਐਸਜੀਪੀਸੀ ਨੂੰ ਗੁਰੂ ਕੀ ਗੋਲਕ ਦੀ ਇਹ ਸਾਰੀ ਰਕਮ ਸਿੱਖ ਸਾਹਿਤ ਦੀ ਰਚਨਾ ਜਾਂ ਕਿਸੇ ਵੀ ਹੋਰ ਸਦੀਵੀ ਪ੍ਰਾਜੈਕਟ ’ਤੇ ਖ਼ਰਚ ਕਰਨੀ ਚਾਹੀਦੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਉਸਾਰੇ ਜਾ ਰਹੇ ਵਿਸ਼ਾਲ ਪੰਡਾਲ ਨੂੰ ਸਾਂਝੇ ਧਾਰਮਿਕ ਸਮਾਗਮ ਲਈ ਮਨਜ਼ੂਰ ਕਰ ਲੈਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …